- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ਦੇ ਸਿਵਲ ਹਸਪਤਾਲ ’ਚ ਕਰੀਬ ਇਕ ਕਰੋੜ ਰੁਪਏ ਦੀ ਕਥਿਤ ਹੇਰਾਫੇਰੀ ਦਾ ਮਾਮਲਾ ਭਖਿਆ

ਪੱਟੀ ਦੇ ਸਿਵਲ ਹਸਪਤਾਲ ’ਚ ਕਰੀਬ ਇਕ ਕਰੋੜ ਰੁਪਏ ਦੀ ਕਥਿਤ ਹੇਰਾਫੇਰੀ ਦਾ ਮਾਮਲਾ ਭਖਿਆ
ਗੈਰ-ਮੁਲਾਜ਼ਮ ਔਰਤ ਦੇ ਨਾਂ ’ਤੇ ਚਾਰ ਸਾਲ ਬਣਦੇ ਰਹੇ ਤਨਖ਼ਾਹਾਂ ਦੇ ਬਿੱਲ, ਸਰਕਾਰੀ ਖ਼ਜ਼ਾਨੇ ’ਚੋਂ ਕਢਵਾਈ ਰਕਮ ਆਪਣੇ ਤੇ ਸਹਿਯੋਗੀ ਦੇ ਖਾਤਿਆਂ ’ਚ ਪਵਾਉਣ ਦੇ ਦੋਸ਼, ਪੰਜ ਸਾਲਾਂ ਤੋਂ ਆਡਿਟ ਟੀਮਾਂ ਕਰਦੀਆਂ ਰਹੀਆਂ ਜਾਂਚ, ਹੁਣ ਹੋਰ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ
ਬੱਲੂ ਮਹਿਤਾ•, ਪੰਜਾਬੀ ਜਾਗਰਣ
ਪੱਟੀ : ਪੱਟੀ ਦੇ ਸਿਵਲ ਹਸਪਤਾਲ ’ਚ ਤਨਖ਼ਾਹਾਂ ਦੇ ਨਾਂ ’ਤੇ ਸਰਕਾਰੀ ਖ਼ਜ਼ਾਨੇ ’ਚੋਂ ਕਰੀਬ ਇਕ ਕਰੋੜ ਰੁਪਏ ਦੀ ਕਥਿਤ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ’ਚ ਹਲਚਲ ਮਚ ਗਈ ਹੈ। ਮੁੱਢਲੀ ਆਡਿਟ ਜਾਂਚ ’ਚ ਇਕ ਅਜਿਹੀ ਔਰਤ ਦੇ ਨਾਂ ’ਤੇ ਤਨਖ਼ਾਹਾਂ ਦੇ ਬਿੱਲ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਹਸਪਤਾਲ ’ਚ ਕੋਈ ਨਿਯੁਕਤੀ ਹੀ ਨਹੀਂ ਸੀ। ਦੋਸ਼ ਹਨ ਕਿ ਸਾਲ 2022 ਤੋਂ ਕਥਿਤ ਜਾਅਲੀ ਪਛਾਣ ਬਣਾ ਕੇ ਉਸ ਦੇ ਨਾਂ ’ਤੇ ਤਨਖ਼ਾਹਾਂ ਦੇ ਬਿੱਲ ਪਾਸ ਕਰਵਾਏ ਜਾਂਦੇ ਰਹੇ ਤੇ ਸਰਕਾਰੀ ਖ਼ਜ਼ਾਨੇ ’ਚੋਂ ਕਢਵਾਈ ਗਈ ਰਕਮ ਆਪਣੇ ਤੇ ਇਕ ਸਹਿਯੋਗੀ ਦੇ ਬੈਂਕ ਖਾਤਿਆਂ ’ਚ ਪਵਾਈ ਜਾਂਦੀ ਰਹੀ।
ਮਾਮਲੇ ’ਚ ਹਸਪਤਾਲ ਦੇ ਕੰਟਰੈਕਟ ਮੁਲਾਜ਼ਮ ਗੁਰਵਿੰਦਰ ਸਿੰਘ ਦਾ ਨਾਂ ਸਾਹਮਣੇ ਆ ਰਿਹਾ ਹੈ, ਜੋ ਸਾਲ 2018 ਵਿਚ ਸਿਵਲ ਹਸਪਤਾਲ ਪੱਟੀ ’ਚ ਭਰਤੀ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਉਹ ਹਸਪਤਾਲ ’ਚ ਕੰਪਿਊਟਰ ਆਪਰੇਟਰ ਵਜੋਂ ਤਾਇਨਾਤ ਸੀ। ਇਸ ਦੇ ਮਾਤਾ-ਪਿਤਾ ਵੀ ਪਹਿਲਾਂ ਹਸਪਤਾਲ ’ਚ ਲੈਬਾਰਟਰੀ ਟੈਕਨੀਸ਼ੀਅਨ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਹਾਲਾਂਕਿ ਇਸ ਮਾਮਲੇ ’ਚ ਕਿਸੇ ਦੀ ਜ਼ਿੰਮੇਵਾਰੀ ਅਜੇ ਅੰਤਿਮ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਤੈਅ ਹੋਵੇਗੀ।
-------
ਬਾਕਸ-
ਚੰਡੀਗੜ੍ਹ ਤੋਂ ਪਹੁੰਚੀ ਵਿਸ਼ੇਸ਼ ਆਡਿਟ ਟੀਮ ਨੇ ਖੰਗਾਲਿਆ ਰਿਕਾਰਡ
ਇਸ ਕਥਿਤ ਹੇਰਾਫੇਰੀ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਤਨਖ਼ਾਹਾਂ ਦੇ ਬਿੱਲਾਂ ’ਚ ਦਰਜ ਰਕਮ ਨੂੰ ਲੈ ਕੇ ਚੰਡੀਗੜ੍ਹ ਸਥਿਤ ਸਿਹਤ ਵਿਭਾਗ ਦੀ ਆਡਿਟ ਟੀਮ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਵਿਭਾਗ ਵੱਲੋਂ ਵਿਸ਼ੇਸ਼ ਆਡਿਟ ਟੀਮ ਪੱਟੀ ਦੇ ਸਿਵਲ ਹਸਪਤਾਲ ਭੇਜੀ ਗਈ। ਟੀਮ ਨੇ ਹਸਪਤਾਲ ਪਹੁੰਚ ਕੇ ਸਬੰਧਿਤ ਤਨਖ਼ਾਹਾਂ ਦੇ ਬਿੱਲਾਂ, ਮੁਲਾਜ਼ਮਾਂ ਦੇ ਵੇਰਵਿਆਂ ਤੇ ਹੋਰ ਸਰਕਾਰੀ ਰਿਕਾਰਡ ਦੀ ਜਾਂਚ ਕੀਤੀ।
ਮੁੱਢਲੀ ਜਾਂਚ ਦੌਰਾਨ ਕਥਿਤ ਤੌਰ ’ਤੇ ਇਹ ਗੱਲ ਸਾਹਮਣੇ ਆਈ ਕਿ ਵਿਭਾਗ ਦੇ ਰਿਕਾਰਡ ’ਚ ਅਜਿਹੀ ਔਰਤ ਦੇ ਨਾਂ ’ਤੇ ਤਨਖ਼ਾਹਾਂ ਦੇ ਬਿੱਲ ਤਿਆਰ ਕੀਤੇ ਜਾਂਦੇ ਰਹੇ, ਜਿਸ ਦੀ ਹਸਪਤਾਲ ’ਚ ਕੋਈ ਨਿਯੁਕਤੀ ਨਹੀਂ ਸੀ। ਇਨ੍ਹਾਂ ਬਿੱਲਾਂ ਰਾਹੀਂ ਸਰਕਾਰੀ ਖ਼ਜ਼ਾਨੇ ’ਚੋਂ ਰਕਮ ਕਢਵਾਉਣ ਦੇ ਦੋਸ਼ ਹਨ। ਹੁਣ ਆਡਿਟ ਟੀਮ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਸਮੇਂ ਦੌਰਾਨ ਕਿਨ੍ਹੀਂ ਰਕਮ ਜਾਰੀ ਹੋਈ ਅਤੇ ਇਹ ਪੈਸਾ ਕਿਹੜੇ-ਕਿਹੜੇ ਬੈਂਕ ਖਾਤਿਆਂ ’ਚ ਤਬਦੀਲ ਕੀਤਾ ਗਿਆ।
-------
ਬਾਕਸ-
ਪੰਜ ਸਾਲਾਂ ਤੋਂ ਆਡਿਟ ਹੁੰਦਾ ਰਿਹਾ, ਫਿਰ ਕਿਵੇਂ ਚੱਲਦੀ ਰਹੀ ਕਥਿਤ ਹੇਰਾਫੇਰੀ?
ਇਸ ਮਾਮਲੇ ਦਾ ਸਭ ਤੋਂ ਅਹਿਮ ਤੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਸਿਵਲ ਹਸਪਤਾਲ ਪੱਟੀ ’ਚ ਆਡਿਟ ਟੀਮਾਂ ਵੱਲੋਂ ਵੱਖ-ਵੱਖ ਸਮੇਂ ’ਤੇ ਸਰਕਾਰੀ ਰਿਕਾਰਡ ਦੀ ਜਾਂਚ ਕੀਤੀ ਜਾਂਦੀ ਰਹੀ ਹੈ। ਇਸ ਦੇ ਬਾਵਜੂਦ ਜੇਕਰ ਸਾਲ 2022 ਤੋਂ ਕਿਸੇ ਗੈਰ-ਮੁਲਾਜ਼ਮ ਔਰਤ ਦੇ ਨਾਂ ’ਤੇ ਲਗਾਤਾਰ ਤਨਖ਼ਾਹਾਂ ਦੇ ਬਿੱਲ ਬਣਦੇ ਰਹੇ ਤਾਂ ਇਹ ਮਾਮਲਾ ਪਹਿਲਾਂ ਕਿਉਂ ਸਾਹਮਣੇ ਨਹੀਂ ਆਇਆ? ਇਹ ਸਵਾਲ ਹੁਣ ਸਿਹਤ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਵੀ ਉੱਠਣ ਲੱਗੇ ਹਨ। ਤਨਖ਼ਾਹਾਂ ਦੇ ਬਿੱਲ ਤਿਆਰ ਕਰਨ ਤੋਂ ਲੈ ਕੇ ਉਨ੍ਹਾਂ ਦੀ ਜਾਂਚ, ਤਸਦੀਕ ਤੇ ਮਨਜ਼ੂਰੀ ਦੇਣ ਤਕ ਕਈ ਪੱਧਰਾਂ ’ਤੇ ਸਰਕਾਰੀ ਪ੍ਰਕਿਰਿਆ ਹੁੰਦੀ ਹੈ। ਅਜਿਹੇ ’ਚ ਇਹ ਜਾਂਚ ਕਰਨਾ ਵੀ ਜ਼ਰੂਰੀ ਹੋਵੇਗਾ ਕਿ ਕਥਿਤ ਗਲਤ ਬਿੱਲ ਕਿਸ ਦੀ ਜਾਣਕਾਰੀ ਜਾਂ ਮਨਜ਼ੂਰੀ ਨਾਲ ਪਾਸ ਹੁੰਦੇ ਰਹੇ।
-------
ਬਾਕਸ-
ਇਕ ਮੁਲਾਜ਼ਮ ਦੀ ਭੂਮਿਕਾ ਸੀ ਜਾਂ ਹੋਰ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਵੀ ਕੋਈ ਸ਼ਮੂਲੀਅਤ ਰਹੀ ਹੈ?
ਪਿਛਲੇ ਪੰਜ ਸਾਲਾਂ ਦੌਰਾਨ ਹੋਏ ਆਡਿਟ ਦੀਆਂ ਰਿਪੋਰਟਾਂ ਤੇ ਇਤਰਾਜ਼ਾਂ ਦੀ ਵੀ ਜਾਂਚ ਕਰਨੀ ਅਹਿਮ ਮੰਨੀ ਜਾ ਰਹੀ ਹੈ। ਇਸ ਕਾਰਨ ਹੁਣ ਹੋਰ ਮੁਲਾਜ਼ਮ ਵੀ ਸ਼ੱਕ ਦੇ ਘੇਰੇ ’ਚ ਆ ਰਹੇ ਹਨ। ਲੋਕਾਂ ਵੱਲੋਂ ਇਹ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਜੇਕਰ ਆਡਿਟ ਦੌਰਾਨ ਪਹਿਲਾਂ ਹੀ ਕੋਈ ਬੇਨਿਯਮੀ ਸਾਹਮਣੇ ਆਈ ਸੀ ਤਾਂ ਉਸ ਸਮੇਂ ਕੀ ਕਾਰਵਾਈ ਕੀਤੀ ਗਈ ਸੀ।
--------
ਬਾਕਸ-
ਐੱਸਐੱਮਓ ਨੇ ਕਿਹਾ, ਸਾਲ 2022 ਨਾਲ ਸਬੰਧਿਤ ਹੈ ਮਾਮਲਾ
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਪੱਟੀ ਦੇ ਐੱਸਐੱਮਓ ਡਾ. ਆਸ਼ੀਸ਼ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਾਲ 2022 ਨਾਲ ਸਬੰਧਿਤ ਹੈ ਤੇ ਇਸ ਸਬੰਧੀ ਸਿਹਤ ਵਿਭਾਗ ਦਾ ਆਡਿਟ ਵਿਭਾਗ ਜਾਂਚ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਡਾ. ਗੁਰਪ੍ਰੀਤ ਸਿੰਘ ਰਾਏ ਤੇ ਡਾ. ਸਤਿੰਦਰ ਭਗਤ ਵੀ ਸਿਵਲ ਹਸਪਤਾਲ ਪੱਟੀ ’ਚ ਐੱਸਐੱਮਓ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਡਾ. ਗੁਪਤਾ ਨੇ ਕਿਹਾ ਕਿ ਆਡਿਟ ਵਿਭਾਗ ਵੱਲੋਂ ਜਾਂਚ ਮੁਕੰਮਲ ਕਰਕੇ ਜਿਹੜੀ ਵੀ ਰਿਪੋਰਟ ਪੇਸ਼ ਕੀਤੀ ਜਾਵੇਗੀ, ਉਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਵਿਭਾਗ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਹੋ ਸਕੇਗੀ।
-------
ਬਾਕਸ-
ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਲਾਜ਼ਮ ਦੇ ਲਾਪਤਾ ਹੋਣ ਦੀ ਚਰਚਾ
ਦੂਜੇ ਪਾਸੇ ਇਸ ਮਾਮਲੇ ਨਾਲ ਜੁੜੀ ਇਕ ਹੋਰ ਅਹਿਮ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਤਨਖ਼ਾਹਾਂ ਦੇ ਨਾਂ ’ਤੇ ਕਥਿਤ ਹੇਰਾਫੇਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸਬੰਧਿਤ ਮੁਲਾਜ਼ਮ ਪਿਛਲੇ ਹਫ਼ਤੇ ਤੋਂ ਆਪਣੇ ਘਰੋਂ ਲਾਪਤਾ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਲਾਪਤਾ ਹੋਣ ਸਬੰਧੀ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਜਾਂ ਸਿਹਤ ਵਿਭਾਗ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
----------
ਬਾਕਸ -
ਸਿਵਲ ਸਰਜਨ ਬੋਲੇ, ਆਡਿਟ ’ਚ ਕਰੀਬ ਇਕ ਕਰੋੜ ਦੀ ਹੇਰਾਫੇਰੀ ਦੇ ਤੱਥ ਆ ਰਹੇ ਸਾਹਮਣੇ
ਇਸ ਸਬੰਧੀ ਸਿਵਲ ਸਰਜਨ ਤਰਨਤਾਰਨ ਡਾ. ਸੰਜੀਵ ਧਵਨ ਨੇ ਦੱਸਿਆ ਕਿ ਮਾਮਲੇ ਦੀ ਆਡਿਟ ਜਾਂਚ ਦੌਰਾਨ ਕਰੀਬ ਇਕ ਕਰੋੜ ਰੁਪਏ ਦੀ ਰਾਸ਼ੀ ਦੀ ਹੇਰਾਫੇਰੀ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਹੇਰਾਫੇਰੀ ਦੀ ਸਹੀ ਰਕਮ ਅਤੇ ਇਸ ’ਚ ਸ਼ਾਮਿਲ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਪੁਸ਼ਟੀ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਵਿਭਾਗੀ ਜਾਂਚ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ ’ਚ ਲਿਆਂਦਾ ਜਾਵੇਗਾ।
------------
ਬਾਕਸ -
ਨਿਰਪੱਖ ਜਾਂਚ ਦੀ ਉੱਠੀ ਮੰਗ
ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਲੋਕਾਂ ’ਚ ਵੀ ਕਾਫ਼ੀ ਚਰਚਾ ਹੈ। ਲੋਕਾਂ ਦੀ ਮੰਗ ਹੈ ਕਿ ਮਾਮਲੇ ਦੀ ਨਿਰਪੱਖ ਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜਾਂਚ ਦਾ ਘੇਰਾ ਸਿਰਫ਼ ਇਕ ਮੁਲਾਜ਼ਮ ਤਕ ਸੀਮਤ ਨਾ ਰੱਖਿਆ ਜਾਵੇ। ਪਿਛਲੇ ਪੰਜ ਸਾਲਾਂ ਦੇ ਆਡਿਟ ਰਿਕਾਰਡ, ਤਨਖ਼ਾਹਾਂ ਦੇ ਬਿੱਲਾਂ ਦੀ ਮਨਜ਼ੂਰੀ ਤੇ ਸਰਕਾਰੀ ਰਕਮ ਜਾਰੀ ਕਰਨ ਦੀ ਪੂਰੀ ਪ੍ਰਕਿਰਿਆ ਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਕਿਸੇ ਹੋਰ ਮੁਲਾਜ਼ਮ ਜਾਂ ਅਧਿਕਾਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।