ਪੀਸੀਐੱਸ ਪ੍ਰੀਖਿਆ ਦੇ ਨਤੀਜੇ ਚਿੰਤਾਜਨਕ : ਐਡਵੋਕੇਟ ਕਰਮਵੀਰ ਸਿੰਘ ਪੀਸੀਐੱਸ ਪ੍ਰੀਖਿਆ ਦੇ ਨਤੀਜਿਆਂ ’ਤੇ ਉੱਠੇ ਸਵਾਲਾਂ ਦੀ ਨਿਰਪੱਖ ਜਾਂਚ ਹੋਵੇ : ਐਡਵੋਕੇਟ ਕਰਮਵੀਰ ਸਿੰਘ
Publish Date: Fri, 06 Nov 2026 04:51 PM (IST)
Updated Date: Fri, 06 Nov 2026 04:53 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ ਅਕਾਲੀ ਦਲ ਵਾਰਿਸ ਪੰਜਾਬ ਦੇ ਬੁਲਾਰੇ ਅਤੇ ਕਾਨੂੰਨੀ ਮਾਮਲਿਆਂ ਬਾਰੇ ਵਿਭਾਗ ਦੇ ਉਪ ਪ੍ਰਧਾਨ ਐਡਵੋਕੇਟ ਕਰਮਵੀਰ ਸਿੰਘ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਐਲਾਨੇ ਪੰਜਾਬ ਸਿਵਲ ਸੇਵਾਵਾਂ ਪੀਸੀਐੱਸ ਦੀ ਮੁੱਖ ਪ੍ਰੀਖਿਆ ਦੇ ਨਤੀਜਿਆਂ ਸਬੰਧੀ ਸਾਹਮਣੇ ਆ ਰਹੇ ਸਵਾਲਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਖੌਤੀ ਇਨਕਲਾਬ ਹੁਣ ਨੌਜਵਾਨਾਂ ਦੇ ਭਵਿੱਖ ਅਤੇ ਸਰਕਾਰੀ ਭਰਤੀ ਪ੍ਰਕਿਰਿਆ ਦੀ ਭਰੋਸੇਯੋਗਤਾ ਸਬੰਧੀ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਹਮਣੇ ਆ ਰਹੀਆਂ ਰਿਪੋਰਟਾਂ ਅਨੁਸਾਰ ਕੁਝ ਪ੍ਰੀਖਿਆ ਕੇਂਦਰਾਂ ਤੋਂ ਅਸਧਾਰਨ ਗਿਣਤੀ ’ਚ ਉਮੀਦਵਾਰਾਂ ਦੀ ਅਗਲੇ ਪੜਾਅ ਲਈ ਚੋਣ ਹੋਣ, ਇਕ ਕੇਂਦਰ ਨਾਲ 24 ਫ਼ੀਸਦੀ ਦਾ ਅੰਕੜਾ ਜੁੜਨ ਅਤੇ ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦੇ ਚੋਣ ਸੂਚੀ ’ਚ ਸ਼ਾਮਲ ਹੋਣ ਦੇ ਦਾਅਵਿਆਂ ਨੇ ਪੂਰੀ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ, ਇਨ੍ਹਾਂ ਅੰਕੜਿਆਂ ਅਤੇ ਇਨ੍ਹਾਂ ਦੇ ਅਰਥਾਂ ਦੀ ਸੁਤੰਤਰ ਤਸਦੀਕ ਹੋਣੀ ਵੀ ਜ਼ਰੂਰੀ ਹੈ। ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਤਾਂ ਸਰਕਾਰ ਅਤੇ ਕਮਿਸ਼ਨ ਪ੍ਰੀਖਿਆ ਕੇਂਦਰਾਂ ਅਨੁਸਾਰ ਅੰਕੜੇ, ਉੱਤਰ-ਪੱਤਰੀਆਂ ਦੇ ਮੁਲਾਂਕਣ ਦੀ ਪ੍ਰਕਿਰਿਆ ਅਤੇ ਅਗਲੇ ਪੜਾਅ ਲਈ ਉਮੀਦਵਾਰਾਂ ਦੀ ਚੋਣ ਦੇ ਮਾਪਦੰਡ ਜਨਤਕ ਕਰਨ ਤੋਂ ਕਿਉਂ ਝਿਜਕ ਰਹੇ ਹਨ।