ਪੰਜਾਬ ਵਾਸੀ 2027 ’ਚ ਮੁੜ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ : ਬਿੱਟੂ ਖਵਾਸਪੁਰ ਪੰਜਾਬ ਵਾਸੀ 2027 ’ਚ ਮੁੜ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ : ਬਿੱਟੂ ਖਵਾਸਪੁਰ
Publish Date: Fri, 06 Nov 2026 05:22 PM (IST)
Updated Date: Fri, 06 Nov 2026 05:23 PM (IST)
ਮਦਨ ਲਾਲ, •ਪੰਜਾਬੀ ਜਾਗਰਣ, ਸ਼ਾਹਬਾਜ਼ਪੁਰ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਹਲਕੇ ਤੋਂ ਸੀਨੀਅਰ ਆਗੂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਵੱਲੋਂ ਹਲਕੇ ਦੇ ਜ਼ੋਨ ਮਾਣੋਚਾਹਲ ਅਧੀਨ ਆਉਂਦੇ ਪਿੰਡ ਜੀਓਬਾਲਾ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਜਾਣੂੰ ਹਨ ਅਤੇ ਉਹ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਮੁੜ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ, ਸਿਹਤ, ਬਿਜਲੀ, ਔਰਤਾਂ ਦੀ ਭਲਾਈ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ 2027 ’ਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਇਨ੍ਹਾਂ ਯੋਜਨਾਵਾਂ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਨਾਲ ਵੱਡੀ ਗਿਣਤੀ ’ਚ ਪਰਿਵਾਰਾਂ ਨੂੰ ਬਿਜਲੀ ਦੇ ਬਿੱਲਾਂ ਵਿਚ ਰਾਹਤ ਮਿਲ ਰਹੀ ਹੈ। ਇਸੇ ਤਰ੍ਹਾਂ ਔਰਤਾਂ ਲਈ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਸਹੂਲਤ ਵੀ ਜਾਰੀ ਹੈ, ਜਿਸ ਨਾਲ ਔਰਤਾਂ ਨੂੰ ਰੋਜ਼ਾਨਾ ਆਉਣ-ਜਾਣ ’ਚ ਆਰਥਿਕ ਸਹਾਇਤਾ ਮਿਲ ਰਹੀ ਹੈ। ਉਨ੍ਹਾਂ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਡਾਕਟਰੀ ਜਾਂਚ, ਦਵਾਈਆਂ ਅਤੇ ਲੋੜੀਂਦੇ ਟੈਸਟਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਪਰਿਵਾਰਾਂ ਨੂੰ ਸਾਲਾਨਾ 10 ਲੱਖ ਰੁਪਏ ਤਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਨਾਲ ਗੰਭੀਰ ਬਿਮਾਰੀਆਂ ਦੇ ਇਲਾਜ ਦੌਰਾਨ ਪਰਿਵਾਰਾਂ ਉੱਤੇ ਪੈਣ ਵਾਲਾ ਆਰਥਿਕ ਬੋਝ ਘਟਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਇਕਬਾਲ ਸਿੰਘ ਬਾਕੀਪੁਰ, ਬਲਦੇਵ ਸਿੰਘ ਕੋਟ, ਬਾਬਾ ਪੂਰਨ ਸਿੰਘ ਮਾਣੋਚਾਹਲ, ਤਰਸੇਮ ਸਿੰਘ ਕੁਹਾੜਕਾ, ਗੁਰਸੇਵਕ ਸਿੰਘ ਤੇਜਾ ਸਿੰਘ ਵਾਲਾ, ਹਰੀ ਸਿੰਘ ਤੇਜਾ ਸਿੰਘ ਵਾਲਾ, ਗੁਰਓਂਕਾਰ ਸਿੰਘ ਵਾਂ, ਵਿਰਸਾ ਸਿੰਘ ਚੋਹਲਾ ਸਾਹਿਬ. ਗੁਰਮੇਜ ਸਿੰਘ ਜੋਧਪੁਰ, ਜਸਵੰਤ ਸਿੰਘ ਲਵਲੀ, ਗੁਰਦੇਵ ਸਿੰਘ ਜਰਮਸਤਪੁਰ, ਸਰਵਨ ਸਿੰਘ ਜਰਸਮਤਪੁਰ, ਰਛਪਾਲ ਸਿੰਘ ਵਿਰਕ, ਕਵਲਜੀਤ ਸਿੰਘ ਸੰਧੂ, ਸੁਖਬੀਰ ਸਿੰਘ ਸੰਧੂ, ਮਨਜੀਤ ਸਿੰਘ, ਕਾਬਲ ਸਿੰਘ ਬੁੱਘੇ, ਦੀਪਕ ਅਲਦੀਨਪੁਰ, ਸੁਬੇਗ ਸਿੰਘ ਰਸੂਲਪੁਰ, ਲਖਬੀਰ ਸਿੰਘ ਚੋਹਲਾ ਸਾਹਿਬ, ਮਲਕੀਤ ਸਿੰਘ, ਹਰਿੰਦਰ ਸਿੰਘ ਮਾਣੋਚਾਹਲ, ਕੁਲਵੰਤ ਸਿੰਘ ਮਾਣੋਚਾਹਲ, ਅਰਸ਼ਦੀਪ ਸਿੰਘ ਜੀਓਬਾਲਾ ਆਦਿ ਵੀ ਮੌਜੂਦ ਸਨ।