ਪੰਜਾਬ ਪੈਨਸ਼ਨ ਯੂਨੀਅਨ ਕਰੇਗੀ ਪੱਕੇ ਮੋਰਚੇ ’ਚ ਸ਼ਮੂਲੀਅਤ ਪੰਜਾਬ ਪੈਨਸ਼ਨ ਯੂਨੀਅਨ ਚੰਡੀਗੜ੍ਹ ’ਚ 13 ਤੋਂ 19 ਤਕ ਲੱਗਣ ਵਾਲੇ ਪੱਕੇ ਮੋਰਚੇ ’ਚ ਸ਼ਮੂਲੀਅਤ ਕਰੇਗੀ
Publish Date: Fri, 06 Nov 2026 05:24 PM (IST)
Updated Date: Fri, 06 Nov 2026 05:26 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਪੁਰੀ, ਅਜਮੇਰ ਸਿੰਘ ਕੱਲ੍ਹਾ, ਸੂਬਾ ਸਿੰਘ ਅਤੇ ਕਾਰਜ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਰੋਡਵੇਜ਼ ਭਵਨ ਤਰਨਤਾਰਨ ਵਿਖੇ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂ ਸਵਰਨ ਸਿੰਘ ਕੁਹਾੜਕਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਾਰ-ਵਾਰ ਮੁਲਾਜ਼ਮਾਂ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਗੱਲਬਾਤ ਤੋਂ ਪਿੱਛੇ ਹਟ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੇ ਮੰਤਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਪ੍ਰੈੱਸ ਕਾਨਫਰੰਸਾਂ ਰਾਹੀਂ ਲੋਕਾਂ ’ਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਬੰਧੀ ਗਲਤ ਪ੍ਰਭਾਵ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੀ ਕੁੱਲ ਆਮਦਨ ਦਾ 51 ਫ਼ੀਸਦੀ ਹਿੱਸਾ ਤਨਖ਼ਾਹਾਂ ’ਤੇ ਖ਼ਰਚ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਦਕਿ ਸਰਕਾਰ ਆਪਣੇ ਫ਼ਜ਼ੂਲ ਖ਼ਰਚੇ ਘਟਾਉਣ ਦੀ ਬਜਾਏ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਅਤੇ ਹੋਰ ਬਣਦੇ ਭੱਤੇ ਦੇਣ ਤੋਂ ਵੀ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਭੱਤਾ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕੋਈ ਖ਼ੈਰਾਤ ਨਹੀਂ, ਸਗੋਂ ਤਨਖ਼ਾਹ ਕਮਿਸ਼ਨਾਂ ਦੀਆਂ ਸਿਫ਼ਾਰਸ਼ਾਂ ਅਤੇ ਨਿਯਮਾਂ ਅਨੁਸਾਰ ਮਹਿੰਗਾਈ ਦੇ ਵਾਧੇ ਦੇ ਮੱਦੇ ਨਜ਼ਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਹੱਕ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨੂੰ 63 ਫ਼ੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਹੈ, ਜਦਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਦਾਲਤ ਵੱਲੋਂ ਮੁੱਖ ਸਕੱਤਰ ਨੂੰ ਕੀਤੀ ਗਈ ਸਖ਼ਤੀ ਤੋਂ ਬਾਅਦ ਸਿਰਫ਼ 3 ਫ਼ੀਸਦੀ ਮਹਿੰਗਾਈ ਭੱਤਾ ਦਿੱਤਾ ਗਿਆ ਹੈ। ਉਨ੍ਹਾਂ ਅਨੁਸਾਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਮੁਕਾਬਲੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਅਜੇ ਵੀ 10 ਫ਼ੀਸਦੀ ਘੱਟ ਹੈ ਅਤੇ ਸਰਕਾਰ ਵੱਲ ਉਨ੍ਹਾਂ ਦੇ ਕਰੋੜਾਂ ਰੁਪਏ ਦੇ ਬਕਾਏ ਵੀ ਲੰਮੇ ਸਮੇਂ ਤੋਂ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮੈਡੀਕਲ ਭੱਤਾ ਦੁੱਗਣਾ ਕਰਨ ਅਤੇ ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕਰਨ ਵਰਗੀਆਂ ਮੰਗਾਂ ਨੂੰ ਲਗਾਤਾਰ ਟਾਲ ਰਹੀ ਹੈ। ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ 13 ਤੋਂ 19 ਨਵੰਬਰ ਤਕ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ’ਚ ਪੰਜਾਬ ਪੈਨਸ਼ਨ ਯੂਨੀਅਨ ਵੱਲੋਂ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਪੈਨਸ਼ਨਰ ਆਗੂਆਂ ਨੇ ਦੱਸਿਆ ਕਿ ਪੈਨਸ਼ਨ ਦਿਵਸ 5 ਦਸੰਬਰ ਨੂੰ ਜ਼ਿਲ੍ਹਾ ਤਰਨਤਾਰਨ ਦੇ ਪੈਨਸ਼ਨਰਾਂ ਵੱਲੋਂ ਰੋਡਵੇਜ਼ ਭਵਨ ਤਰਨਤਾਰਨ ਵਿਖੇ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਮੀਟਿੰਗ ’ਚ ਗੁਰਦੀਪ ਸਿੰਘ, ਮਹਿੰਦਰ ਸਿੰਘ, ਲਾਭ ਸਿੰਘ, ਜੀਵਨ ਸਿੰਘ, ਅਮਰੀਕ ਸਿੰਘ, ਸੇਵਾ ਸਿੰਘ, ਹਰਬੰਸ ਸਿੰਘ ਭੁੱਲਰ, ਬਚਨ ਸਿੰਘ, ਸੰਤੋਖ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਰਾਜ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਆਸਾ ਸਿੰਘ, ਕਸ਼ਮੀਰ ਸਿੰਘ, ਜਸਵੰਤ ਸਿੰਘ, ਰਾਮ ਸਿੰਘ, ਰਣਜੀਤ ਸਿੰਘ, ਰੋਡਵੇਜ਼ ਸਾਥੀ ਪ੍ਰਧਾਨ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਨਵਦੀਪ ਸਿੰਘ ਅਤੇ ਸੋਨੂੰ ਸਮੇਤ ਹੋਰ ਆਗੂ ਹਾਜ਼ਰ ਸਨ।