ਸਿੱਖਿਆ ਕ੍ਰਾਂਤੀ ਨਾਲ ਬਦਲ ਰਿਹਾ ਹੈ ਪੰਜਾਬ ਦਾ ਸਰਕਾਰੀ ਸਿੱਖਿਆ ਢਾਂਚਾ : ਅਮਰਿੰਦਰ ਸਿੰਘ ਐਮੀ ਸਿੱਖਿਆ ਕ੍ਰਾਂਤੀ ਨਾਲ ਬਦਲ ਰਿਹਾ ਹੈ ਪੰਜਾਬ ਦਾ ਸਰਕਾਰੀ ਸਿੱਖਿਆ ਢਾਂਚਾ : ਅਮਰਿੰਦਰ ਸਿੰਘ ਐਮੀ
Publish Date: Fri, 06 Nov 2026 08:12 PM (IST)
Updated Date: Fri, 06 Nov 2026 08:14 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸਰਕਾਰੀ ਹਾਈ ਸਕੂਲ ਬਾਗੜੀਆਂ ਵਿਖੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਨਾਲ ਤਿਆਰ ਕੀਤੇ ਗਏ ਨਵੇਂ ਆਧੁਨਿਕ ਕਲਾਸਰੂਮ ਦਾ ਉਦਘਾਟਨ ਕੀਤਾ ਗਿਆ। ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਨਿਯੁਕਤ ਕੀਤੀ ਗਈ ਟੀਮ ਦੇ ਮੈਂਬਰਾਂ ਨੇ ਇਸ ਸਮਾਗਮ ’ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਮਰਿੰਦਰ ਸਿੰਘ ਐਮੀ, ਚੇਅਰਮੈਨ ਮਾਰਕੀਟ ਕਮੇਟੀ ਖਡੂਰ ਸਾਹਿਬ ਅਤੇ ਹਰਜੀਤ ਸਿੰਘ ਸੰਧੂ, ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆਂ ਨੇ ਸ਼ਿਰਕਤ ਕੀਤੀ। ਉਦਘਾਟਨ ਉਪਰੰਤ ਨਵਾਂ ਕਲਾਸਰੂਮ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਤਰਸੇਮ ਸਿੰਘ, ਗ੍ਰਾਮ ਪੰਚਾਇਤ ਦੇ ਮੈਂਬਰਾਂ, ਸਕੂਲ ਦੇ ਮੁੱਖ ਅਧਿਆਪਕ ਗੁਰਚਰਨ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਕਿਰਨਦੀਪ ਕੌਰ, ਅੰਗਰੇਜ਼ੀ ਅਧਿਆਪਕਾ ਅਤੇ ਮਨਦੀਪ ਕੌਰ, ਵਿਗਿਆਨ ਅਧਿਆਪਕਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਸਮਾਗਮ ਨੂੰ ਰੰਗਾ ਰੰਗ ਬਣਾਉਣ ਲਈ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਕਵਿਤਾ ਅਤੇ ਗਿੱਧੇ ਦੀਆਂ ਮਨਮੋਹਕ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਰੰਗੋਲੀ ਅਤੇ ਸਕੂਲ ਦੀ ਸ਼ਾਨਦਾਰ ਸਜਾਵਟ ਨੇ ਸਭ ਦਾ ਮਨ ਮੋਹ ਲਿਆ। ਮਹਿਮਾਨਾਂ ਨੇ ਸਕੂਲ ਦੇ ਸਮੁੱਚੇ ਪ੍ਰਬੰਧਾਂ ਅਤੇ ਵਿਦਿਆਰਥੀਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਭਰਪੂਰ ਸ਼ਲਾਘਾ ਕੀਤੀ। ਮੁੱਖ ਮਹਿਮਾਨ ਅਮਰਿੰਦਰ ਸਿੰਘ ਐਮੀ ਨੇ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮਨੁੱਖੀ ਜੀਵਨ ਦੀ ਸਫ਼ਲਤਾ ਦਾ ਅਹਿਮ ਆਧਾਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣੇ ਟੀਚੇ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਅਹਿਮ ਤਰਜੀਹ ਹੈ। ਇਸੇ ਤਰ੍ਹਾਂ ਹਰਜੀਤ ਸਿੰਘ ਸੰਧੂ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਵਿਚਾਰਾਂ ਰਾਹੀਂ ਜੀਵਨ ’ਚ ਅੱਗੇ ਵਧਣ ਅਤੇ ਸਿੱਖਿਆ ਦੇ ਮਹੱਤਵ ਨੂੰ ਸਮਝਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਕੂਲਾਂ ’ਚ ਬੁਨਿਆਦੀ ਢਾਂਚੇ ਅਤੇ ਸਿੱਖਿਆ ਸਹੂਲਤਾਂ ਵਿਚ ਸੁਧਾਰ ਨਾਲ ਵਿਦਿਆਰਥੀਆਂ ਨੂੰ ਬਿਹਤਰ ਵਾਤਾਵਰਨ ਮਿਲ ਰਿਹਾ ਹੈ। ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਪਿੰਡ ਦੇ ਵਿਕਾਸ ਕਾਰਜਾਂ ’ਚ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਗ੍ਰਾਮ ਪੰਚਾਇਤ ਵੱਲੋਂ ਵੀ ਪਿੰਡ ਦੇ ਵਿਕਾਸ ਅਤੇ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਗਤ ਸਿੰਘ ਵੱਲੋਂ ਵੀ ਸਕੂਲ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਨੂੰ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ। ਸਕੂਲ ਦੇ ਮੁੱਖ ਅਧਿਆਪਕ ਗੁਰਚਰਨ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਕੂਲ ਪ੍ਰਬੰਧਨ ਕਮੇਟੀ ਬਾਗੜੀਆਂ ਦੇ ਚੇਅਰਮੈਨ ਮਨਜੀਤ ਸਿੰਘ ਨੇ ਸਮਾਗਮ ’ਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅੰਤ ’ਚ ਸਾਰੇ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਜੋਧਵੀਰ ਸਿੰਘ ਠੱਠੀਆਂ ਖੁਰਦ, ਲਿਸ਼ਕਾਰ ਸਿੰਘ ਬਲਾਕ ਸੰਮਤੀ ਮੈਂਬਰ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਰਜਿੰਦਰ ਸਿੰਘ, ਕੁਲਵੰਤ ਕੌਰ ਮੈਂਬਰ, ਪੱਤਰਕਾਰ ਪਰਸ਼ੋਤਮ ਸਿੰਘ, ਸੁਰਿੰਦਰ ਸਿੰਘ, ਜਸਬੀਰ ਸਿੰਘ, ਤੇਜਿੰਦਰਪਾਲ ਸਿੰਘ, ਰਜਿੰਦਰ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।