ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਫੈਂਕਾ ਸੁੱਟਣ ਆਏ ਦੋ ਕਾਬੂ, ਇਕ ਹਵਾਲਾਤੀ ਵੀ ਨਾਮਜ਼ਦ ਗੋਇੰਦਵਾਲ ਸਾਹਿਬ ਦੀ ਜੇਲ੍ਹ ਫੈਂਕਾ ਸੁੱਟਣ ਆਏ ਦੋ ਕਾਬੂ, ਇਕ ਹਵਾਲਾਤੀ ਵੀ ਨਾਮਜ਼ਦ
Publish Date: Sat, 07 Nov 2026 07:34 PM (IST)
Updated Date: Sat, 07 Nov 2026 07:35 PM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਜੇਲ੍ਹ ਅੰਦਰ ਤੰਬਾਕੂ ਪਦਾਰਥ ਅਤੇ ਨਾਜਾਇਜ਼ ਸ਼ਰਾਬ ਵਾਲਾ ਫੈਂਕਾ ਸੁੱਟਣ ਆਏ ਦੋ ਵਿਅਕਤੀਆਂ ਨੂੰ ਜੇਲ੍ਹ ਅਧਿਕਾਰੀਆਂ ਨੇ ਕਾਬੂ ਕਰ ਕੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ। ਉਕਤ ਸਾਮਾਨ ਨੂੰ ਮੰਗਵਾਉਣ ਵਾਲੇ ਜੇਲ੍ਹ ਵਿਚ ਬੰਦ ਵਿਅਕਤੀ ਦੀ ਵੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਤਿੰਨਾਂ ਖਿਲਾਫ ਜੇਲ੍ਹ ਨਿਯਮਾਂ ਦੀ ਉਲੰਘਣਾ ਤੋਂ ਇਲਾਵਾ ਆਬਕਾਰੀ ਤੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਬਾਹਰੋਂ ਅੰਦਰ ਪੈਕੇਟ ਸੁੱਟਣ ਲਈ ਆਏ ਦੋ ਵਿਅਕਤੀਆਂ, ਜਿਨ੍ਹਾਂ ਦੀ ਪਛਾਣ ਜਸਕਰਨ ਸਿੰਘ ਪ੍ਰਿੰਸ ਪੁੱਤਰ ਅੰਗਰੇਜ ਸਿੰਘ ਅਤੇ ਪ੍ਰਿੰਸਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਵੜਿੰਗ ਸੂਬਾ ਸਿੰਘ ਨੂੰ ਕਾਬੂ ਕੀਤਾ। ਉਨ੍ਹਾਂ ਕੋਲੋਂ 16 ਤੰਬਾਕੂ ਦੀਆਂ ਪੁੜੀਆਂ, 9 ਬੀੜੀਆਂ ਦੇ ਬੰਡਲ, ਦੋ ਕੂਲਲਿਪ ਪੁੜੀਆਂ, 5 ਸਿਗਰਟ ਡੱਬੀਆਂ, 6 ਲਾਈਟਰ, 16 ਛੋਟੀਆਂ ਬੋਤਲਾਂ ਸ਼ਰਾਬ, 3.8 ਗ੍ਰਾਮ ਨਸ਼ੀਲਾ ਪਦਾਰਥ ਅਤੇ ਇਕ ਸਮਾਰਟ ਫੋਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਸਾਮਾਨ ਇੱਥੇ ਬੰਦ ਗੁਰਜਿੰਦਰ ਸਿੰਘ ਰਾਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਕਿਲ੍ਹਾ ਲਾਲ ਸਿੰਘ ਗੁਰਦਾਸਪੁਰ ਵਲੋਂ ਮੰਗਵਾਇਆ ਗਿਆ ਸੀ। ਉੱਧਰ ਥਾਣੇ ਦੇ ਜਾਂਚ ਅਧਿਕਾਰੀ ਏਐੱਸਆਈ ਅਰਜਨ ਸਿੰਘ ਨੇ ਦੱਸਿਆ ਕਿ ਜਸਕਰਨ ਸਿੰਘ ਤੇ ਪ੍ਰਿੰਸਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਗੁਰਜਿੰਦਰ ਸਿੰਘ ਨੂੰ ਵੀ ਕੇਸ ਵਿਚ ਨਾਮਜ਼ਦ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।