ਸੰਤ ਬਾਬਾ ਅਵਤਾਰ ਸਿੰਘ ਨੇ ਆਈਆਂ ਸੰਗਤਾਂ ਦਾ ਕੀਤਾ ਧੰਨਵਾਦ, ਸਿੰਘਾਂ ਨੇ ਘੋੜ ਦੌੜ, ਨੇਜ਼ਾਬਾਜੀ ਅਤੇ ਗਤਕਾਬਾਜ਼ੀ ਦੇ ਜੌਹਰ ਦਿਖਾਏ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰੋਂ-ਘਰੋਂ ਵਰੋਸਾਏ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਬਲਦੇ ਭੱਠ ’ਚ ਬੈਠ ਕੇ ਸੇਵਾ ਕਰਨ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਮਹਾਂਪੁਰਸ਼ ਸੰਤ ਬਾਬਾ ਸੋਹਣ ਸਿੰਘ ਜੀ ਤੇ ਸੰਤ ਬਾਬਾ ਦਯਾ ਸਿੰਘ ਜੀ ਦੀਆਂ ਅਸੀਸਾਂ ਸਦਕਾ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਂਨਸ਼ੀਨ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਇਹ ਸਾਲਾਨਾ ਜੋੜ ਮੇਲਾ ਨਿਹੰਗ ਸਿੰਘਾਂ ਵੱਲੋਂ ਪੂਰੇ ਜਾਹੋ-ਜਲਾਲ ਨਾਲ ਮਹੱਲਾ ਕੱਢਣ ਉਪਰੰਤ ਸੰਪੰਨ ਹੋ ਗਿਆ। ਇਸ ਮੌਕੇ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ। ਜੋੜ ਮੇਲੇ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਈ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਸ ਉਪਰੰਤ ਖੁੱਲ੍ਹੇ ਪੰਡਾਲਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਧਾਰਮਿਕ ਦੀਵਾਨ ਸਜਾਏ ਗਏ। ਇਨ੍ਹਾਂ ਦੀਵਾਨਾਂ ’ਚ ਦੇਸ਼-ਵਿਦੇਸ਼ ਤੋਂ ਪੁੱਜੇ ਪ੍ਰਸਿੱਧ ਕਥਾਵਾਚਕਾਂ, ਰਾਗੀ, ਢਾਡੀ ਤੇ ਪ੍ਰਚਾਰਕ ਜਥਿਆਂ ਨੇ ਗੁਰਬਾਣੀ ਕੀਰਤਨ, ਕਥਾ ਤੇ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸ਼ਾਮ ਸਮੇਂ ਅਰਦਾਸ ਉਪਰੰਤ ਧਾਰਮਿਕ ਦੀਵਾਨਾਂ ਦੀ ਸਮਾਪਤੀ ਹੋਣ ’ਤੇ ਨਿਹੰਗ ਸਿੰਘਾਂ ਵੱਲੋਂ ਨਗਾਰੇ ਦੀ ਚੋਟ ਨਾਲ ਸ਼ਾਨਦਾਰ ਮਹੱਲਾ ਕੱਢਿਆ ਗਿਆ। ਇਹ ਮਹੱਲਾ ਗੁਰਦੁਆਰਾ ਛਾਉਣੀ ਖੂਹ ਤੋਂ ਸ਼ੁਰੂ ਹੋਇਆ ਤੇ ਗੁਰਦੁਆਰਾ ਬਾਬਾ ਬਿਧੀ ਚੰਦ ਜੀ ਦੀ ਪਰਿਕਰਮਾ ਕਰਦਾ ਹੋਇਆ ਅੱਗੇ ਵਧਿਆ। ਇਸ ਦੌਰਾਨ ਨਿਹੰਗ ਸਿੰਘਾਂ ਨੇ ਪੁਰਾਤਨ ਸਿੱਖ ਜੰਗਜੂ ਰਵਾਇਤਾਂ ਦੀ ਝਲਕ ਪੇਸ਼ ਕੀਤੀ। ਮਹੱਲੇ ’ਚ ਵੱਡੀ ਗਿਣਤੀ ’ਚ ਨਿਹੰਗ ਸਿੰਘਾਂ ਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਉਪਰੰਤ ਖੇਡ ਮੇਲੇ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਕਬੱਡੀ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ। ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਸਿੰਘਾਂ ਵੱਲੋਂ ਘੋੜ ਦੌੜ, ਨੇਜ਼ਾਬਾਜ਼ੀ ਤੇ ਗਤਕਾਬਾਜ਼ੀ ਦੇ ਸ਼ਾਨਦਾਰ ਜੌਹਰ ਦਿਖਾਏ ਗਏ। ਘੋੜਿਆਂ ਦੀਆਂ ਦੌੜਾਂ ਤੇ ਨੇਜ਼ਾਬਾਜ਼ੀ ਦੇ ਕਰਤੱਬ ਦੇਖ ਕੇ ਸੰਗਤਾਂ ਨੇ ਜੈਕਾਰਿਆਂ ਨਾਲ ਸਿੰਘਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਗਤਕਾ ਸਿੰਘਾਂ ਨੇ ਵੀ ਆਪਣੀ ਕਲਾ ਤੇ ਜੰਗਜੂ ਹੁਨਰ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਮੇਲੇ ਦੌਰਾਨ ਹਾਥੀ ਦੀ ਸਵਾਰੀ ਵੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਬਾਬਾ ਅਨਹਦਰਾਜ ਸਿੰਘ, ਬਾਬਾ ਅਜੀਤ ਸਿੰਘ ਜੌਹਲਾਂ ਵਾਲੇ, ਬਾਬਾ ਸੁਖਦੇਵ ਸਿੰਘ ਹੰਸਲੀ ਸਾਹਿਬ ਵਾਲੇ, ਬਾਬਾ ਸ਼ੇਰ ਸਿੰਘ ਨਾਨਕਸਰ ਮਸੀਤਾ, ਸੁਖਦੇਵ ਸਿੰਘ ਭੂਰਾ, ਬਾਬਾ ਹਰਵਿੰਦਰ ਸਿੰਘ ਝਾੜ ਸਾਹਿਬ ਵਾਲੇ, ਬਾਬਾ ਹਰਚਰਨ ਦਾਸ ਦੂਹਲਾ ਕੋਹਨਾ, ਬਾਬਾ ਹੀਰਾ ਸਿੰਘ ਨਿੱਕੀ ਮੱਖੀ ਵਾਲੇ, ਰੇਸ਼ਮ ਸਿੰਘ ਸਰਪੰਚ ਕੋਟਲੀ, ਸੁਖੈਨ ਸਿੰਘ, ਸੁਲੱਖਣ ਸਿੰਘ, ਗੁਰਮੀਤ ਸਿੰਘ, ਭਾਈ ਪ੍ਰਿੰਤਪਾਲ ਸਿੰਘ, ਗਿਆਨੀ ਸਲਵਿੰਦਰ ਸਿੰਘ, ਬਲਵਿੰਦਰ ਸਿੰਘ, ਕਵੀ ਗੁਰਿੰਦਰਪਾਲ ਸਿੰਘ ਬੈਂਕਾਂ, ਸ਼ਮਸ਼ੇਰ ਸਿੰਘ ਮੰਝ, ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਭਾਈ ਸਲਵਿੰਦਰ ਸਿੰਘ ਅਰਦਾਸੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਗੁਰਮੀਤ ਸਿੰਘ, ਬੀਬੀ ਹਰਮੀਤ ਕੌਰ ਕਰਨੈਲ ਅਤੇ ਬਾਬਾ ਹਰੀ ਸਿੰਘ ਨਾਨਕਸਰ ਜੀਰੇ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਧਾਰਮਿਕ ਦੀਵਾਨਾਂ ਦੌਰਾਨ ਵਿਸ਼ਵ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਤੇ ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਵਾਲਿਆਂ ਸਣੇ ਵੱਖ-ਵੱਖ ਧਾਰਮਿਕ ਜਥਿਆਂ ਨੇ ਬਾਬਾ ਬਿਧੀ ਚੰਦ ਜੀ ਦੇ ਜੀਵਨ, ਸਿੱਖ ਇਤਿਹਾਸ ਅਤੇ ਉਨ੍ਹਾਂ ਵੱਲੋਂ ਕੀਤੀਆਂ ਮਹਾਨ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਦਲ ਬਾਬਾ ਬਿਧੀ ਚੰਦ ਜੀ ਦੇ ਢਾਡੀ ਜਥੇ ਤੇ ਬਾਬਾ ਬਿਧੀ ਚੰਦ ਖ਼ਾਲਸਾ ਅਕੈਡਮੀ ਦੇ ਜਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਪ੍ਰੇਮ ਸਿੰਘ ਸੁਰਸਿੰਘ, ਬਾਬਾ ਚਰਨਜੀਤ ਸਿੰਘ ਸੁਰਸਿੰਘ, ਸੇਵਾਦਾਰ ਭਾਈ ਕੁਲਦੀਪ ਸਿੰਘ ਬੇਗੇਪੁਰ, ਭਾਈ ਯਾਦਵਿੰਦਰ ਸਿੰਘ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐੱਸਜੀਪੀਸੀ, ਭੁਪਿੰਦਰ ਸਿੰਘ ਮਿੰਟੂ ਮਾਹੀ, ਸੇਵਾ ਸਿੰਘ, ਬਾਬਾ ਮਾਹਣ ਸਿੰਘ, ਕੰਵਲਪ੍ਰੀਤ ਸਿੰਘ ਗਿੱਲ, ਬਾਬਾ ਸ਼ੇਰ ਸਿੰਘ ਕੋਟਬੁੱਢਾ, ਤੇਜਿੰਦਰ ਸਿੰਘ ਛੀਨਾ, ਹਰਜੀਤ ਸਿੰਘ ਸੇਦੋਂ, ਬਾਬਾ ਭੀਮ ਸਿੰਘ ਗੋਇੰਦਵਾਲ ਸਾਹਿਬ, ਸੰਤ ਬਾਬਾ ਬੋਹੜ ਸਿੰਘ ਤੂਤਾ ਵਾਲੇ, ਬਾਬਾ ਅਮਰ ਸਬਾਜਪੁਰ, ਡਾ. ਹਰਭਜਨ ਸਿੰਘ ਧਾਰੀਵਾਲ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ ਵਾਲੇ, ਹਰਜਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਗੋਰਾ, ਗੁਰਦੇਵ ਸਿੰਘ ਸੋਨੂੰ, ਗੁਰਪ੍ਰਤਾਪ ਸਿੰਘ, ਬਾਬਾ ਸਾਧ ਸਿੰਘ, ਸਤਿਨਾਮ ਸਿੰਘ ਖੂਹ ਵਾਲੇ, ਜਗਰੂਪ ਸਿੰਘ, ਗੁਰਪ੍ਰਤਾਪ ਸਿੰਘ ਸੁੱਗਾ, ਬਾਬਾ ਨਿਹਾਲ ਸਿੰਘ ਸਭਰਾ, ਭਾਈ ਅੰਮ੍ਰਿਤਪਾਲ ਸਿੰਘ, ਦਿਲਬਾਗ ਸਿੰਘ, ਲਵਪ੍ਰੀਤ ਸਿੰਘ, ਰਿਸ਼ਪਾਲ ਸਿੰਘ, ਜਸਪਾਲ ਸਿੰਘ, ਗੁਰਬਾਜ਼ ਸਿੰਘ, ਅਮਰੀਕ ਸਿੰਘ, ਦਿਲਬਾਗ ਸਿੰਘ ਬੁਰਜ਼, ਗੁਰਬੀਰ ਸਿੰਘ ਬੱਠੇ ਭੈਣੀ, ਜਰਨੈਲ ਸਿੰਘ ਕਸੇਲ ਅਤੇ ਬੇਅੰਤ ਸਿੰਘ ਮੱਲੂ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕੇ ਲੰਗਰ ਅਤੇ ਬਿਬੇਕ ਦੇ ਲੰਗਰ ਅਟੁੱਟ ਵਰਤਾਏ ਗਏ। ਸਮਾਗਮ ਦੀ ਸਮਾਪਤੀ ਮੌਕੇ ਸੰਤ ਬਾਬਾ ਅਵਤਾਰ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਨ੍ਹਾਂ ਨੇ ਜੋੜ ਮੇਲੇ ’ਚ ਸ਼ਾਮਿਲ ਹੋਣ ਲਈ ਪੁੱਜੇ ਸੰਤ-ਮਹਾਂਪੁਰਖਾਂ, ਧਾਰਮਿਕ ਸ਼ਖ਼ਸੀਅਤਾਂ, ਸੇਵਾਦਾਰਾਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤ-ਮਹਾਂਪੁਰਸ਼ਾਂ ਨੂੰ ਵਿਸ਼ੇਸ਼ ਤੌਰ ’ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।