ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਬੰਦੀ ਛੋੜ ਦਿਵਸ ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਬੰਦੀ ਛੋੜ ਦਿਵਸ
Publish Date: Mon, 09 Nov 2026 06:26 PM (IST)
Updated Date: Mon, 09 Nov 2026 06:26 PM (IST)
ਦੇਰ ਰਾਤ ਵੱਡੀ ਗਿਣਤੀ ਸੰਗਤ ਨੇ ਭਰੀ ਹਾਜ਼ਰੀ, ਪਵਿੱਤਰ ਸਰੋਵਰ ਦੀ ਪਰਿਕਰਮਾ ’ਚ ਕੀਤੀ ਦੀਪਮਾਲਾ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਬੰਦੀ ਛੋੜ ਦਿਵਸ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੀਵਾਲੀ ਤੇ ਚੌਦਸ ਦਾ ਦਿਹਾੜਾ ਹੋਣ ਕਰਕੇ ਸਾਰਾ ਦਿਨ ਲੱਖਾਂ ਦੀ ਗਿਣਤੀ ’ਚ ਸੰਗਤ ਗੁਰੂ ਘਰ ਨਤਮਸਤਕ ਹੋਈ। ਜਦੋਂਕਿ ਦੇਰ ਰਾਤ ਤਕ ਸੰਗਤ ਨੇ ਧਾਰਮਿਕ ਦੀਵਾਨਾਂ ’ਚ ਹਾਜ਼ਰੀ ਭਰੀ ਤੇ ਪਵਿੱਤਰ ਸਰੋਵਰ ਦੀ ਪਰਿਕਰਮਾ ’ਚ ਦੀਪਮਾਲਾ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਪਵਿੱਤਰ ਦਿਹਾੜੇ ’ਤੇ ਲੱਖਾਂ ਦੀ ਗਿਣਤੀ ’ਚ ਗੁਰੂ ਨਾਨਕ ਨਾਮਲੇਵਾ ਸੰਗਤ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਕੇ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਿਆ ਤੇ ਮਨ ਬਿਰਤੀ ਇਕਾਗਰ ਕਰਕੇ ਗੁਰਬਾਣੀ ਕੀਰਤਨ ਸਰਵਣ ਕੀਤਾ। ਹਜ਼ੂਰੀ ਰਾਗੀ ਜਥਿਆਂ ਨੇ ਸਾਰਾ ਦਿਨ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਦੀਵਾਨ ਹਾਲ ਵਿਖੇ ਭਾਰੀ ਦੀਵਾਨ ਸਜਾਏ ਗਏ। ਬੰਦੀ ਛੋੜ ਦਿਵਸ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦੀਆਂ ਇਮਾਰਤਾਂ ਦੀ ਅਲੌਕਿਕ ਸਜਾਵਟ ਕੀਤੀ ਗਈ, ਜਦਕਿ ਮਨਮੋਹਕ ਆਤਿਸ਼ਬਾਜ਼ੀ ਵੀ ਹੋਈ। ਦੂਰ-ਦੂਰ ਤੋਂ ਪੁੱਜੀ ਸੰਗਤ ਨੇ ਗੁਰੂ ਘਰ ’ਚ ਹੋ ਰਹੇ ਸਮਾਗਮਾਂ ’ਚ ਹਾਜ਼ਰੀ ਭਰੀ। ਪਵਿੱਤਰ ਸਰੋਵਰ ਦੇ ਆਲੇ-ਦੁਆਲੇ ਪਰਿਕਰਮਾ ’ਚ ਸੰਗਤ ਵੱਲੋਂ ਦੀਵੇ ਤੇ ਮੋਮਬੱਤੀਆਂ ਜਗਾ ਕੇ ਦੀਪਮਾਲਾ ਕੀਤੀ ਗਈ। ਲੰਗਰ ਹਾਲ ਵਿਖੇ ਚਾਹ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਮੈਨੇਜਰ ਸ੍ਰੀ ਦਰਬਾਰ ਸਾਹਿਬ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਨੂੰ ਲੈ ਕੇ ਸੰਗਤ ਦੀ ਦਿਨ ਭਰ ਭਾਰੀ ਆਮਦ ਦੇ ਚੱਲਦਿਆਂ ਗੁਰੂ ਕੇ ਲੰਗਰ ਤੇ ਹੋਰ ਪ੍ਰਬੰਧਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਸਮੁੱਚੇ ਸਟਾਫ ਨੇ ‘ਜੀ ਆਇਆਂ’ ਕਿਹਾ ਤੇ ਤਨਦੇਹੀ ਨਾਲ ਡਿਊਟੀ ਨਿਭਾਈ। --------- ਬਾਕਸ- ਤਰਨਤਾਰਨ ’ਚ ਦੀਵਾਲੀ ਦਾ ਤਿਉਹਾਰ ਵੀ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ ਵੀ ਤਰਨਤਾਰਨ ’ਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਆਤਿਸ਼ਬਾਜ਼ੀ ਤੇ ਮਿਠਾਈਆਂ ਦੀਆਂ ਵੱਡੇ ਪੱਧਰ ’ਤੇ ਦੁਕਾਨਾਂ ਸਜੀਆਂ। ਲੋਕਾਂ ਨੇ ਪਟਾਕਿਆਂ ਦੇ ਨਾਲ-ਨਾਲ ਤੋਹਫ਼ਿਆਂ ਦੀ ਵੀ ਖ਼ਰੀਦਦਾਰੀ ਕੀਤੀ। ਜਦੋਂਕਿ ਰਾਤ ਸਮੇਂ ਸ਼ਹਿਰ ਦੇ ਘਰਾਂ, ਦੁਕਾਨਾਂ ਤੇ ਧਾਰਮਿਕ ਅਸਥਾਨਾਂ ’ਤੇ ਭਾਰੀ ਦੀਪਮਾਲਾ ਵੇਖਣ ਨੂੰ ਮਿਲੀ। ਇਸ ਤੋਂ ਇਲਾਵਾ ਆਤਿਸ਼ਬਾਜ਼ੀ ਕਰਕੇ ਵੀ ਸ਼ਹਿਰ ਵਾਸੀਆਂ ਨੇ ਦੀਵਾਲੀ ਦੇ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਇਆ। ---------- ਬਾਕਸ- ਸੋਮਵਾਰ ਨੂੰ ਮੱਸਿਆ ਮੌਕੇ ਵੀ ਗੁਰੂ ਘਰ ਪੁੱਜੇ ਲੱਖਾਂ ਸ਼ਰਧਾਲੂ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਗਿਆ। ਦੀਵਾਲੀ ਵਾਲੇ ਦਿਨ ਦੀ ਤਰ੍ਹਾਂ ਇਸ ਦਿਨ ਵੀ ਲੱਖਾਂ ਸ਼ਰਧਾਲੂ ਗੁਰੂ ਘਰ ਪੁੱਜੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸੀਸ ਨਿਵਾ ਕੇ ਜਿਥੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਉਥੇ ਹੀ ਦੀਵਾਨਾਂ ’ਚ ਵੀ ਹਾਜ਼ਰੀ ਭਰੀ। ਜਿਥੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਚੌਦਸ ਤੇ ਮੱਸਿਆ ਦੋਵੇਂ ਦਿਨ ਸੰਗਤ ਨੂੰ ਗੁਰੂ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ। ----------- ਬਾਕਸ- ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਵੀ ਆਇਆ ਸੰਗਤ ਦਾ ਹੜ੍ਹ ਬੰਦੀ ਛੋੜ ਦਿਵਸ ਮੌਕੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਵੀ ਸੰਗਤ ਦਾ ਸੈਲਾਬ ਦਿਖਾਈ ਦਿੱਤਾ। ਦਿਨੇ ਸ੍ਰੀ ਚੁਪਹਿਰਾ ਸਾਹਿਬ ਤੇ ਰਾਤ ਨੂੰ ਦੀਵਾਲੀ ਤੇ ਬੰਦੀਛੋੜ ਦਿਵਸ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਸ਼ਰਧਾਲੂਆਂ ਨੇ ਭਾਰੀ ਦੀਪਮਾਲਾ ਕਰਕੇ ਜਿਥੇ ਆਪਣੀ ਸ਼ਰਧਾ ਪ੍ਰਗਟਵਾਈ। ਉਥੇ ਹੀ ਗੁਰੂ ਘਰ ਅੰਦਰ ਹਾਜ਼ਰੀ ਭਰਕੇ ਸਰਬੱਤ ਦੇ ਭਲੇ ਤੇ ਚੜ੍ਹਦੀਕਲਾ ਲਈ ਅਰਦਾਸ ਵੀ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਡਾ ਨੇ ਦੱਸਿਆ ਕਿ ਸਮੁੱਚੀ ਕਮੇਟੀ ਤੇ ਸੇਵਾਦਾਰਾਂ ਵਲੋਂ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਗਈਆਂ ਤੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਦੇ ਰਹੇ। ਇਸ ਮੌਕੇ ਨੌਜਵਾਨ ਸੇਵਕ ਸਭਾ ਵਲੋਂ ਅਲੌਕਿਕ ਆਤਿਸ਼ਬਾਜੀ ਵੀ ਕੀਤੀ ਗਈ। ------------