- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਈਨਾ ਦੀਆਂ ਬਿਜਲੀ ਲੜੀਆਂ ਨੇ ਮੱਧਮ ਕੀਤੀ ਮਿੱਟੀ ਦੇ ਦੀਵਿਆਂ ਦੀ ਲੋਅ

ਕਾਰੀਗਰਾਂ ਦੀ ਮਿਹਨਤ ਨੂੰ ਨਹੀਂ ਪੈ ਰਿਹਾ ਬੂਰ, ਪੁਸ਼ਤੈਨੀ ਕਿੱਤੇ ਤੋਂ ਤੌਬਾ ਕਰਨ ਲੱਗੀ ਨਵੀਂ ਪੀੜ੍ਹੀ
ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ
ਹਰੀਕੇ ਪੱਤਣ : ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ ਪਰ ਇਸ ਵਾਰ ਬਾਜ਼ਾਰਾਂ ਦੀ ਚਮਕ ਨੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਦੇ ਚਿਹਰਿਆਂ ਦੀ ਰੌਣਕ ਹੀ ਖੋਹ ਲਈ ਹੈ। ਕਦੇ ਦੀਵਾਲੀ ਤੋਂ ਕਈ ਹਫ਼ਤੇ ਪਹਿਲਾਂ ਹੀ ਕਾਰੀਗਰਾਂ ਦੇ ਘਰਾਂ ਵਿਚ ਦੀਵਿਆਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਸੀ ਅਤੇ ਚੱਕ ਦੀ ਘੁੰਮਦੀ ਰਫ਼ਤਾਰ ਨਾਲ ਉਨ੍ਹਾਂ ਦੇ ਘਰਾਂ ’ਚ ਕਮਾਈ ਦੀ ਆਸ ਵੀ ਜਨਮ ਲੈਂਦੀ ਸੀ ਪਰ ਹੁਣ ਚੀਨ ਤੋਂ ਆਉਣ ਵਾਲੀਆਂ ਰੰਗ-ਬਿਰੰਗੀਆਂ ਬਿਜਲੀ ਦੀਆਂ ਲੜੀਆਂ ਤੇ ਸਸਤੇ ਸਜਾਵਟੀ ਸਾਮਾਨ ਨੇ ਮਿੱਟੀ ਦੇ ਦੀਵਿਆਂ ਦੀ ਲੋਅ ਨੂੰ ਮੱਧਮ ਕਰ ਦਿੱਤਾ ਹੈ।
ਮਿੱਟੀ ਪੁੱਟਣ ਤੋਂ ਲੈ ਕੇ ਉਸ ਨੂੰ ਗੁੰਨ੍ਹਣ, ਚੱਕ ’ਤੇ ਦੀਵਾ ਤਿਆਰ ਕਰਨ, ਧੁੱਪ ’ਚ ਸੁਕਾਉਣ ਤੇ ਭੱਠੀ ’ਚ ਪਕਾਉਣ ਤਕ ਕਾਰੀਗਰਾਂ ਨੂੰ ਕਈ ਦਿਨਾਂ ਦੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਕ-ਇਕ ਦੀਵੇ ਪਿੱਛੇ ਲੱਗੀ ਇਹ ਮਿਹਨਤ ਬਾਜ਼ਾਰ ’ਚ ਉਸ ਵੇਲੇ ਬੇਮਾਇਨਾ ਹੋ ਜਾਂਦੀ ਹੈ, ਜਦੋਂ ਗਾਹਕ ਕੁਝ ਰੁਪਏ ਵੱਧ ਦੇ ਕੇ ਬਿਜਲੀ ਦੀਆਂ ਲੜੀਆਂ ਖ਼ਰੀਦਣ ਨੂੰ ਤਰਜੀਹ ਦਿੰਦੇ ਹਨ।
ਕਾਰੀਗਰ ਬਿੰਦਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਦੀਵਾਲੀ ਉਨ੍ਹਾਂ ਲਈ ਸਾਲ ਦੇ ਸਭ ਤੋਂ ਵੱਧ ਕਮਾਈ ਵਾਲੇ ਦਿਨ ਹੁੰਦੇ ਸਨ। ਦੀਵਿਆਂ ਦੇ ਨਾਲ ਮਿੱਟੀ ਦੇ ਹੋਰ ਸਜਾਵਟੀ ਸਾਮਾਨ ਦੀ ਵੀ ਮੰਗ ਰਹਿੰਦੀ ਸੀ। ਹੁਣ ਮਹਿੰਗਾਈ ਨੇ ਉਤਪਾਦਨ ਲਾਗਤ ਵਧਾ ਦਿੱਤੀ ਹੈ, ਜਦਕਿ ਸਸਤੇ ਤਿਆਰ ਸਾਮਾਨ ਨੇ ਉਨ੍ਹਾਂ ਦੀ ਵਿਕਰੀ ਨੂੰ ਲਗਾਤਾਰ ਪ੍ਰਭਾਵਿਤ ਕੀਤਾ ਹੈ। ਨਤੀਜਾ ਇਹ ਹੈ ਕਿ ਮਿਹਨਤ ਵਧ ਰਹੀ ਹੈ ਪਰ ਆਮਦਨ ਘਟਦੀ ਜਾ ਰਹੀ ਹੈ।
-----------
ਬਾਕਸ:
ਪੁਸ਼ਤੈਨੀ ਕਿੱਤਾ ਛੱਡਣ ਲਈ ਮਜਬੂਰ ਨੌਜਵਾਨ
ਇਸ ਸੰਕਟ ਦਾ ਸਭ ਤੋਂ ਵੱਡਾ ਅਸਰ ਕਾਰੀਗਰਾਂ ਦੀ ਨਵੀਂ ਪੀੜ੍ਹੀ ’ਤੇ ਪੈ ਰਿਹਾ ਹੈ। ਨੌਜਵਾਨਾਂ ਨੂੰ ਜਦੋਂ ਆਪਣੇ ਪੁਰਖਿਆਂ ਦੇ ਕਿੱਤੇ ’ਚ ਭਵਿੱਖ ਨਜ਼ਰ ਨਹੀਂ ਆਉਂਦਾ ਤਾਂ ਉਹ ਹੋਰ ਰੁਜ਼ਗਾਰ ਵੱਲ ਮੁੜ ਰਹੇ ਹਨ। ਕਾਰੀਗਰਾਂ ਦਾ ਕਹਿਣਾ ਹੈ ਕਿ ਜੇ ਇਹ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ’ਚ ਮਿੱਟੀ ਦੇ ਦੀਵੇ ਬਣਾਉਣ ਦੀ ਇਹ ਰਵਾਇਤੀ ਕਲਾ ਸਿਰਫ਼ ਤਸਵੀਰਾਂ ਅਤੇ ਯਾਦਾਂ ਤਕ ਸੀਮਤ ਹੋ ਸਕਦੀ ਹੈ।
-----------
ਬਾਕਸ :
ਦੇਸੀ ਦੀਵਾ ਖ਼ਰੀਦਣਾ ਕਾਰੀਗਰ ਦੇ ਘਰ ਦਾ ਚੁੱਲ੍ਹਾ ਬਾਲ ਸਕਦਾ
ਕਾਰੀਗਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੀਵਾਲੀ ਘਰ ਨੂੰ ਰੌਸ਼ਨ ਕਰਨ ਲਈ ਘੱਟੋ-ਘੱਟ ਕੁਝ ਮਿੱਟੀ ਦੇ ਦੀਵੇ ਜ਼ਰੂਰ ਖ਼ਰੀਦੇ ਜਾਣ। ਉਨ੍ਹਾਂ ਕਿਹਾ ਕਿ ਮਿੱਟੀ ਦਾ ਦੀਵਾ ਸਿਰਫ਼ ਦੀਵਾਲੀ ਦੀ ਨਿਸ਼ਾਨੀ ਨਹੀਂ, ਸਗੋਂ ਸੈਂਕੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਨਾਲ ਜੁੜਿਆ ਹੈ। ਇਕ ਦੀਵਾ ਖ਼ਰੀਦਣ ਨਾਲ ਸ਼ਾਇਦ ਘਰ ਦੀ ਸਜਾਵਟ ’ਚ ਵੱਡਾ ਫ਼ਰਕ ਨਾ ਪਵੇ, ਪਰ ਕਿਸੇ ਕਾਰੀਗਰ ਦੇ ਘਰ ਦੇ ਚੁੱਲ੍ਹੇ ਵਿਚ ਜ਼ਰੂਰ ਰੌਸ਼ਨੀ ਹੋ ਸਕਦੀ ਹੈ।