ਪੰਜ ਕਤਲਾਂ ਸਣੇ ਗੰਭੀਰ ਮਾਮਲਿਆਂ ’ਚ ਲੋੜੀਂਦਾ ਗੈਂਗਸਟਰ ਗੁਰਵਿੰਦਰ ਅਫ਼ਰੀਦੀ ਅਦਾਲਤ ’ਚ ਪੇਸ਼ ਪੰਜ ਕਤਲਾਂ ਸਮੇਤ ਗੰਭੀਰ ਮਾਮਲਿਆਂ ’ਚ ਲੋੜੀਂਦਾ ਗੈਂਗਸਟਰ ਗੁਰਵਿੰਦਰ ਅਫਰੀਦੀ ਪੱਟੀ ਅਦਾਲਤ ’ਚ ਪੇਸ਼
Publish Date: Mon, 09 Nov 2026 07:57 PM (IST)
Updated Date: Mon, 09 Nov 2026 07:59 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਏਜੀਟੀਐੱਫ ਤੇ ਕਾਊਂਟਰ ਇੰਟੈਲੀਜੈਂਸ ਦੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ ਓਐੱਫਟੀਈਸੀ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਗੁਰਵਿੰਦਰ ਸਿੰਘ ਅਫ਼ਰੀਦੀ ਨੂੰ ਇਥੋਪੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਹੈ। ਐਤਵਾਰ ਨੂੰ ਡੀਐੱਸਪੀ ਸ਼ਿਵਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਉਸ ਨੂੰ ਪੱਟੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਫ਼ਰੀਦੀ ਡੋਨੀ ਬੱਲ ਤੇ ਪ੍ਰਭ ਦਾਸੂਵਾਲ ਗੈਂਗ ਦਾ ਮੁੱਖ ਸਰਗਨਾ ਦੱਸਿਆ ਜਾਂਦਾ ਹੈ। ਉਸ ਦੀ ਗ੍ਰਿਫ਼ਤਾਰੀ ਸਬੰਧੀ ਸੂਚਨਾ ਦੇਣ ਵਾਲੇ ਲਈ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਪੁਲਿਸ ਅਨੁਸਾਰ ਮੁਲਜ਼ਮ ਵਿਦੇਸ਼ ’ਚ ਬੈਠ ਕੇ ਪੰਜਾਬ ਅੰਦਰ ਟਾਰਗੇਟ ਕਿਲਿੰਗ, ਫਿਰੌਤੀ ਲਈ ਗੋਲੀਬਾਰੀ ਤੇ ਸੰਗਠਿਤ ਅਪਰਾਧਿਕ ਨੈੱਟਵਰਕ ਚਲਾਉਣ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਉਹ ਕਤਲ, ਇਰਾਦਾ ਕਤਲ, ਫਿਰੌਤੀ ਤੇ ਅਸਲਾ ਐਕਟ ਸਮੇਤ 30 ਤੋਂ ਵੱਧ ਅਪਰਾਧਿਕ ਮਾਮਲਿਆਂ ’ਚ ਲੋੜੀਂਦਾ ਸੀ। ਪੁਲਿਸ ਰਿਕਾਰਡ ਅਨੁਸਾਰ ਗੁਰਵਿੰਦਰ ਅਫ਼ਰੀਦੀ ਪੰਜਾਬ ’ਚ ਹੋਏ ਪੰਜ ਸਨਸਨੀਖੇਜ਼ ਕਤਲਾਂ ਦੇ ਮਾਮਲਿਆਂ ’ਚ ਵੀ ਲੋੜੀਂਦਾ ਸੀ। ਜਿਨ੍ਹਾਂ ’ਚ ਅਕਤੂਬਰ 2024 ਨੂੰ ਸਰਪੰਚ ਰਾਜਵਿੰਦਰ ਸਿੰਘ ਉਰਫ਼ ਰਾਜ ਤਲਵੰਡੀ ਦਾ ਕਤਲ, ਮਾਰਚ 2025 ’ਚ 12 ਸਾਲਾ ਲੜਕੇ ਗੁਰਸੇਵਕ ਸਿੰਘ ਤੇ ਵਿੱਕੀ ਚੁੱਘ ਦੇ ਕਤਲ, ਮਈ 2025 ਵਿਚ ਜਸਵੰਤ ਸਿੰਘ ਦਾ ਕਤਲ ਅਤੇ ਸਤੰਬਰ 2025 ਵਿਚ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਦਾ ਕਤਲ ਸ਼ਾਮਿਲ ਹੈ। ਦੱਸਿਆ ਜਾਂਦਾ ਹੈ ਕਿ ਗੁਰਵਿੰਦਰ ਸਿੰਘ ਸਮੇਂ-ਸਮੇਂ ’ਤੇ ਵੱਖ-ਵੱਖ ਦੇਸ਼ਾਂ ’ਚ ਆਪਣੀ ਪਛਾਣ ਅਤੇ ਟਿਕਾਣੇ ਬਦਲ ਕੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਚਕਮਾ ਦੇ ਰਿਹਾ ਸੀ। ਸ਼ੁਰੂਆਤ ’ਚ ਉਹ ਯੂਏਈ ’ਚ ਲੁਕਿਆ ਰਿਹਾ। ਇਸ ਤੋਂ ਬਾਅਦ ਉਸ ਨੇ ਇਸਤਾਂਬੁਲ ਰਾਹੀਂ ਮੈਕਸੀਕੋ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਵਾਪਸ ਯੂਏਈ ਭੇਜ ਦਿੱਤਾ ਗਿਆ। ਇਸ ਉਪਰੰਤ ਉਹ ਅਪ੍ਰੈਲ 2026 ’ਚ ਕੀਨੀਆ, ਜੂਨ 2026 ਵਿਚ ਅੰਗੋਲਾ ਅਤੇ ਨਵੰਬਰ 2026 ’ਚ ਇਥੋਪੀਆ ਪਹੁੰਚ ਗਿਆ। ਪੰਜਾਬ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਦੇ ਨਾਲ-ਨਾਲ ਉਸ ਦੀਆਂ ਗਤੀਵਿਧੀਆਂ ਤੇ ਜਾਅਲੀ ਪਛਾਣ ਸਬੰਧੀ ਜਾਣਕਾਰੀ ਕੇਂਦਰੀ ਏਜੰਸੀਆਂ ਨਾਲ ਸਾਂਝੀ ਕੀਤੀ ਗਈ ਸੀ। ਪੁਲਿਸ ਵੱਲੋਂ ਉਸ ਖ਼ਿਲਾਫ਼ ਸੱਤ ਇੰਟਰਪੋਲ ਰੈਫਰੈਂਸ ਵੀ ਜਾਰੀ ਕਰਵਾਏ ਗਏ ਸਨ। ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ 6 ਨਵੰਬਰ ਨੂੰ ਇਥੋਪੀਆ ਵਿਚ ਉਸ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਹੁਣ ਉਸ ਨੂੰ ਭਾਰਤ ਡਿਪੋਰਟ ਕਰਵਾ ਲਿਆ ਗਿਆ ਹੈ। ਅਫ਼ਰੀਦੀ ਨੂੰ ਪੱਟੀ ਦੀ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਜਦੋਂਕਿ ਵੱਖ-ਵੱਖ ਮਾਮਲਿਆਂ ਵਿਚ ਪੁਲਿਸ ਉਸਦੀ ਗ੍ਰਿਫ਼ਤਾਰੀ ਪਾਉਣ ਦੀ ਤਿਆਰੀ ’ਚ ਹੈ।