ਗੁਰਦੁਆਰਾ ਰਾਠੀਕੇ ਸਾਹਿਬ ਮਰਹਾਣਾ ’ਚ 12 ਨੂੰ ਹੋਣਗੇ ਦਸਤਾਰ, ਦੁਮਾਲਾ, ਗੁਰਬਾਣੀ ਕੰਠ ਤੇ ਕਵਿਤਾ ਮੁਕਾਬਲੇ ਗੁਰਦੁਆਰਾ ਰਾਠੀਕੇ ਸਾਹਿਬ ਮਰਹਾਣਾ ’ਚ 12 ਨੂੰ ਹੋਣਗੇ ਦਸਤਾਰ, ਦੁਮਾਲਾ, ਗੁਰਬਾਣੀ ਕੰਠ ਤੇ ਕਵਿਤਾ ਮੁਕਾਬਲੇ
Publish Date: Tue, 10 Nov 2026 07:32 PM (IST)
Updated Date: Tue, 10 Nov 2026 07:36 PM (IST)
ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਸ਼ਹੀਦ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈੱਲਫੇਅਰ ਸੁਸਾਇਟੀ ਪੰਜਾਬ ਵੱਲੋਂ ਬਾਬਾ ਰਤਨ ਦੇਵ ਜੀ ਦੀ ਸਾਲਾਨਾ ਯਾਦ ਨੂੰ ਸਮਰਪਿਤ ਬੱਚਿਆਂ ਦੇ ਦਸਤਾਰ, ਦੁਮਾਲਾ, ਗੁਰਬਾਣੀ ਕੰਠ ਅਤੇ ਕਵਿਤਾ ਮੁਕਾਬਲੇ 12 ਨਵੰਬਰ ਨੂੰ ਗੁਰਦੁਆਰਾ ਰਾਠੀਕੇ ਸਾਹਿਬ, ਪਿੰਡ ਮਰਹਾਣਾ ਵਿਖੇ ਕਰਵਾਏ ਜਾ ਰਹੇ ਹਨ। ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਚਾਰਕਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਅਹਿਮਦਪੁਰ ਅਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਦਸਤਾਰ ਅਤੇ ਦੁਮਾਲਾ ਮੁਕਾਬਲਿਆਂ ’ਚ ਚੌਥੀ ਤੋਂ ਬਾਰ੍ਹਵੀਂ ਜਮਾਤ ਤਕ ਦੇ ਲੜਕੇ ਅਤੇ ਲੜਕੀਆਂ ਹਿੱਸਾ ਲੈ ਸਕਦੇ ਹਨ, ਜਦਕਿ ਗੁਰਬਾਣੀ ਕੰਠ ਅਤੇ ਕਵਿਤਾ ਮੁਕਾਬਲਿਆਂ ਲਈ ਛੇਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀ ਯੋਗ ਹੋਣਗੇ। ਹਰੇਕ ਮੁਕਾਬਲੇ ’ਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸ਼ਾਨਦਾਰ ਸ਼ੀਲਡਾਂ ਅਤੇ ਬਾਕੀ ਭਾਗੀਦਾਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਬੱਚਿਆਂ ਨੂੰ ਲੈ ਕੇ ਆਉਣ ਵਾਲੇ ਅਧਿਆਪਕਾਂ ਅਤੇ ਹੋਰ ਸ਼ਖ਼ਸੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਥ ਦੇ ਉੱਚ ਕੋਟੀ ਦੇ ਪ੍ਰਚਾਰਕ ਭਾਈ ਪਰਮਪਾਲ ਸਿੰਘ ਸਭਰਾ, ਭਾਈ ਗੁਰਜਿੰਦਰ ਸਿੰਘ ਚੰਬਾ, ਭਾਈ ਜੋਗਾ ਸਿੰਘ, ਭਾਈ ਤਸਬੀਰ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ ਬੱਚਿਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਸੁਸਾਇਟੀ ਦੇ ਅਹੁਦੇਦਾਰਾਂ ਨੇ ਇਲਾਕੇ ਦੇ ਸਮੂਹ ਸਕੂਲਾਂ ਦੇ ਪ੍ਰਬੰਧਕਾਂ, ਅਧਿਆਪਕਾਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਸਮੇਤ ਇਨ੍ਹਾਂ ਮੁਕਾਬਲਿਆਂ ’ਚ ਸ਼ਮੂਲੀਅਤ ਕਰਵਾਉਣ ਤਾਂ ਜੋ ਨਵੀਂ ਪੀੜ੍ਹੀ ਨੂੰ ਸਿੱਖੀ ਸਰੂਪ, ਗੁਰਬਾਣੀ ਅਤੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ।