ਗੁਰੂ ਅਮਰਦਾਸ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਦੀ ਚੜ੍ਹਤ ਗੁਰੂ ਅਮਰਦਾਸ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਸਾਇੰਸ ਮਾਡਲ ਪੇਸ਼ਕਾਰੀ ’ਚ ਪਹਿਲੇ ਸਥਾਨ ’ਤੇ ਰਹੀਆਂ
Publish Date: Fri, 06 Nov 2026 08:15 PM (IST)
Updated Date: Fri, 06 Nov 2026 08:17 PM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਗੋਇੰਦਵਾਲ ਸਾਹਿਬ ਲਈ ਇਹ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸੰਸਥਾ ਦੀਆਂ ਹੋਣਹਾਰ ਵਿਦਿਆਰਥਣਾਂ ਹਰਲੀਨ ਕੌਰ ਅਤੇ ਮਹਿਕਦੀਪ ਕੌਰ ਨੇ ਅੰਮ੍ਰਿਤਸਰ ਕਾਲਜ ਆਫ਼ ਇੰਜੀਨੀਅਰਿੰਗ ਵਿਖੇ ਕਰਵਾਏ ਗਏ ਅੰਤਰ-ਜ਼ਿਲ੍ਹਾ ਪ੍ਰੋਗਰਾਮ ‘ਫਿਊਜ਼ਨ-2026’ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਰਕਿੰਗ ਸਾਇੰਸ ਮਾਡਲ ਪੇਸ਼ਕਾਰੀ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਦੋਵੇਂ ਵਿਦਿਆਰਥਣਾਂ ਜਮਾਤ ਬਾਰ੍ਹਵੀਂ ਸਾਇੰਸ ਦੀਆਂ ਵਿਦਿਆਰਥਣਾਂ ਹਨ। ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਅਤੇ ਮਾਪਿਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ‘ਫਿਊਜ਼ਨ-2026’ ਇਕ ਅੰਤਰ-ਜ਼ਿਲ੍ਹਾ ਪੱਧਰ ਦਾ ਪ੍ਰੋਗਰਾਮ ਸੀ, ਜਿਸ ਵਿਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ, ਸਿਰਜਣਾਤਮਕ ਸੋਚ ਅਤੇ ਵਿਗਿਆਨਕ ਯੋਗਤਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਇਸ ਮੁਕਾਬਲੇ ’ਚ ਹਰਲੀਨ ਕੌਰ ਅਤੇ ਮਹਿਕਦੀਪ ਕੌਰ ਨੇ ਆਪਣੇ ਅਧਿਆਪਕ ਕਮਲ ਕੁਮਾਰ ਦੀ ਸਹੀ ਸੇਦ ਸਦਕਾ ਆਪਣੇ ਵਰਕਿੰਗ ਸਾਇੰਸ ਮਾਡਲ ਰਾਹੀਂ ਵਿਗਿਆਨ ਪ੍ਰਤੀ ਆਪਣੀ ਡੂੰਘੀ ਰੁਚੀ, ਮਿਹਨਤ ਅਤੇ ਨਵੀਨਤਮ ਵਿਚਾਰਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਪੇਸ਼ਕਾਰੀ ਨੇ ਇਹ ਸਾਬਿਤ ਕੀਤਾ ਕਿ ਲਗਨ, ਮਿਹਨਤ ਅਤੇ ਸਹੀ ਮਾਰਗਦਰਸ਼ਨ ਨਾਲ ਵਿਦਿਆਰਥੀ ਆਪਣੀ ਪ੍ਰਤਿਭਾ ਨੂੰ ਨਿਖਾਰਦੇ ਹੋਏ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ। ਇਸ ਪ੍ਰੋਗਰਾਮ ਚ ਬਲਵਿੰਦਰ ਕੌਰ, ਪ੍ਰਿੰਸੀਪਲ ਬੀਡੀਐੱਸ ਡੇਅ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ, ਜੰਡਿਆਲਾ ਗੁਰੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕਾਲਜ ਦੇ ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਵੀ ਇਸ ਮੌਕੇ ਮੌਜੂਦ ਸਨ। ਅਜਿਹੇ ਅਕਾਦਮਿਕ ਅਤੇ ਵਿਗਿਆਨਕ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੀ ਕਲਾਸਰੂਮ ਸਿੱਖਿਆ ਨੂੰ ਵਿਹਾਰਕ ਰੂਪ ’ਚ ਪੇਸ਼ ਕਰਨ, ਨਵੇਂ ਵਿਚਾਰਾਂ ਨੂੰ ਵਿਕਸਿਤ ਕਰਨ ਅਤੇ ਆਪਣੀ ਯੋਗਤਾ ਨੂੰ ਵੱਡੇ ਮੰਚ ’ਤੇ ਪ੍ਰਦਰਸ਼ਿਤ ਕਰਨ ਲਈ ਉਤਸ਼ਾਹਿਤ ਕਰਦੇ ਹਨ।