ਲੋੜਵੰਦਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਸੰਤ ਥੋਮਸ ਫਾਊਂਡੇਸ਼ਨ ਦਾ ਮੁੱਖ ਉਦੇਸ਼ : ਮਿੱਠਾ ਸੰਤ ਥੋਮਸ ਫਾਊਂਡੇਸ਼ਨ ਨੇ ਡਾ. ਉਮ ਪ੍ਰਕਾਸ਼ ਆਈ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਅੱਖਾਂ ਦੀ ਜਾਂਚ ਦਾ ਕੈਂਪ
Publish Date: Fri, 06 Nov 2026 08:14 PM (IST)
Updated Date: Fri, 06 Nov 2026 08:14 PM (IST)
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੰਤ ਥੋਮਸ ਫਾਊਂਡੇਸ਼ਨ ਵੱਲੋਂ ਡਾ. ਉਮ ਪ੍ਰਕਾਸ਼ ਆਈ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਦੇ ਨਾਲ-ਨਾਲ ਨਜ਼ਰ ਦੇ ਨੰਬਰ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ। ਇਸ ਮੌਕੇ ਸੰਤ ਥੋਮਸ ਫਾਊਂਡੇਸ਼ਨ ਦੇ ਸੰਸਥਾਪਕ ਤੇ ਸੀਈਓ ਅੰਬੈਸਡਰ ਟੀਬ੍ਰੈਚ ਯੂਕੇ ਅਤੇ ਸੰਸਥਾ ਦੇ ਮੀਡੀਆ ਇੰਚਾਰਜ ਰਾਜਵਿੰਦਰ ਮਿੱਠਾ ਨੇ ਕਿਹਾ ਕਿ ਫਾਊਂਡੇਸ਼ਨ ਦਾ ਮੁੱਖ ਉਦੇਸ਼ ਆਰਥਿਕ ਤੌਰ ਤੇ ਕਮਜ਼ੋਰ ਅਤੇ ਲੋੜਵੰਦ ਲੋਕਾਂ ਤਕ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ, ਇਸ ਲਈ ਸਮੇਂ-ਸਮੇਂ ਤੇ ਅੱਖਾਂ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕੈਂਪ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲਿਆਂ ਅਤੇ ਪਹੁੰਚੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਅਤੇ ਸਰਕਲ ਪ੍ਰਧਾਨ ਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੌਰੀਆ ਨੇ ਫਾਊਂਡੇਸ਼ਨ ਦੇ ਇਸ ਸਮਾਜ ਸੇਵੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਿਹਤ ਜਾਂਚ ਕੈਂਪ ਲੋੜਵੰਦ ਲੋਕਾਂ ਲਈ ਲਾਹੇਵੰਦ ਸਾਬਿਤ ਹੁੰਦੇ ਹਨ ਅਤੇ ਸਮਾਜ ’ਚ ਸੇਵਾ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਅੰਤ ’ਚ ਫਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਡਾ. ਉਮ ਪ੍ਰਕਾਸ਼ ਆਈ ਹਸਪਤਾਲ ਦੀ ਡਾਕਟਰੀ ਟੀਮ, ਸਹਿਯੋਗੀਆਂ, ਪਤਵੰਤੇ ਸੱਜਣਾਂ ਅਤੇ ਕੈਂਪ ’ਚ ਪਹੁੰਚੇ ਲੋਕਾਂ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਲੋਕ ਭਲਾਈ ਦੇ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਯੂਥ ਆਗੂ ਵਰਿੰਦਰ ਸਿੰਘ ਜੋਤੀ, ਸਾਬਕਾ ਮੈਂਬਰ ਪੰਚਾਇਤ ਮੱਸਾ ਸਿੰਘ, ਸੁਖਬੀਰ ਸਿੰਘ ਫੌਜੀ, ਦਲਜੀਤ ਸਿੰਘ ਵਿਰਕ, ਬਲਜੀਤ ਸਿੰਘ, ਗਾਇਕ ਜਗਜੀਤ ਸੰਧੂ ਅਤੇ ਭੁਪਿੰਦਰ ਸਿੰਘ ਮਾਲਕੋ ਆਦਿ ਹਾਜ਼ਰ ਸਨ।