- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੰਡ ਮਿੱਲ ਮਸਲੇ ‘ਤੇ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਜ਼ਿਲ੍ਹਾ ਪ੍ਰਸ਼ਾਸਨ ਕੀਤਾ ਵਾਅਦਾ ਪੂਰਾ ਕਰੇ : ਐੱਸਕੇਐੱਮ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂ, ਗੁਰਪ੍ਰੀਤ ਸਿੰਘ ਗੰਡੀਵਿੰਡ, ਬੂਟਾ ਸਿੰਘ ਮੁਗਲਚੱਕ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਖੰਡ ਮਿੱਲ ਮਸਲੇ ’ਤੇ 30 ਅਕਤੂਬਰ ਨੂੰ ਕੀਤੇ ਲਿਖਤੀ ਵਾਅਦੇ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾ ਕੇ ਪੂਰਾ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਕੀਤਾ ਵਾਅਦਾ ਵਫਾ ਨਾ ਹੋਣ ਕਰਕੇ ਸੰਯੁਕਤ ਕਿਸਾਨ ਮੋਰਚੇ ਦੀ ਸਮੁੱਚੀ ਲੀਡਰਸ਼ਿਪ ਜ਼ਿਲ੍ਹਾ ਪ੍ਰਸ਼ਾਸਨ ਦੇ ਗੈਰ ਸੰਜੀਦਗੀ ਵਾਲੇ ਰਵੱਈਏ ਤੋਂ ਨਿਰਾਸ਼ ਹੋ ਕੇ ਅਗਲੇ ਦਿਨਾਂ ’ਚ ਸੰਘਰਸ਼ ਸਬੰਧੀ ਸਖ਼ਤ ਫੈਸਲਾ ਲੈਣ ਬਾਰੇ ਵਿਚਾਰ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਜਸਬੀਰ ਸਿੰਘ ਨਿੱਝਰਪੁਰਾ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਗੁਰਮੇਜ਼ ਸਿੰਘ ਗੋਰਖਾ, ਕੇਹਰ ਸਿੰਘ ਮੁਗਲਚੱਕ, ਬੂਟਾ ਸਿੰਘ ਮੁਗਲਚੱਕ, ਸੁਖਦੇਵ ਸਿੰਘ ਚਾਹਲ, ਚਰਨ ਸਿੰਘ ਤਰਨਤਾਰਨ, ਤਰਸੇਮ ਸਿੰਘ, ਪ੍ਰਭਜੀਤ ਸਿੰਘ ਮੁਗਲਚੱਕ ਆਦਿ ਨੇ ਤਾੜਨਾ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਦੀ ਤਰ੍ਹਾਂ ਟਾਲ ਮਟੋਲ ਦੀ ਨੀਤੀ ਜਾਰੀ ਰੱਖੀ ਤਾਂ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ। ਜਿਸ ਤੋਂ ਨਿਕਲੇ ਸਿੱਟਿਆਂ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।