ਪੱਟੀ ਹਲਕੇ ’ਚ ਵਿਕਾਸ ਤੋਂ ਵੱਧ ਜ਼ਰੂਰੀ ਲੋਕਾਂ ਦੇ ਪੁੱਤ ਬਚਾਉਣੇ : ਹਰਪ੍ਰੀਤ ਸਿੰਘ ਸੰਧੂ ਪੱਟੀ ਹਲਕੇ ’ਚ ਵਿਕਾਸ ਤੋਂ ਵੱਧ ਜ਼ਰੂਰੀ ਲੋਕਾਂ ਦੇ ਪੁੱਤ ਬਚਾਉਣੇ : ਹਰਪ੍ਰੀਤ ਸਿੰਘ ਸੰਧੂ
Publish Date: Tue, 10 Nov 2026 05:08 PM (IST)
Updated Date: Tue, 10 Nov 2026 05:12 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪੱਟੀ ਹਲਕੇ ’ਚ ਵਿਕਾਸ ਦੇ ਕੰਮਾਂ ਦੀ ਗੱਲ ਕਰਨ ਤੋਂ ਪਹਿਲਾਂ ਸਭ ਤੋਂ ਵੱਡੀ ਲੋੜ ਚਿੱਟੇ ਅਤੇ ਹੋਰ ਨਸ਼ਿਆਂ ਦੇ ਫੈਲਾਅ ਨੂੰ ਰੋਕਣ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਦੀ ਹੈ। ਜੇਕਰ ਸਾਡੇ ਨੌਜਵਾਨ ਹੀ ਨਸ਼ਿਆਂ ਦੀ ਭੇਟ ਚੜ੍ਹਦੇ ਰਹੇ ਤਾਂ ਸੜਕਾਂ, ਗਲੀਆਂ, ਇਮਾਰਤਾਂ ਅਤੇ ਹੋਰ ਵਿਕਾਸ ਕਾਰਜਾਂ ਦਾ ਕੀ ਲਾਭ ਹੋਵੇਗਾ। ਸਭ ਤੋਂ ਪਹਿਲਾਂ ਸਾਨੂੰ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਬਣਾਉਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਨੇ ਪੱਟੀ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਪੱਟੀ ਹਲਕੇ ਦੇ ਮੌਜੂਦਾ ਹਾਲਾਤ ਬੇਹੱਦ ਚਿੰਤਾਜਨਕ ਹਨ। ਲੋਕਾਂ ਨੂੰ ਆਪਣੇ ਪੁੱਤਾਂ ਦੀ ਸੁਰੱਖਿਆ ਲਈ ਚਿੰਤਤ ਰਹਿਣਾ ਪੈ ਰਿਹਾ ਹੈ। ਜਦੋਂ ਘਰ ਦਾ ਕੋਈ ਨੌਜਵਾਨ ਕੰਮਕਾਰ ਜਾਂ ਕਿਸੇ ਹੋਰ ਲੋੜ ਲਈ ਘਰੋਂ ਬਾਹਰ ਜਾਂਦਾ ਹੈ ਤਾਂ ਮਾਪਿਆਂ ਦੀਆਂ ਨਜ਼ਰਾਂ ਉਸ ਦੀ ਵਾਪਸੀ ਵੱਲ ਲੱਗੀਆਂ ਰਹਿੰਦੀਆਂ ਹਨ। ਜਦੋਂ ਤਕ ਪੁੱਤ ਸਹੀ-ਸਲਾਮਤ ਘਰ ਨਹੀਂ ਪਹੁੰਚਦਾ, ਉਦੋਂ ਤਕ ਮਾਪੇ ਬੇਚੈਨ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਸਮਾਜ ਲਈ ਬਹੁਤ ਮਾੜੀ ਸਥਿਤੀ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਅਤੇ ਸੁਰੱਖਿਆ ਨੂੰ ਲੈ ਕੇ ਹਰ ਸਮੇਂ ਡਰ ਬਣਿਆ ਰਹੇ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਮੌਤ ਦਾ ਖੌਫ ਅਤੇ ਅਪਰਾਧਿਕ ਘਟਨਾਵਾਂ ਦਾ ਡਰ ਲੋਕਾਂ ਦੇ ਮਨਾਂ ’ਚ ਦਹਿਸ਼ਤ ਪੈਦਾ ਕਰ ਰਿਹਾ ਹੈ। ਸਵਾਲ ਇਹ ਹੈ ਕਿ ਕਿਸੇ ਇਲਾਕੇ ਦੇ ਹਾਲਾਤ ਕਿਨ੍ਹੇਂ ਗੰਭੀਰ ਹੋ ਸਕਦੇ ਹਨ, ਜਿੱਥੇ ਮਾਪਿਆਂ ਨੂੰ ਆਪਣੇ ਜਵਾਨ ਪੁੱਤਾਂ ਦੀ ਸੁਰੱਖਿਆ ਲਈ ਚਿੰਤਾ ’ਚ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਪੱਟੀ ਦੇ ਲੋਕ ਪਹਿਲਾਂ ਵੀ ਕਾਲੇ ਦੌਰ ਦਾ ਸੰਤਾਪ ਹੰਢਾ ਚੁੱਕੇ ਹਨ। ਉਸ ਸਮੇਂ ਮਾਪਿਆਂ ਨੂੰ ਆਪਣੇ ਪੁੱਤਾਂ ਨੂੰ ਪੁਲਿਸ ਦੀ ਕਾਰਵਾਈ ਤੋਂ ਬਚਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਅੱਜ ਨਸ਼ਿਆਂ ਦਾ ਕਹਿਰ ਨੌਜਵਾਨਾਂ ਦੀ ਜ਼ਿੰਦਗੀ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਪੱਟੀ ਹਲਕੇ ਦੇ ਹਰ ਜਾਗਰੂਕ ਨਾਗਰਿਕ ਦੇ ਮਨ ’ਚ ਇਹ ਸਵਾਲ ਹੈ ਕਿ ਇਸ ਦਹਿਸ਼ਤ ਅਤੇ ਨਸ਼ਿਆਂ ਦੇ ਮਾਹੌਲ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ। ਸਿਆਸੀ ਆਗੂਆਂ ਦੀ ਜ਼ਿੰਮੇਵਾਰੀ ਸਿਰਫ਼ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਜਾਂ ਆਪਣੇ ਕੰਮਾਂ ਦੀਆਂ ਸੂਚੀਆਂ ਗਿਣਾਉਣ ਤਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਵੀ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ। - 1947 ਤੋਂ ਬਾਅਦ ਦੇ ਸਿਆਸੀ ਆਗੂਆਂ ਦੇ ਕੰਮਾਂ ਦਾ ਲੇਖਾ-ਜੋਖਾ ਜਨਤਕ ਕਰਨ ਦੀ ਗੱਲ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਪੱਟੀ ਹਲਕੇ ਦੇ ਸਿਆਸੀ ਇਤਿਹਾਸ ਨੂੰ ਲੋਕਾਂ ਸਾਹਮਣੇ ਰੱਖਣਾ ਚਾਹੁੰਦੇ ਹਨ। 1947 ਤੋਂ ਬਾਅਦ ਹਲਕੇ ਦੀ ਰਾਜਨੀਤੀ ’ਚ ਵੱਖ-ਵੱਖ ਸਮੇਂ ਦੌਰਾਨ ਸੱਤਾ ਵਿਚ ਰਹੇ ਆਗੂਆਂ ਵੱਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਜਨਤਕ ਕੀਤਾ ਜਾਵੇਗਾ, ਤਾਂ ਜੋ ਲੋਕ ਖੁਦ ਫ਼ੈਸਲਾ ਕਰ ਸਕਣ ਕਿ ਕਿਸ ਆਗੂ ਨੇ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੀ ਯੋਗਦਾਨ ਪਾਇਆ ਹੈ। ਉਨ੍ਹਾਂ ਜਥੇਦਾਰ ਨਿਰੰਜਨ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਰੁਤਬਾ ਅੱਜ ਵੀ ਸਤਿਕਾਰਯੋਗ ਹੈ। ਉਨ੍ਹਾਂ ਵੱਲੋਂ ਕੀਤੇ ਗਏ ਕੰਮ ਲੋਕਾਂ ਲਈ ਰੋਜ਼ੀ-ਰੋਟੀ ਦੇ ਸਾਧਨ ਪੈਦਾ ਕਰਨ ਵਾਲੇ ਸਾਬਿਤ ਹੋਏ। ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਦੀ ਅਸਲ ਪਛਾਣ ਉਸ ਵੱਲੋਂ ਕੀਤੇ ਗਏ ਕੰਮਾਂ ਨਾਲ ਹੁੰਦੀ ਹੈ, ਨਾ ਕਿ ਸਿਰਫ਼ ਅਹੁਦੇ ਅਤੇ ਰਾਜਨੀਤਿਕ ਪ੍ਰਭਾਵ ਨਾਲ। ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਕਾਰਜਕਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੱਟੀ ਨੂੰ ਜੇਲ੍ਹ ਦੀ ਸਹੂਲਤ ਦੇਣਾ ਉਨ੍ਹਾਂ ਦੇ ਕੰਮਾਂ ’ਚ ਸ਼ਾਮਲ ਹੈ। ਪਰ ਇਲਾਕੇ ਲਈ ਇਹ ਸਵਾਲ ਅੱਜ ਵੀ ਬਣਿਆ ਹੋਇਆ ਹੈ ਕਿ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਨੇ ਪੱਟੀ ’ਚ ਯੂਨੀਵਰਸਿਟੀ ਦੀ ਸਥਾਪਨਾ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਕੈਰੋਂ ਨੇ ਪਟਿਆਲਾ ਨੇੜੇ ਇੱਕ ਛੋਟੇ ਜਿਹੇ ਪਿੰਡ ਵਿਚ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕਰਵਾ ਕੇ ਉਸ ਨੂੰ ਵਿਸ਼ਵ ਪੱਧਰ ’ਤੇ ਪਛਾਣ ਦਿਵਾਈ। ਜੇਕਰ ਇਸੇ ਤਰ੍ਹਾਂ ਦੀ ਉੱਚ ਵਿੱਦਿਅਕ ਸੰਸਥਾ ਪੱਟੀ ’ਚ ਸਥਾਪਿਤ ਕੀਤੀ ਜਾਂਦੀ ਤਾਂ ਇਲਾਕੇ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲ ਸਕਦਾ ਸੀ। ਉਨ੍ਹਾਂ ਕਿਹਾ ਕਿ ਪੱਟੀ ਹਲਕੇ ’ਚ ਉੱਚ ਵਿੱਦਿਆ ਦੇ ਮੌਕੇ ਪੈਦਾ ਕਰਨ ਦੇ ਮਾਮਲੇ ਵਿਚ ਵੀ ਲੰਮਾ ਸਮਾਂ ਉਡੀਕ ਕਰਨੀ ਪਈ ਹੈ। ਸਿਆਸਤਦਾਨਾਂ ਨੂੰ ਇਲਾਕੇ ਦੇ ਬੱਚਿਆਂ ਦੇ ਭਵਿੱਖ ਨੂੰ ਧਿਆਨ ’ਚ ਰੱਖ ਕੇ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਸਨ, ਤਾਂ ਜੋ ਨੌਜਵਾਨਾਂ ਨੂੰ ਉੱਚ ਸਿੱਖਿਆ ਅਤੇ ਰੁਜ਼ਗਾਰ ਲਈ ਦੂਰ-ਦੁਰਾਡੇ ਨਾ ਜਾਣਾ ਪਵੇ। - ਲਾਅ ਯੂਨੀਵਰਸਿਟੀ ਦੇ ਮੁੱਦੇ ਤੋਂ ਲੈ ਕੇ ਨਸ਼ਾ ਮੁਕਤੀ ਤਕ ਸਰਕਾਰਾਂ ਨੂੰ ਘੇਰਿਆ ਹਰਪ੍ਰੀਤ ਸਿੰਘ ਸੰਧੂ ਨੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਪੱਟੀ ਹਲਕੇ ਵਿੱਚ ਲਾਅ ਯੂਨੀਵਰਸਿਟੀ ਦੀ ਸਥਾਪਨਾ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਲੈ ਕੇ ਵੀ ਵਿਵਾਦ ਪੈਦਾ ਹੋਇਆ ਸੀ। ਉਨ੍ਹਾਂ ਦੇ ਦੋਸ਼ ਅਨੁਸਾਰ ਪ੍ਰਤਾਪ ਸਿੰਘ ਕੈਰੋਂ ਵੱਲੋਂ ਇਸ ਨੂੰ ਰੁਕਵਾਉਣ ਲਈ ਹਾਈਕੋਰਟ ਤਕ ਪਹੁੰਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿਚ ਯੂਨੀਵਰਸਿਟੀ ਦਾ ਕੰਮ ਸ਼ੁਰੂ ਹੋਇਆ ਅਤੇ ਵਿਦਿਆਰਥੀਆਂ ਦੇ ਦਾਖਲੇ ਵੀ ਹੋਏ, ਪਰ ਲਾਲਜੀਤ ਸਿੰਘ ਭੁੱਲਰ ਇਮਾਰਤ ਦੀ ਉਸਾਰੀ ਲਈ ਲੋੜੀਂਦੇ ਫੰਡ ਲਿਆਉਣ ’ਚ ਸਫ਼ਲ ਨਹੀਂ ਹੋ ਸਕੇ। ਇਸ ਕਾਰਨ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੱਟੀ ਹਲਕੇ ਦੇ ਪਿਛਲੇ ਸਾਰੇ ਸਿਆਸੀ ਇਤਿਹਾਸ ਦਾ ਮੁਲਾਂਕਣ ਕੀਤਾ ਜਾਵੇ ਤਾਂ ਨਸ਼ਾ ਮੁਕਤੀ ਦੇ ਖੇਤਰ ਵਿਚ ਲਗਾਤਾਰ ਅਤੇ ਸੁਚੱਜੇ ਢੰਗ ਨਾਲ ਕੰਮ ਕਰਨ ਦੀ ਵੱਡੀ ਘਾਟ ਨਜ਼ਰ ਆਉਂਦੀ ਹੈ। ਨਸ਼ਿਆਂ ਦੀ ਰੋਕਥਾਮ ਲਈ ਸਿਰਫ਼ ਐਲਾਨ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਇਸ ਲਈ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ, ਨਸ਼ੇ ਦੀ ਲਤ ਦਾ ਸ਼ਿਕਾਰ ਹੋਏ ਨੌਜਵਾਨਾਂ ਦਾ ਇਲਾਜ, ਮੁੜ ਵਸੇਬੇ ਦੇ ਪ੍ਰਬੰਧ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪੱਟੀ ਹਲਕੇ ਨੂੰ ਇਸ ਸਮੇਂ ਵੱਡੀਆਂ ਇਮਾਰਤਾਂ ਅਤੇ ਵਿਕਾਸ ਦੇ ਦਾਅਵਿਆਂ ਤੋਂ ਪਹਿਲਾਂ ਨਸ਼ਾ ਮੁਕਤੀ ਦੀ ਲੋੜ ਹੈ। ਲੋਕਾਂ ਨੂੰ ਮੌਤ ਦੇ ਡਰ, ਕਤਲ ਅਤੇ ਅਪਰਾਧਿਕ ਘਟਨਾਵਾਂ ਦੀ ਦਹਿਸ਼ਤ ਤੋਂ ਮੁਕਤ ਕਰਨਾ ਸਮੇਂ ਦੀ ਮੁੱਖ ਮੰਗ ਹੈ। ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸੇ ਵੀ ਹਲਕੇ ਦਾ ਅਸਲ ਵਿਕਾਸ ਉਦੋਂ ਹੀ ਮੰਨਿਆ ਜਾ ਸਕਦਾ ਹੈ, ਜਦੋਂ ਉੱਥੋਂ ਦੇ ਨੌਜਵਾਨ ਸੁਰੱਖਿਅਤ ਹੋਣ, ਮਾਪੇ ਬਿਨਾਂ ਕਿਸੇ ਡਰ ਦੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਭੇਜ ਸਕਣ ਅਤੇ ਹਰ ਪਰਿਵਾਰ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਆਸ ਹੋਵੇ। ਇਸ ਲਈ ਪੱਟੀ ਹਲਕੇ ਦੀ ਪਹਿਲੀ ਤਰਜੀਹ ਨਸ਼ਿਆਂ ਦਾ ਖਾਤਮਾ, ਨੌਜਵਾਨਾਂ ਦੀਆਂ ਜਾਨਾਂ ਦੀ ਰਾਖੀ ਅਤੇ ਅਮਨ-ਕਾਨੂੰਨ ਦੀ ਮਜ਼ਬੂਤੀ ਹੋਣੀ ਚਾਹੀਦੀ ਹੈ। ਇਸ ਮੌਕੇ ਗੁਰਬੀਰ ਸਿੰਘ ਗਲੈਡੀ ਮੰਡ, ਚਮਨ ਲਾਲ ਅਰੋੜਾ, ਅਜ਼ੀਤ ਪੁਰੀ, ਹਰਦਿਆਲ ਸਿੰਘ ਦਦੇਹਰ ਸਾਹਿਬ, ਮੋਹਿਤ ਪੁਰੀ ਹਰੀਕੇ, ਹਰੀਸ਼ ਸੂਦ, ਵਿਨੋਦ ਧਵਨ, ਹਰਪ੍ਰੀਤ ਸਿੰਘ, ਅਮਨ ਸਿੰਘ, ਬਾਜ਼ ਸਿੰਘ ਬਾਹਮਣੀ ਵਾਲਾ, ਸਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਬੁਰਜ਼ ਪੁਹਲਾ ਆਦਿ ਹਾਜ਼ਰ ਸਨ।