ਤਰਨਤਾਰਨ ਜ਼ਿਲ੍ਹੇ ’ਚ ਨਹੀਂ ਰੁਕ ਰਿਹਾ ਪਰਾਲੀ ਸਾੜੇ ਜਾਣ ਦਾ ਸਿਲਸਿਲਾ ਤਰਨਤਾਰਨ ਜ਼ਿਲ੍ਹੇ ’ਚ ਨਹੀਂ ਰੁਕ ਰਿਹਾ ਪਰਾਲੀ ਸਾੜੇ ਜਾਣ ਦਾ ਸਿਲਸਿਲਾ
Publish Date: Wed, 04 Nov 2026 06:29 PM (IST)
Updated Date: Wed, 04 Nov 2026 06:32 PM (IST)
ਤਰਨਤਾਰਨ ਜ਼ਿਲ੍ਹੇ ’ਚ ਨਹੀਂ ਰੁਕ ਰਿਹਾ ਪਰਾਲੀ ਸਾੜੇ ਜਾਣ ਦਾ ਸਿਲਸਿਲਾ ਸ਼ਾਮ ਹੁੰਦਿਆਂ ਹੀ ਖੇਤਾਂ ’ਚੋਂ ਅੱਗ ਦੀਆਂ ਲਪਟਾਂ ਦੇਣ ਲੱਗਦੀਆਂ ਹਨ ਦਿਖਾਈ, ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਪਰਾਲੀ ਸਾੜਨ ਦੇ 17 ਕੇਸ ਦਰਜ ਕੀਤੇ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਜ਼ਿਲ੍ਹੇ ’ਚ ਝੋਨੇ ਦੀ ਰਹਿੰਦ ਖੂੰਹਦ ‘ਪਰਾਲੀ’ ਨੂੰ ਅੱਗ ਲਗਾਏ ਜਾਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਸ਼ਾਮ ਹੁੰਦਿਆਂ ਹੀ ਪਰਾਲੀ ਨੂੰ ਲਗਾਈ ਗਈ ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇਣ ਲੱਗਦੀਆਂ ਹਨ ਅਤੇ ਅਸਮਾਨ ’ਚ ਸੰਘਣੇ ਧੂੰਏ ਦੇ ਬੱਦਲ ਵੀ ਛਾਅ ਜਾਂਦੇ ਹਨ। ਇਨ੍ਹਾਂ ਹੀ ਨਹੀਂ ਧੂੰਏ ਕਾਰਨ ਬਣੀ ਸਮੋਗ ਦਾ ਅਸਰ ਸੜਕਾਂ ’ਤੇ ਵੀ ਦਿਖਾਈ ਦੇਣ ਲੱਗਦਾ ਹੈ, ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਹਾਲਾਂਕਿ ਦੂਜੇ ਪਾਸੇ ਜ਼ਿਲ੍ਹੇ ’ਚ ਪਰਾਲੀ ਸਾੜਨ ਸਬੰਧੀ ਪੁਲਿਸ ਵਲੋਂ ਲਗਾਤਾਰ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਪੁਲਿਸ ਨੇ ਵੱਖ-ਵੱਖ ਥਾਣਿਆਂ ਵਿਚ 17 ਨਵੇਂ ਕੇਸ ਦਰਜ ਕੀਤੇ ਹਨ। ਪੁਲਿਸ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਬੂਆ ਪੱਤੀ ’ਚ ਪਰਾਲੀ ਸਾੜਨ ਸਬੰਧੀ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ, ਜਿਸਦੀ ਜਾਂਚ ਏਐੱਸਆਈ ਦਲਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। ਜਦੋਂਕਿ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਸੁਰਸਿੰਘ, ਭਿੱਖੀਵਿੰਡ, ਭਗਵਾਨਪੁਰਾ ਤੇ ਕਲਸੀਆਂ ਕਲਾਂ ’ਚ ਪਰਾਲੀ ਸਾੜਨ ਸਬੰਧੀ ਮਿਲੀਆਂ ਸੂਚਨਾਵਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤੇ ਹਨ। ਜਿਨ੍ਹਾਂ ਦੀ ਜਾਂਚ ਕ੍ਰਮਵਾਰ ਏਐੱਸਆਈ ਤਸਵੀਰ ਸਿੰਘ, ਸਲਵਿੰਦਰ ਸਿੰਘ, ਸਬ ਇੰਸਪੈਕਟਰ ਪਰਵਿੰਦਰ ਸਿੰਘ ਤੇ ਏਐੱਸਆਈ ਨਿਰਮਲ ਸਿੰਘ ਵਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਵਲਟੋਹਾ ਦੇ ਅਧਿਕਾਰੀਆਂ ਸਬ ਇੰਸਪੈਕਟਰ ਜੱਸਾ ਸਿੰਘ, ਏਐੱਸਆਈ ਗੁਰਅਵਤਾਰ ਸਿੰਘ, ਏਐੱਸਆਈ ਵਰਿਆਮ ਸਿੰਘ ਤੇ ਏਐੱਸਆਈ ਸੁਨੀਲ ਦੱਤ ਨੇ ਪਿੰਡ ਆਸਲ ਉਤਾੜ, ਕੋਟਲੀ ਵਸਾਵਾ ਸਿੰਘ ਤੇ ਅਲਗੋਂ ਕਲਾਂ ਵਿਚ ਪਰਾਲੀ ਸਾੜਨ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਚਾਰ ਕੇਸ ਦਰਜ ਕੀਤੇ ਹਨ। ਇਸ ਤੋਂ ਇਲਾਵਾ ਸਰਹੱਦੀ ਪਿੰਡ ਡੱਲ ਵਿਚ ਪੰਜ ਥਾਵਾਂ ’ਤੇ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਏਐੱਸਆਈ ਸਲਵਿੰਦਰ ਸਿੰਘ, ਏਐੱਸਆਈ ਬਲਵਿੰਦਰ ਸਿੰਘ, ਐੱਚਸੀ ਗੁਰਨਾਮ ਸਿੰਘ, ਜਗਰੂਪ ਸਿੰਘ ਅਤੇ ਗੁਰਸ਼ਿੰਦਰ ਸਿੰਘ ਨੇ ਅਣਪਛਾਤੇ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਹਨ। ਜਦੋਂਕਿ ਥਾਣਾ ਖਾਲੜਾ ਦੇ ਹੀ ਏਐੱਸਆਈ ਸਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਿੰਡ ਮਾੜੀ ਕੰਬੋਕੇ ’ਚ ਪਰਾਲੀ ਸਾੜਨ ਸਬੰਧੀ ਕੇਸ ਦਰਜ ਕੀਤਾ ਹੈ ਤੇ ਇਸ ਕੇਸ ਦੀ ਜਾਂਚ ਏਐੱਸਆਈ ਸਲਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਸਦਰ ਪੱਟੀ ਦੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਜੋਧ ਸਿੰਘ ਵਾਲਾ ਵਿਚ ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ ਹੇਠ ਸ਼ਮਸ਼ੇਰ ਸਿੰਘ ਪੁੱਤਰ ਨਿਰੰਜਣ ਸਿੰਘ ਅਤੇ ਗੁਰਭੇਜ ਸਿੰਘ ਪੁੱਤਰ ਮਾਧਾ ਸਿੰਘ ਵਾਸੀ ਜੋਧ ਸਿੰਘ ਵਾਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਜਦੋਂਕਿ ਏਐੱਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਦੁਬਲੀ ਵਿਚ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਕਾਰਜ ਸਿੰਘ ਉਰਫ ਬੱਗਾ ਸਿੰਘ ਪੁੱਤਰ ਸੋਹਨ ਸਿੰਘ ਵਿਰੁੱਧ ਰਹਿੰਦ ਖੂੰਹਦ ਸਾੜਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ---- ਬਾਕਸ- ਖੇਤੀਬਾੜੀ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ ਜਾਗਰੂਕ ਦੂਜੇ ਪਾਸੇ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਸਬੰਧੀ ਲਗਾਤਾਰ ਪਿੰਡ ’ਚ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਨਾਲ ਹੀ ਪਰਾਲੀ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਹੋਣ ਵਾਲੇ ਨੁਕਸਾਨ ਤੇ ਵਾਤਾਵਰਨ ਦੇ ਪ੍ਰਦੂਸ਼ਣ ਹੋਣ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਪਰ ਇਨ੍ਹਾਂ ਸਭ ਕਾਰਵਾਈਆਂ ਦੇ ਬਾਵਜੂਦ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।