ਬੀਐੱਡ ਕਾਲਜ ਖਡੂਰ ਸਾਹਿਬ ’ਚ ‘ਯੁਵਾ ਇਨੋਵੇਸ਼ਨ ਕਾਰਨੀਵਾਲ-2026 ਸ਼ਾਨੋ-ਸ਼ੌਕਤ ਨਾਲ ਸੰਪੰਨ ਬੀਐੱਡ ਕਾਲਜ ਖਡੂਰ ਸਾਹਿਬ ਚ ‘ਯੁਵਾ ਇਨੋਵੇਸ਼ਨ ਕਾਰਨੀਵਲ-2026 ਸ਼ਾਨੋ-ਸ਼ੌਕਤ ਨਾਲ ਸੰਪੰਨ
Publish Date: Tue, 10 Nov 2026 04:43 PM (IST)
Updated Date: Tue, 10 Nov 2026 04:45 PM (IST)
ਕੁਲਦੀਪ ਸਿੰਘ ਮਾਨ•ਪੰਜਾਬੀ ਜਾਗਰਣ ਖਡੂਰ ਸਾਹਿਬ : ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਵਿਖੇ ਐਜੂ. ਟਰੱਸਟ ਆਫ ਇੰਡੀਆ ਦੇ ਸਹਿਯੋਗ ਨਾਲ ‘ਯੁਵਾ ਇਨੋਵੇਸ਼ਨ ਕਾਰਨੀਵਲ-2026’ ਕਰਵਾਈ ਗਈ। ਇਸ ਪ੍ਰੋਗਰਾਮ ’ਚ ਵਿਦਿਆਰਥੀਆਂ ਦੇ ਹੁਨਰਾਂ ਅਤੇ ਕੌਸ਼ਲਾਂ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਕਈ ਸਟਾਲ ਲਗਾਏ ਗਏ, ਜਿਨ੍ਹਾਂ ’ਚ ‘ਮਹਿਕਾਂ ਦਾ ਮੇਲਾ’, ‘ਰੂਹ ਪੰਜਾਬ ਦੀ’, ‘ਕਲਾ, ਹੁਨਰ ਅਤੇ ਸਿਰਜਣਾਤਮਕਤਾ ਦਾ ਸੁੰਦਰ ਪ੍ਰਦਰਸ਼ਨ’, ‘ਸਿਰਜਣਾ ਦੀ ਅਨੋਖੀ ਕਿਆਰੀ’, ‘ਜੈਨ ਜ਼ੀ ਸ਼ੋਅਕੇਸ’, ‘ਸੈਲਫ਼ੀ ਸਪਾਰਕਸ’, ‘ਖੇਡਾਂ ਦੀ ਨਗਰੀ’ ਅਤੇ ‘ਪਿਆਰ ਅਤੇ ਅਪੱਣਤ ਕਾਰਨਰ’ ਸ਼ਾਮਲ ਸਨ। ਇਸ ਮੌਕੇ ਬਾਬਾ ਗੁਰਮੁੱਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਖਡੂਰ ਸਾਹਿਬ ਅਤੇ ਸੈਲਫ਼ ਹੈਲਪ ਗਰੁੱਪ ਵੱਲੋਂ ਵੀ ਸਟਾਲ ਲਗਾਏ ਗਏ। ਇਨ੍ਹਾਂ ਸਟਾਲਾਂ ਨੇ ਵਿਦਿਆਰਥੀਆਂ ਦੇ ਸਿਰਜਣਾਤਮਕ ਅਤੇ ਸਮਾਜਿਕ ਜ਼ਿੰਮੇਵਾਰੀ ਵਾਲੇ ਹੁਨਰਾਂ ਨੂੰ ਪ੍ਰਦਰਸ਼ਿਤ ਕੀਤਾ। ‘ਮਹਿਕਾਂ ਦਾ ਮੇਲਾ ਸਟਾਲ ਰਾਹੀਂ ਵੱਖ-ਵੱਖ ਖਾਣ-ਪੀਣ ਦੀਆਂ ਵਸਤਾਂ ਦਾ ਆਨੰਦ, ਕਲਾ, ਹੁਨਰ ਅਤੇ ਸਿਰਜਣਾਤਮਕਤਾ ਦਾ ਸੁੰਦਰ ਪ੍ਰਦਰਸ਼ਨ ਸਟਾਲ ਰਾਹੀਂ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ, ‘ਸਿਰਜਣਾ ਦੀ ਅਨੋਖੀ ਕਿਆਰੀ’ ਸਟਾਲ ਰਾਹੀਂ ਬੇਕਾਰ ਵਸਤਾਂ ਨੂੰ ਉਪਯੋਗੀ ਅਤੇ ਸੁੰਦਰ ਰੂਪ ਦੇਣ ਦੀ ਕਲਾ’ ਅਤੇ ‘ਜੈਨ ਜ਼ੀ ਸ਼ੋਅਕੇਸ’ ਰਾਹੀਂ ਨੌਜਵਾਨ ਪੀੜ੍ਹੀ ਦੇ ਨਵੇਂ ਵਿਚਾਰਾਂ ਨੂੰ ਉਜਾਗਰ ਕਰਨ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਰੂਹ ਪੰਜਾਬ ਦੀ’ ਰਾਹੀਂ ਸੱਭਿਆਚਾਰਕ ਵਿਰਸੇ ਦੀ ਝਲਕ, ਸੈਲਫ਼ੀ ਸਪਾਰਕਸ , ‘ਖੇਡਾਂ ਦੀ ਨਗਰੀ’ ਅਤੇ ‘ਪਿਆਰ ਅਤੇ ਅਪੱਣਤ ਕਾਰਨਰ’ ਵਰਗੇ ਸਟਾਲਸ ਰਾਹੀਂ ਮਨੋਰੰਜਨ, ਆਪਸੀ ਸਾਂਝ ਅਤੇ ਮਨੁੱਖਤਾ ਦੇ ਗੁਣਾਂ ਨੂੰ ਵੀ ਉਤਸ਼ਾਹਿਤ ਕਰਨ ਦਾ ਮੌਕਾ ਮਿਲਿਆ। ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਮੰਗਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਸੀਨੀਅਰ ਸੈਕੰਡਰੀ, ਤਰਨਤਾਰਨ, ਵਿਸ਼ੇਸ਼ ਮਹਿਮਾਨ ਸੰਜੀਵ ਕੁਮਾਰ ਸ਼ਰਮਾ, ਪੀਐੱਸ ਸਬ ਡਵੀਜ਼ਨਲ ਮੈਜਿਸਟ੍ਰੇਟ, ਖਡੂਰ ਸਾਹਿਬ, ਵਿਸ਼ੇਸ਼ ਮਹਿਮਾਨ ਪਿਆਰਾ ਸਿੰਘ, ਡਾ. ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ, ਖੇਤੀਬਾੜੀ ਵਿਭਾਗ, ਖਡੂਰ ਸਾਹਿਬ ਮੈਨੇਜਮੈਂਟ ਕਮੇਟੀ ਦੇ ਮੈਂਬਰ ਬਾਬਾ ਬਲਦੇਵ ਸਿੰਘ, ਸਕੱਤਰ ਹਰਨੰਦਨ ਸਿੰਘ, ਬਲਦੇਵ ਸਿੰਘ ਸੰਧੂ, ਭਾਈ ਵਰਿਆਮ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਸੂਬੇਦਾਰ ਬਾਬਾ ਬਲਬੀਰ ਸਿੰਘ, ਪ੍ਰਿੰਸੀਪਲ ਪਰਮਿੰਦਰ ਕੌਰ, ਪ੍ਰਿੰਸੀਪਲ ਗੁਰਦੀਪ ਸਿੰਘ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਮੰਗਤ ਸਿੰਘ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਹਰ ਸਿਰਜਣਾਤਮਕ ਕੋਸ਼ਿਸ਼ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਨੂੰ ਨਵੀਆਂ ਉਚਾਈਆਂ ਤਕ ਪਹੁੰਚਾਉਂਦੀ ਹੈ। ਅਜਿਹੀਆਂ ਗਤੀਵਿਧੀਆਂ ਨਾ ਸਿਰਫ਼ ਉਨ੍ਹਾਂ ਦੇ ਅੰਦਰ ਛੁਪੀਆਂ ਕਲਾਤਮਕ ਯੋਗਤਾਵਾਂ ਨੂੰ ਉਜਾਗਰ ਕਰਦੀਆਂ ਹਨ, ਸਗੋਂ ਉਨ੍ਹਾਂ ਨੂੰ ਨਵੀਆਂ ਸੋਚਾਂ, ਨਵੇਂ ਵਿਚਾਰਾਂ ਅਤੇ ਜੀਵਨ ’ਚ ਕੁਝ ਵੱਖਰਾ ਕਰਨ ਲਈ ਵੀ ਪ੍ਰੇਰਿਤ ਕਰਦੀਆਂ ਹਨ। ਵਿਸ਼ੇਸ਼ ਮਹਿਮਾਨ ਸੰਜੀਵ ਕੁਮਾਰ ਸ਼ਰਮਾ, ਐੱਸਡੀਐੱਮ ਖਡੂਰ ਸਾਹਿਬ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰ ਇਕ ਵਿਅਕਤੀ ਦੀਆਂ ਯੋਗਤਾਵਾਂ ਵੱਖ-ਵੱਖ ਹੁੰਦੀਆਂ ਹਨ। ਇਸ ਲਈ ਵਿਦਿਆਰਥੀਆਂ ਦੀ ਉੱਦਮਤਾ ਸਕਿੱਲ ਅਤੇ ਹੁਨਰ ਵਿਕਾਸ ਨੂੰ ਪ੍ਰਫੁਲਿਤ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਪਿਆਰਾ ਸਿੰਘ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਕਿਹਾ ਕਿ ਬਾਬਾ ਸੇਵਾ ਸਿੰਘ, ਕਾਰ ਸੇਵਾ ਖਡੂਰ ਸਾਹਿਬ ਦੇ ਅੰਤਰਗਤ ਵਿੱਦਿਅਕ ਸੰਸਥਾਵਾਂ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਰੁਚੀ ਅਤੇ ਸਿਰਜਣਾਤਮਕ ਸੋਚ ਹੀ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਅਸਲ ਪੂੰਜੀ ਹੈ ਤੇ ਸਰਬਪੱਖੀ ਵਿਕਾਸ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਇਸ ਕਾਲਜ ਵਿਚ ਤਿਆਰ ਕੀਤੇ ਜਾ ਰਹੇ ਭਵਿੱਖ ਦੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸੰਸਥਾ ਦੇ ਸਕੱਤਰ ਹਰਨੰਦਨ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗੀ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਨੇ ਭਵਿੱਖ ਦੇ ਪ੍ਰੋਜੈਕਟਾਂ ਲਈ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦੇ ਅਖੀਰ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਸਮੂਹ ਮਹਿਮਾਨਾਂ, ਮਾਪਿਆਂ, ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਅਤੇ ਉਤਸ਼ਾਹਪੂਰਨ ਸ਼ਮੂਲੀਅਤ ਸਦਕਾ ਇਹ ਸਮਾਗਮ ਯਾਦਗਾਰੀ ਅਤੇ ਸਫ਼ਲ ਰਿਹਾ। ਉਨ੍ਹਾਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ’ਚ ਮਾਪਿਆਂ ਅਤੇ ਅਧਿਆਪਕਾਂ ਦੇ ਸਾਂਝੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਨੂੰ ਆਪਣੀਆਂ ਯੋਗਤਾਵਾਂ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਆਤਮ-ਵਿਸ਼ਵਾਸ ਅਤੇ ਨਵੀਆਂ ਸੰਭਾਵਨਾਵਾਂ ਨਾਲ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਦੇ ਹਨ। ਪ੍ਰੋਗਰਾਮ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ’ਚ ਨੋਡਲ ਅਫ਼ਸਰ ਅਸਿਸਟੈਂਟ ਪ੍ਰੋਫੈਸਰ ਡਾ. ਸਤਵੰਤ ਕੌਰ, ਕੋਆਰਡੀਨੇਟਰ ਸੁਖਮੇਲ ਸਿੰਘ, ਡਾ. ਮਨਦੀਪ ਕੌਰ, ਡਾ. ਅਰਜਿੰਦਰ ਕੋਰ, ਅਸਿਸਟੈਂਟ ਪ੍ਰੋਫੈਸਰ ਗਗਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ ਸੋਨੀਆ ਸ਼ਰਮਾ, ਰਮਣੀਕ ਸਿੰਘ, ਇੰਦਰਪ੍ਰੀਤ ਸਿੰਘ, ਲਾਇਬ੍ਰੇਰੀਅਨ ਪ੍ਰਭਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਮੁੱਖ ਮਹਿਮਾਨ ਮੰਗਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਪਿਆਰਾ ਸਿੰਘ ਨੂੰ ਸੰਸਥਾ ਦੇ ਈਕੋ-ਫਰੈਂਡਲੀ ਬੈੱਗਾਂ ਨਾਲ ਸਨਮਾਨਿਤ ਕੀਤਾ ਗਿਆ।