ਵਿਦਿਆਰਥੀਆਂ ਵੱਲੋਂ ਓਲਡ ਏਜ ਹੋਮ ਦਾ ਦੌਰਾ ਦੀਵਾਲੀ ਮੌਕੇ ਸੈਂਟਰਲ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਓਲਡ ਏਜ ਹੋਮ ’ਚ ਬਜ਼ੁਰਗਾਂ ਨਾਲ ਮਨਾਈਆਂ ਖੁਸ਼ੀਆਂ
Publish Date: Fri, 06 Nov 2026 04:48 PM (IST)
Updated Date: Fri, 06 Nov 2026 04:50 PM (IST)
ਬੱਲੂ ਮਹਿਤਾ, ਪੰਜਾਬੀ ਜਾਗਰਣ, ਪੱਟੀ : ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਓਲਡ ਏਜ ਹੋਮ, ਜਵੰਦ ਕਲਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਉਥੇ ਰਹਿ ਰਹੇ ਬਜ਼ੁਰਗਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਬੱਚਿਆਂ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ’ਤੇ ਮਨ ਦੀਆਂ ਭਾਵਨਾਵਾਂ ਨੂੰ ਸੁਣਿਆ। ਬਜ਼ੁਰਗਾਂ ਵੱਲੋਂ ਆਪਣੇ ਜੀਵਨ ਨਾਲ ਜੁੜੀਆਂ ਯਾਦਾਂ ਅਤੇ ਦੁੱਖ-ਸੁੱਖ ਸਾਂਝੇ ਕੀਤੇ ਗਏ, ਜਿਨ੍ਹਾਂ ਨੂੰ ਸੁਣ ਕੇ ਵਿਦਿਆਰਥੀ ਵੀ ਭਾਵੁਕ ਹੋ ਗਏ। ਉਥੇ ਰਹਿ ਰਹੀਆਂ ਔਰਤਾਂ ਨੇ ਵੀ ਆਪਣੇ ਮਨ ਦੇ ਭਾਵ ਪ੍ਰਗਟ ਕੀਤੇ। ਕਈਆਂ ਨੇ ਗੀਤ ਗਾਏ ਅਤੇ ਕਈਆਂ ਨੇ ਬੋਲੀਆਂ ਪਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਵਿਦਿਆਰਥੀਆਂ ਨੇ ਬਜ਼ੁਰਗਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਸਮਾਜ ਸੇਵਾ, ਬਜ਼ੁਰਗਾਂ ਪ੍ਰਤੀ ਸਤਿਕਾਰ, ਪਿਆਰ, ਹਮਦਰਦੀ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਪ੍ਰਿੰਸੀਪਲ ਕਮ ਐਗਜ਼ੀਕਿਊਟਿਵ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਆਮ ਭਾਰਦਵਾਜ ਅਤੇ ਡਾਇਰੈਕਟਰ ਸ਼ੁਭੀ ਭਾਰਦਵਾਜ ਨੇ ਕਿਹਾ ਕਿ ਸਕੂਲ ਵੱਲੋਂ ਸਮੇਂ-ਸਮੇਂ ’ਤੇ ਅਜਿਹੀਆਂ ਸਮਾਜਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਵਿਦਿਆਰਥੀ ਕਿਤਾਬੀ ਗਿਆਨ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਸਮਝ ਸਕਣ।