ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ’ਚ ਅੱਠਵੀਂ ਕ੍ਰਿਕਟ ਚੈਂਪੀਅਨ ਟਰਾਫੀ ਦੇ ਕੁਆਰਟਰ ਫਾਈਨਲ ਮੈਚਾਂ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ’ਚ ਅੱਠਵੀਂ ਕ੍ਰਿਕਟ ਚੈਂਪੀਅਨ ਟਰਾਫੀ ਦੇ ਕੁਆਰਟਰ ਫਾਈਨਲ ਮੈਚਾਂ ਦਾ ਉਦਘਾਟਨ
Publish Date: Tue, 10 Nov 2026 04:58 PM (IST)
Updated Date: Tue, 10 Nov 2026 05:00 PM (IST)
ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਕਰਵਾਈ ਜਾ ਰਹੀ ਅੱਠਵੀਂ ਕ੍ਰਿਕਟ ਚੈਂਪੀਅਨ ਟਰਾਫੀ-2026 ਦੇ ਕੁਆਰਟਰ ਫਾਈਨਲ ਮੈਚਾਂ ਦਾ ਉਦਘਾਟਨ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਸੀਸੀ, ਕੌਂਸਲਰ ਸੁਨੀਲ ਕੁਮਾਰ ਲਵਲੀ ਅਰੋੜਾ ਅਤੇ ਕੌਮੀ ਪੱਧਰ ਦੇ ਖਿਡਾਰੀ ਹੋਸ਼ਲ ਸੰਧੂ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਅਤੇ ਖਿਡਾਰੀਆਂ ਵੱਲੋਂ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਅੱਠਵੀਂ ਕ੍ਰਿਕਟ ਚੈਂਪੀਅਨ ਟਰਾਫੀ ਦੀ ਸ਼ੁਰੂਆਤ 4 ਅਕਤੂਬਰ ਨੂੰ ਕੀਤੀ ਗਈ ਸੀ ਅਤੇ ਇਸ ਦੇ ਮੈਚ 29 ਨਵੰਬਰ ਤਕ ਜਾਰੀ ਰਹਿਣਗੇ। ਇਸ ਟੂਰਨਾਮੈਂਟ ’ਚ ਵੱਖ-ਵੱਖ ਇਲਾਕਿਆਂ ਦੀਆਂ 16 ਕ੍ਰਿਕਟ ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਜੇਤੂ ਟੀਮ ਨੂੰ 61 ਹਜ਼ਾਰ ਰੁਪਏ ਦੀ ਨਕਦ ਇਨਾਮ ਰਾਸ਼ੀ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 41 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੋਮਵਾਰ ਦਾ ਕੁਆਰਟਰ ਫਾਈਨਲ ਮੁਕਾਬਲਾ ਅੰਮ੍ਰਿਤਸਰ ਅਤੇ ਮਹਿਮੂਦਪੁਰਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਮੈਦਾਨ ’ਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੌਰਾਨ ਦਰਸ਼ਕਾਂ ’ਚ ਵੀ ਕ੍ਰਿਕਟ ਪ੍ਰਤੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਚਮਨ ਲਾਲ ਅਰੋੜਾ, ਵਿਨੋਦ ਧਵਨ, ਹਰੀਸ਼ ਸੂਦ, ਸ਼ਕਤੀ ਸੰਧੂ, ਸੁਖਵਿੰਦਰ ਸਿੰਘ ਸ਼ਿੰਦਾ, ਸੰਜੀਵ ਕਾਂਚੀ, ਪ੍ਰਭ ਸੰਧੂ, ਸੁਮਿਤਪਾਲ ਕਾਦੀਆਂ, ਰਣਜੀਤ ਸਿੰਘ ਸੋਹਲ, ਬਾਲੀ ਆਸਲ, ਅਮਿਤ ਪੁਰੀ ਸਮੇਤ ਹੋਰ ਪਤਵੰਤੇ ਸੱਜਣ ਅਤੇ ਕ੍ਰਿਕਟ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।