ਵਿਸ਼ਵਕਰਮਾ ਭਵਨ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਭਗਵਾਨ ਵਿਸ਼ਵਕਰਮਾ ਜੀ ਦਾ ਪੂਜਾ ਦਿਹਾੜਾ ਵਿਸ਼ਵਕਰਮਾ ਭਵਨ ਪੱਟੀ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਭਗਵਾਨ ਵਿਸ਼ਵਕਰਮਾ ਜੀ ਦਾ ਪੂਜਾ ਦਿਹਾੜਾ
Publish Date: Tue, 10 Nov 2026 05:23 PM (IST)
Updated Date: Tue, 10 Nov 2026 05:27 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਸਥਾਨਕ ਵਿਸ਼ਵਕਰਮਾ ਭਵਨ ਵਿਖੇ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਪੂਜਾ ਦਿਹਾੜਾ ਬਾਬਾ ਵਿਸ਼ਵਕਰਮਾ ਇਮਾਰਤੀ ਮਜ਼ਦੂਰ ਯੂਨੀਅਨ ਅਤੇ ਵਿਸ਼ਵਕਰਮਾ ਕਾਰਪੇਂਟਰ ਯੂਨੀਅਨ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ, ਮਜ਼ਦੂਰਾਂ ਅਤੇ ਕਾਰੀਗਰਾਂ ਨੇ ਹਾਜ਼ਰੀ ਭਰ ਕੇ ਭਗਵਾਨ ਵਿਸ਼ਵਕਰਮਾ ਜੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਉਪਰੰਤ ਪਾਠ ਦੇ ਭੋਗ ਪਾਏ ਗਏ। ਭਾਈ ਮਨਪ੍ਰੀਤ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ, ਜਿਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਦੋਵਾਂ ਜਥੇਬੰਦੀਆਂ ਦੀ ਨਵੀਂ ਅਗਵਾਈ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ। ਇਸ ਦੌਰਾਨ ਠੇਕੇਦਾਰ ਸੁਖਦੇਵ ਸਿੰਘ ਨੂੰ ਬਾਬਾ ਵਿਸ਼ਵਕਰਮਾ ਇਮਾਰਤੀ ਮਜ਼ਦੂਰ ਯੂਨੀਅਨ ਅਤੇ ਪਲਵਿੰਦਰ ਸਿੰਘ ਨੂੰ ਬਾਬਾ ਵਿਸ਼ਵਕਰਮਾ ਕਾਰਪੇਂਟਰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ। ਨਵੇਂ ਚੁਣੇ ਗਏ ਪ੍ਰਧਾਨਾਂ ਨੂੰ ਦੋਵਾਂ ਯੂਨੀਅਨਾਂ ਦੇ ਮੈਂਬਰਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਸ੍ਰਿਸ਼ਟੀ ਦੇ ਪਹਿਲੇ ਸ਼ਿਲਪਕਾਰ ਅਤੇ ਨਿਰਮਾਣ ਕਲਾ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਯਾਦ ’ਚ ਹਰ ਸਾਲ ਵਿਸ਼ਵ ਭਰ ਵਿਚ ਸ਼ਰਧਾ ਨਾਲ ਪੂਜਾ ਦਿਹਾੜਾ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਮਾਰਤਾਂ ਬਣਾਉਣ ਵਾਲੇ ਮਜ਼ਦੂਰਾਂ, ਲੱਕੜ ਦਾ ਕੰਮ ਕਰਨ ਵਾਲੇ ਕਾਰੀਗਰਾਂ, ਲੁਹਾਰਾਂ, ਮਿਸਤਰੀਆਂ ਅਤੇ ਹੋਰ ਮਿਹਨਤਕਸ਼ ਲੋਕਾਂ ਦਾ ਸਮਾਜ ਦੀ ਤਰੱਕੀ ’ਚ ਅਹਿਮ ਯੋਗਦਾਨ ਹੈ। ਇਨ੍ਹਾਂ ਕਿਰਤੀਆਂ ਦੀ ਮਿਹਨਤ ਸਦਕਾ ਹੀ ਪਿੰਡਾਂ, ਸ਼ਹਿਰਾਂ ਅਤੇ ਦੇਸ਼ ਦਾ ਵਿਕਾਸ ਸੰਭਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦਾ ਪੂਜਾ ਦਿਹਾੜਾ ਸਿਰਫ਼ ਧਾਰਮਿਕ ਸ਼ਰਧਾ ਦਾ ਪ੍ਰਤੀਕ ਹੀ ਨਹੀਂ, ਸਗੋਂ ਕਿਰਤੀਆਂ ਦੇ ਸਨਮਾਨ, ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਵੀ ਦਿੰਦਾ ਹੈ। ਨਵੇਂ ਚੁਣੇ ਗਏ ਪ੍ਰਧਾਨਾਂ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇਗੀ। ਮਜ਼ਦੂਰਾਂ ਅਤੇ ਕਾਰੀਗਰਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਸ ਮੌਕੇ ਰਾਜਪ੍ਰੀਤ ਸਿੰਘ ਸੱਗੂ ਕੌਂਸਲਰ, ਗੁਰਚਰਨ ਸਿੰਘ ਚੰਨ ਪ੍ਰਧਾਨ, ਕੰਵਲਪ੍ਰੀਤ ਸਿੰਘ ਗਿੱਲ, ਗੁਰਮੀਤ ਸਿੰਘ, ਤਰਸੇਮ ਸਿੰਘ, ਠੇਕੇਦਾਰ ਸਤਨਾਮ ਸਿੰਘ, ਕੁਲਦੀਪ ਸਿੰਘ ਗਾਬੜੀਆ, ਸੁਖਵਿੰਦਰ ਸਿੰਘ ਘਰਿਆਲਾ, ਸਲਵਿੰਦਰ ਸਿੰਘ ਵਿਰਦੀ, ਠੇਕੇਦਾਰ ਗੁਰਪ੍ਰੀਤ ਸਿੰਘ, ਠੇਕੇਦਾਰ ਨਿਰਵੈਰ ਸਿੰਘ, ਠੇਕੇਦਾਰ ਸਰਬਜੀਤ ਸਿੰਘ, ਠੇਕੇਦਾਰ ਇੰਦਰਜੀਤ ਸਿੰਘ, ਠੇਕੇਦਾਰ ਸਲਵਿੰਦਰ ਸਿੰਘ, ਮਹਿੰਦਰ ਸਿੰਘ, ਜਤਿੰਦਰ ਸਿੰਘ ਹੈਪੀ, ਸ਼ਵਿੰਦਰ ਸਿੰਘ, ਭਗਵੰਤ ਸਿੰਘ, ਬਲਦੇਵ ਸਿੰਘ, ਰਾਜਵਿੰਦਰ ਸਿੰਘ, ਰਣਜੋਤ ਸਿੰਘ, ਫਤਿਹ ਸਿੰਘ, ਹਰਦੀਪ ਸਿੰਘ, ਕਰਤਾਰ ਸਿੰਘ ਮਨਾਵਾਂ, ਸੱਗੂ ਬੈਲ ਸਿੰਘ, ਬਲਦੇਵ ਸਿੰਘ ਜੋਧਾ, ਸੰਦੀਪ ਸਿੰਘ, ਦਰਸ਼ਨ ਸਿੰਘ, ਤਰਸੇਮ ਸਿੰਘ ਬੁਰਜ, ਮੰਗਲ ਸਿੰਘ, ਸੁਖਬੀਰ ਸਿੰਘ, ਕਰਨ ਸਿੰਘ, ਰਜਿੰਦਰ ਸਿੰਘ ਕਾਕਾ, ਗੁਰਵਿੰਦਰ ਸਿੰਘ, ਲਖਬੀਰ ਸਿੰਘ ਸੋਖੀ, ਜਤਿੰਦਰ ਸਿੰਘ ਬਾਊ, ਸਰਬਜੀਤ ਸਿੰਘ ਸੋਖੀ, ਪਵਨਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ, ਗੁਰਮੁਖ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਸਰਜੀਤ ਸਿੰਘ, ਭਗਵਾਨ ਸਿੰਘ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ’ਚ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ।