- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢਿੱਲੋਂ ਫੈਬਰੀਕੇਸ਼ਨ ’ਚ ਸ਼ਰਧਾ ਨਾਲ ਮਨਾਇਆ ਬਾਬਾ ਵਿਸ਼ਵਕਰਮਾ ਜੀ ਦਾ ਪੂਜਾ ਦਿਹਾੜਾ

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੱਟੀ ਸਥਾਨਕ ਲਾਹੌਰ ਰੋਡ ਸਥਿਤ ਢਿੱਲੋਂ ਫੈਬਰੀਕੇਸ਼ਨ ਵਿਖੇ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦੇ ਪੂਜਾ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਫੈਬਰੀਕੇਸ਼ਨ ਦੇ ਸਮੂਹ ਕਾਰੀਗਰਾਂ ਅਤੇ ਮਜ਼ਦੂਰਾਂ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਗਈ ਅਤੇ ਕੰਮਕਾਜ ’ਚ ਤਰੱਕੀ, ਖੁਸ਼ਹਾਲੀ ਤੇ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਦਸਤਕਾਰੀ ਅਤੇ ਨਿਰਮਾਣ ਕਲਾ ਦਾ ਮੋਢੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਕੋਲ ਕੋਈ ਨਾ ਕੋਈ ਹੱਥ ਦਾ ਹੁਨਰ ਅਤੇ ਦਸਤਕਾਰੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਹੁਨਰਮੰਦ ਵਿਅਕਤੀ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿਚ ਹਰੇਕ ਕਾਰੀਗਰ ਅਤੇ ਮਜ਼ਦੂਰ ਦਾ ਵੱਡਾ ਯੋਗਦਾਨ ਹੈ। ਇਮਾਰਤਾਂ ਦੀ ਉਸਾਰੀ ਤੋਂ ਲੈ ਕੇ ਲੋਹੇ, ਲੱਕੜ ਅਤੇ ਹੋਰ ਵਸਤਾਂ ਦੀ ਤਿਆਰੀ ਤਕ ਕਾਰੀਗਰ ਆਪਣੀ ਮਿਹਨਤ ਅਤੇ ਹੁਨਰ ਨਾਲ ਸਮਾਜ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਇਨ੍ਹਾਂ ਮਿਹਨਤਕਸ਼ ਲੋਕਾਂ ਦੀ ਬਦੌਲਤ ਹੀ ਉਦਯੋਗ ਅਤੇ ਕਾਰੋਬਾਰ ਅੱਗੇ ਵਧਦੇ ਹਨ। ਇਸ ਲਈ ਸਾਨੂੰ ਮਜ਼ਦੂਰਾਂ ਅਤੇ ਕਾਰੀਗਰਾਂ ਦੀ ਮਿਹਨਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ-ਨਾਲ ਕੋਈ ਕਿੱਤਾਮੁਖੀ ਸਿਖਲਾਈ ਅਤੇ ਦਸਤਕਾਰੀ ਦਾ ਹੁਨਰ ਜ਼ਰੂਰ ਸਿੱਖਣ, ਤਾਂ ਜੋ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਪੂਜਾ ਦਿਹਾੜਾ ਸਾਨੂੰ ਮਿਹਨਤ, ਲਗਨ ਅਤੇ ਆਪਣੇ ਕੰਮ ਪ੍ਰਤੀ ਸਮਰਪਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਕਰਨਦੀਪ ਸਿੰਘ, ਗੁਰਜੀਤ ਸਿੰਘ, ਸੂਰਜ ਸਿੰਘ, ਪਵਨ ਕੁਮਾਰ, ਧਰਮਪਾਲ, ਸੋਨੂੰ, ਦਲੇਰ ਸਿੰਘ, ਅਜੇ ਕੁਮਾਰ, ਦਵਿੰਦਰ ਪਾਲ, ਅਕਸ਼ੇ ਕੁਮਾਰ, ਕਾਮਰੇਡ ਸੁਖਦੇਵ ਸਿੰਘ, ਟਿੰਕੂ, ਕਰਨਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ।