ਸੰਗਰੂਰ ਦੀ ਇਨਸਾਫ਼ ਰੈਲੀ ਲਈ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਸੈਂਕੜੇ ਸਾਥੀਆਂ ਦੇ ਕਾਫ਼ਲੇ ਸਮੇਤ ਰਵਾਨਾ ਸੰਗਰੂਰ ਦੀ ਇਨਸਾਫ਼ ਰੈਲੀ ਲਈ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਸੈਂਕੜੇ ਸਾਥੀਆਂ ਦੇ ਕਾਫ਼ਲੇ ਸਮੇਤ ਰਵਾਨਾ
Publish Date: Wed, 04 Nov 2026 07:00 PM (IST)
Updated Date: Wed, 04 Nov 2026 07:02 PM (IST)
2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ ਕਰਕੇ ਸਰਕਾਰ ਬਣਾਏਗੀ : ਭੁੱਲਰ, ਕਿਹਾ- ‘ਆਪ’ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਪੰਜਾਬ ਦੇ ਲੋਕ ਹੋਏ ਉਤਾਵਲੇ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਕਾਂਗਰਸ ਪਾਰਟੀ ਵੱਲੋਂ ਸੰਗਰੂਰ ਵਿਖੇ ਆਯੋਜਿਤ ਵਿਸ਼ਾਲ ਇਨਸਾਫ਼ ਰੈਲੀ ’ਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਆਪਣੇ ਸੈਂਕੜੇ ਸਾਥੀਆਂ ਅਤੇ ਕਾਂਗਰਸੀ ਵਰਕਰਾਂ ਸਮੇਤ ਪੂਰੇ ਜੋਸ਼ੋ-ਖਰੋਸ਼ ਨਾਲ ਸੰਗਰੂਰ ਲਈ ਰਵਾਨਾ ਹੋਏ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰਵਾਨਗੀ ਸਮੇਂ ਵਰਕਰਾਂ ਵੱਲੋਂ ‘ਕਾਂਗਰਸ ਪਾਰਟੀ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦਿਆਂ ਪਾਰਟੀ ਦੀਆਂ ਨੀਤੀਆਂ ਅਤੇ ਲੀਡਰਸ਼ਿਪ ਵਿਚ ਪੂਰਾ ਭਰੋਸਾ ਪ੍ਰਗਟਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ’ਚ ਆਮਦ ਨੂੰ ਲੈ ਕੇ ਪੰਜਾਬ ਭਰ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਬੇਮਿਸਾਲ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਗਰੂਰ ਦੀ ਇਹ ਇਨਸਾਫ਼ ਰੈਲੀ ਪੰਜਾਬ ਦੀ ਸਿਆਸਤ ’ਚ ਨਵਾਂ ਇਤਿਹਾਸ ਸਿਰਜੇਗੀ ਅਤੇ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ ਇਹ ਰੈਲੀ ਕੇਵਲ ਸਿਆਸੀ ਇਕੱਠ ਨਹੀਂ, ਸਗੋਂ ਪੰਜਾਬ ਅਤੇ ਦੇਸ਼ ਦੇ ਲੋਕਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਵਿਰੁੱਧ ਇਕ ਮਜ਼ਬੂਤ ਲੋਕਤੰਤਰੀ ਆਵਾਜ਼ ਹੈ। ਭੁੱਲਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀ, ਪਰ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਕਿਉਂਕਿ ਚੋਣਾਂ ਦੌਰਾਨ ਕੀਤੇ ਵੱਡੇ-ਵੱਡੇ ਵਾਅਦੇ ਅਜੇ ਤਕ ਪੂਰੇ ਨਹੀਂ ਹੋਏ। ਨੌਜਵਾਨ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ, ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਚਿੰਤਤ ਹਨ, ਵਪਾਰੀ ਵਰਗ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਆਮ ਲੋਕ ਮਹਿੰਗਾਈ, ਗੈਂਗਸਟਰਵਾਦ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਡਾਹਢੇ ਪ੍ਰੇਸ਼ਾਨ ਹਨ ਅਤੇ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰਨ ਲਈ 2027 ਦੀਆਂ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ’ਤੇ ਵਰ੍ਹਦਿਆਂ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਦੇਸ਼ ’ਚ ਲੋਕਤੰਤਰ, ਸੰਵਿਧਾਨਕ ਸੰਸਥਾਵਾਂ ਅਤੇ ਲੋਕਾਂ ਦੇ ਵੋਟ ਦੇ ਅਧਿਕਾਰ ਦੀ ਰਾਖੀ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਵੋਟਾਂ ਦੀ ਪਾਰਦਰਸ਼ਤਾ, ਵੋਟ ਚੋਰੀ ਦੇ ਦੋਸ਼ਾਂ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਸਵਾਲਾਂ ਨੂੰ ਲੈ ਕੇ ਲਗਾਤਾਰ ਆਵਾਜ਼ ਉਠਾਈ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਵਿਰੋਧੀ ਧਿਰ ਦੀਆਂ ਆਵਾਜ਼ਾਂ ਦਬਾਉਣ ਦੀ ਬਜਾਏ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਲੋਕਤੰਤਰ ਕਿਸੇ ਇਕ ਪਾਰਟੀ ਦੀ ਜਾਇਦਾਦ ਨਹੀਂ, ਸਗੋਂ ਕਰੋੜਾਂ ਭਾਰਤੀਆਂ ਦੀ ਸਾਂਝੀ ਵਿਰਾਸਤ ਹੈ, ਜਿਸ ਦੀ ਰਾਖੀ ਲਈ ਕਾਂਗਰਸ ਪਾਰਟੀ ਹਰ ਪੱਧਰ ’ਤੇ ਸੰਘਰਸ਼ ਜਾਰੀ ਰੱਖੇਗੀ। ਭੁੱਲਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਤੋਂ ਨਿਰਾਸ਼ ਹਨ ਅਤੇ ਆਉਣ ਵਾਲੀਆਂ ਚੋਣਾਂ ’ਚ ਲੋਕ ਕਾਂਗਰਸ ਪਾਰਟੀ ਨੂੰ ਵੱਡਾ ਫਤਵਾ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਪੰਜਾਬ ਦੇ ਵਿਕਾਸ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲਾ ਰਿਹਾ ਹੈ। ਪਾਰਟੀ ਦੀ ਮਜ਼ਬੂਤ ਲੀਡਰਸ਼ਿਪ ਅਤੇ ਵਰਕਰਾਂ ਦੀ ਮਿਹਨਤ ਸਦਕਾ 2027 ’ਚ ਕਾਂਗਰਸ ਸ਼ਾਨਦਾਰ ਜਿੱਤ ਦਰਜ ਕਰਕੇ ਮਜ਼ਬੂਤ ਸਰਕਾਰ ਬਣਾਏਗੀ। ਇਸ ਮੌਕੇ ਵੱਡੀ ਗਿਣਤੀ ’ਚ ਜ਼ਿਲ੍ਹੇ ਦੇ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।