ਰੁਪਿੰਦਰ ਕੌਰ ਸੰਧੂ ਨੇ ਮਾਰਕੀਟ ਕਮੇਟੀ ਤਰਨਤਾਰਨ ਦੇ ਚੇਅਰਪਰਸਨ ਵਜੋਂ ਸੰਭਾਲਿਆ ਅਹੁਦਾ ਰੁਪਿੰਦਰ ਕੌਰ ਸੰਧੂ ਨੇ ਮਾਰਕੀਟ ਕਮੇਟੀ ਤਰਨਤਾਰਨ ਦੇ ਚੇਅਰਪਰਸਨ ਵਜੋਂ ਸੰਭਾਲਿਆ ਅਹੁਦਾ
Publish Date: Sun, 01 Nov 2026 05:37 PM (IST)
Updated Date: Sun, 01 Nov 2026 05:38 PM (IST)
ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਤਨਦੇਹੀ ਨਾਲ ਕੰਮ ਕਰਾਂਗੀ : ਰੁਪਿੰਦਰ ਕੌਰ ਸੰਧੂ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਮਾਰਕੀਟ ਕਮੇਟੀ ਤਰਨਤਾਰਨ ਦੇ ਦਫ਼ਤਰ ’ਚ ਰੁਪਿੰਦਰ ਕੌਰ ਸੰਧੂ ਨੇ ਮਾਰਕੀਟ ਕਮੇਟੀ ਦੀ ਚੇਅਰਪਰਸਨ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਤਾਜਪੋਸ਼ੀ ਲਈ ਐਤਵਾਰ ਨੂੰ ਰੱਖੇ ਗਏ ਵਿਸ਼ੇਸ਼ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਹਲਕਾ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਸ਼ਿਰਕਤ ਕੀਤੀ ਤੇ ਰੁਪਿੰਦਰ ਕੌਰ ਸੰਧੂ ਨੂੰ ਉਨ੍ਹਾਂ ਦੀ ਸੀਟ ’ਤੇ ਬਿਠਾਉਣ ਦੀ ਰਸਮ ਅਦਾ ਕਰਦਿਆਂ ਜਿਥੇ ਵਧਾਈ ਦਿੱਤੀ, ਉਥੇ ਹੀ ਪਾਰਟੀ ਹਾਈਕਮਾਂਡ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ। ਸਮਾਗਮ ਦੌਰਾਨ ਹਰਮੀਤ ਸਿੰਘ ਸੰਧੂ ਸਣੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਰੁਪਿੰਦਰ ਕੌਰ ਸੰਧੂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਇਸ ਅਹੁਦੇ ਦੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਨਿਭਾਉਣਗੇ। ਇਸ ਮੌਕੇ ਰੁਪਿੰਦਰ ਕੌਰ ਸੰਧੂ ਨੇ ਰਸਮੀ ਤੌਰ ਤੇ ਮਾਰਕੀਟ ਕਮੇਟੀ ਤਰਨਤਾਰਨ ਦੀ ਚੇਅਰਪਰਸਨ ਵਜੋਂ ਆਪਣਾ ਅਹੁਦਾ ਸੰਭਾਲਿਆ। ਉਨ੍ਹਾਂ ਨੇ ਸਮਾਗਮ ’ਚ ਪਹੁੰਚੇ ਮੁੱਖ ਮਹਿਮਾਨ, ਸਮੂਹ ਆਗੂਆਂ, ਕੌਂਸਲਰਾਂ, ਸਰਪੰਚਾਂ, ਪਾਰਟੀ ਅਹੁਦੇਦਾਰਾਂ ਤੇ ਹਲਕਾ ਨਿਵਾਸੀਆਂ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ। ਇਸ ਮੌਕੇ ਆਪਣੇ ਸੰਬੋਧਨ ’ਚ ਰੁਪਿੰਦਰ ਕੌਰ ਸੰਧੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਉੱਤੇ ਵਿਸ਼ਵਾਸ ਪ੍ਰਗਟ ਕਰਦਿਆਂ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਉਹ ਇਸ ਜ਼ਿੰਮੇਵਾਰੀ ਨੂੰ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਸਮਝਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮਾਰਕੀਟ ਕਮੇਟੀ ਨਾਲ ਜੁੜੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ। ਮੰਡੀਆਂ ਵਿਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ, ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਕਿਸਾਨਾਂ ਦੀ ਸਹੂਲਤ ਅਤੇ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਤੇ ਸਹਿਯੋਗ ਨਾਲ ਮਾਰਕੀਟ ਕਮੇਟੀ ਤਰਨਤਾਰਨ ਨੂੰ ਹੋਰ ਬਿਹਤਰ ਬਣਾਉਣ ਲਈ ਪੂਰੀ ਟੀਮ ਭਾਵਨਾ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਹਰ ਵਰਗ ਦੇ ਲੋਕਾਂ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ। ਇਸ ਸਮਾਗਮ ’ਚ ਹਲਕੇ ਦੇ ਵੱਡੀ ਗਿਣਤੀ ਵਿਚ ਨਿਵਾਸੀ, ਕੌਂਸਲਰ, ਸਰਪੰਚ, ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਅਤੇ ਵਰਕਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਰੁਪਿੰਦਰ ਕੌਰ ਸੰਧੂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿਚ ਰੁਪਿੰਦਰ ਕੌਰ ਸੰਧੂ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਦਿੱਤਾ ਗਿਆ ਪਿਆਰ ਅਤੇ ਵਿਸ਼ਵਾਸ ਉਨ੍ਹਾਂ ਨੂੰ ਹੋਰ ਵੀ ਮਿਹਨਤ ਅਤੇ ਸਮਰਪਣ ਨਾਲ ਲੋਕ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ। ਇਸ ਮੌਕੇ ਸੀਨੀਅਰ ਕੌਂਸਲਰ ਤੇ ਬਲਾਕ ਪ੍ਰਧਾਨ ਸਰਬਰਿੰਦਰ ਸਿੰਘ ਭਰੋਵਾਲ, ਰਾਜਬੀਰ ਸਿੰਘ ਸੰਧੂ, ਮਾਰਕੀਟ ਕਮੇਟੀ ਤਰਨਤਾਰਨ ਦੇ ਸਾਬਕਾ ਚੇਅਰਮੈਨ ਗੁਰਮਿੰਦਰ ਸਿੰਘ ਰਟੌਲ, ਮਨਜੀਤ ਸਿੰਘ ਮੰਨਾ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਤੇ ਰੁਪਿੰਦਰ ਕੌਰ ਸੰਧੂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।