ਪੀਪੀਐੱਸਸੀ ਭਰਤੀ ’ਚ ਉੱਠੇ ਸਵਾਲਾਂ ਦੀ ਸੀਬੀਆਈ ਜਾਂਚ ਕਰਵਾਈ ਜਾਵੇ : ਭਰੋਵਾਲ ਬਿਨ੍ਹਾਂ ਪੈਸੇ ਤੇ ਸਿਫ਼ਾਰਸ਼ ਤੋਂ ਨੌਕਰੀਆਂ ਦੇਣ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਦੀ ਖੁੱਲ੍ਹੀ ਪੋਲ ਹੋਈ : ਭਰੋਵਾਲ
Publish Date: Fri, 06 Nov 2026 04:42 PM (IST)
Updated Date: Fri, 06 Nov 2026 04:44 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਪ੍ਰਦੇਸ਼ ਕਾਰਜਕਾਰਨੀ ਕਮੇਟੀ ਦੇ ਮੈਂਬਰ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਕਿ ਪੰਜਾਬ ’ਚ ਬਿਨ੍ਹਾਂ ਪੈਸੇ ਅਤੇ ਸਿਫ਼ਾਰਸ਼ ਤੋਂ ਨੌਕਰੀਆਂ ਦੇਣ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੇ ਰਾਜ ’ਚ ਹੁਣ ਭਰਤੀ ਪ੍ਰਣਾਲੀ ਦੀ ਪਾਰਦਰਸ਼ਤਾ ਉੱਤੇ ਹੀ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਪੀਪੀਐੱਸਸੀ ਦੀ ਪੰਜਾਬ ਸਿਵਲ ਸੇਵਾਵਾਂ ਪੀਸੀਐੱਸ ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਸਾਹਮਣੇ ਆਏ ਵਿਵਾਦ ਨੇ ਹਜ਼ਾਰਾਂ ਨੌਜਵਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਭਰੋਵਾਲ ਨੇ ਕਿਹਾ ਕਿ 331 ਅਸਾਮੀਆਂ ਲਈ 751 ਉਮੀਦਵਾਰਾਂ ਨੂੰ ਇੰਟਰਵਿਊ ਵਾਸਤੇ ਚੁਣਿਆ ਗਿਆ ਹੈ। ਇੱਕੋ ਪ੍ਰੀਖਿਆ ਕੇਂਦਰ ਤੋਂ 24 ਫ਼ੀਸਦੀ ਤੋਂ ਵੱਧ ਉਮੀਦਵਾਰਾਂ ਦੀ ਚੋਣ ਹੋਣਾ, ਇੱਕੋ ਕਮਰੇ ਵਿੱਚੋਂ 10 ਤੋਂ 11 ਉਮੀਦਵਾਰਾਂ ਦਾ ਸਫ਼ਲ ਹੋਣਾ ਅਤੇ ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦੀ ਚੋਣ ਵਰਗੇ ਮਾਮਲਿਆਂ ਨੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਇਲਾਵਾ ਗੈਰ-ਹਾਜ਼ਰ ਉਮੀਦਵਾਰਾਂ ਦੇ ਰੋਲ ਨੰਬਰ ਨਤੀਜੇ ’ਚ ਸ਼ਾਮਿਲ ਹੋਣ ਸਬੰਧੀ ਲੱਗੇ ਦੋਸ਼ਾਂ ਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੀਪੀਐੱਸਸੀ ਵੱਲੋਂ ਇਸ ਮਾਮਲੇ ਸਬੰਧੀ ਆਪਣਾ ਪੱਖ ਰੱਖਿਆ ਗਿਆ ਹੈ, ਪਰ ਸਿਰਫ਼ ਬਿਆਨ ਜਾਰੀ ਕਰਨ ਨਾਲ ਉਮੀਦਵਾਰਾਂ ਅਤੇ ਆਮ ਲੋਕਾਂ ਦੇ ਮਨਾਂ ’ਚ ਉੱਠ ਰਹੇ ਸ਼ੱਕ ਦੂਰ ਨਹੀਂ ਹੋ ਸਕਦੇ। ਜੇਕਰ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਹੈ ਤਾਂ ਪ੍ਰੀਖਿਆ ਕੇਂਦਰਾਂ ਦੇ ਹਾਜ਼ਰੀ ਰਿਕਾਰਡ, ਬਾਇਓਮੈਟ੍ਰਿਕ ਅੰਕੜਿਆਂ, ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਉੱਤਰ-ਪੱਤਰੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਭਰੋਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਾਇਬ ਤਹਿਸੀਲਦਾਰਾਂ ਦੀ ਭਰਤੀ ਅਤੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੀਆਂ ਭਰਤੀਆਂ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ। ਵਾਰ-ਵਾਰ ਭਰਤੀ ਪ੍ਰਕਿਰਿਆਵਾਂ ਦਾ ਵਿਵਾਦਾਂ ’ਚ ਘਿਰਨਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਭਰਤੀ ਪ੍ਰਣਾਲੀ ਦੀ ਭਰੋਸੇਯੋਗਤਾ ਉੱਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਇਸ ਮੌਕੇ ਮੀਤ ਪ੍ਰਧਾਨ ਹਰਮਨਦੀਪ ਸਿੰਘ ਕੱਲਾ, ਸਰਕਲ ਪ੍ਰਧਾਨ ਨਰਿੰਦਰ ਸਿੰਘ, ਲਖਵਿੰਦਰ ਸਿੰਘ, ਸਰਬਜੀਤ ਸਿੰਘ, ਸੱਜਣ ਸਿੰਘ ਸਮੇਤ ਹੋਰ ਪਾਰਟੀ ਆਗੂ ਵੀ ਹਾਜ਼ਰ ਸਨ।