ਜੌਹਲ ਢਾਏ ਵਾਲਾ ’ਚ ਪੁੱਜਾ ਪ੍ਰਸ਼ਾਸਨ, ਮੌਕੇ ’ਤੇ ਬੁਝਾਈ ਅੱਗ, ਕੱਟਿਆ ਚਲਾਨ, ਭਰਨਾ ਪਵੇਗਾ ਜੁਰਮਾਨਾ ਜੌਹਲ ਢਾਏ ਵਾਲਾ ’ਚ ਪੁੱਜਾ ਪ੍ਰਸ਼ਾਸਨ, ਮੌਕੇ ’ਤੇ ਬੁਝਾਈ ਅੱਗ, ਕੱਟਿਆ ਚਲਾਨ, ਭਰਨਾ ਪਵੇਗਾ ਜੁਰਮਾਨਾ
Publish Date: Wed, 04 Nov 2026 06:46 PM (IST)
Updated Date: Wed, 04 Nov 2026 06:47 PM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਜ਼ਿਲ੍ਹਾ ਤਰਨਤਾਰਨ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਖ਼ਤ ਰੁਖ਼ ਅਖਤਿਆਰ ਕੀਤਾ ਗਿਆ ਹੈ। ਇਸੇ ਤਹਿਤ ਪਿੰਡ ਜੌਹਲ ਢਾਏ ਵਾਲਾ ਵਿਖੇ ਕਿਸਾਨ ਭੁਪਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵੱਲੋਂ ਪਰਾਲੀ ਨੂੰ ਲਗਾਈ ਗਈ ਅੱਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਬੁਝਾਇਆ ਗਿਆ। ਇਸ ਮਾਮਲੇ ’ਚ ਕਿਸਾਨ ਦਾ ਚਲਾਨ ਕੱਟਿਆ ਗਿਆ ਹੈ ਅਤੇ ਨਿਯਮਾਂ ਅਨੁਸਾਰ ਜੁਰਮਾਨਾ ਭਰਨਾ ਪਵੇਗਾ। ਐੱਸਡੀਐੱਮ ਖਡੂਰ ਸਾਹਿਬ ਸੰਜੀਵ ਕੁਮਾਰ ਸ਼ਰਮਾ ਅਤੇ ਡਾ. ਯਾਦਵਿੰਦਰ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਖਡੂਰ ਸਾਹਿਬ, ਫਤਿਆਬਾਦ, ਖੇਲਾ, ਭੈਲ, ਭੋਈਆਂ, ਭੈਲ ਢਾਏ ਵਾਲਾ, ਜੌਹਲ ਢਾਏ ਵਾਲਾ, ਗੁੱਜਰਪੁਰ ਅਤੇ ਲੁਹਾਰ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ. ਤੇਜਬੀਰ ਸਿੰਘ ਭੰਗੂ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਮਿੱਟੀ ’ਚ ਮੌਜੂਦ ਮਿੱਤਰ ਕੀੜੇ ਨਸ਼ਟ ਹੁੰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਾਲੀ ਸਾੜਨ ਨਾਲ ਨਾ ਸਿਰਫ਼ ਵਾਤਾਵਰਨ ਅਤੇ ਜ਼ਮੀਨ ਦਾ ਨੁਕਸਾਨ ਹੁੰਦਾ ਹੈ, ਸਗੋਂ ਕਿਸਾਨਾਂ ਨੂੰ ਕਾਨੂੰਨੀ ਅਤੇ ਵਿੱਤੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ, ਇਸ ਦਾ ਸੁਚੱਜਾ ਪ੍ਰਬੰਧਨ ਕਰਨ ਅਤੇ ਜ਼ਿਲ੍ਹੇ ਨੂੰ ਪਰਾਲੀ ਸਾੜਨ ਤੋਂ ਮੁਕਤ ਬਣਾਉਣ ਵਿਚ ਪ੍ਰਸ਼ਾਸਨ ਦਾ ਸਹਿਯੋਗ ਦੇਣ।