ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਪ੍ਰਬੰਧਕੀ ਟੀਮ ਢਾਕਾ ਪਹੁੰਚੀ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਪ੍ਰਬੰਧਕੀ ਟੀਮ ਢਾਕਾ ਪਹੁੰਚੀ
Publish Date: Sun, 01 Nov 2026 05:32 PM (IST)
Updated Date: Sun, 01 Nov 2026 05:35 PM (IST)
4 ਦਸੰਬਰ ਨੂੰ ਗੁਰਦੁਆਰਾ ਨਾਨਕਸ਼ਾਹੀ ਢਾਕਾ ’ਚ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ਹੇਠ ਬੰਗਲਾ ਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਅਤੇ ਗੁਰਮਤਿ ਕਾਰਜਾਂ ਦੀ ਸੇਵਾ ਸਾਲ 2004 ਤੋਂ ਨਿਰੰਤਰ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਹਰ ਸਾਲ ਸੰਪਰਦਾਇ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਬੰਗਲਾ ਦੇਸ਼ ਭੇਜਿਆ ਜਾਂਦਾ ਹੈ, ਜੋ ਉੱਥੋਂ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਧਾਰਮਿਕ ਸਮਾਗਮਾਂ ’ਚ ਵੀ ਸ਼ਮੂਲੀਅਤ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਪ੍ਰਬੰਧਕੀ ਟੀਮ ਢਾਕਾ ਪਹੁੰਚੀ। ਇਸ ਮੌਕੇ ਸ਼ੁੱਕਰਵਾਰ ਸਵੇਰੇ ਇਤਿਹਾਸਕ ਗੁਰਦੁਆਰਾ ਨਾਨਕਸ਼ਾਹੀ, ਢਾਕਾ ਵਿਖੇ ਹੋਏ ਹਫ਼ਤਾਵਾਰੀ ਗੁਰਮਤਿ ਸਮਾਗਮ ’ਚ ਸੰਪਰਦਾਇ ਦੇ ਜਨਰਲ ਸਕੱਤਰ ਹਰਭਜਨ ਸਿੰਘ ਸੰਧੂ ਅਤੇ ਬੰਗਲਾ ਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ, ਕੋਲਕਾਤਾ ਦੇ ਪ੍ਰਧਾਨ ਅਜੈਬ ਸਿੰਘ ਬੋਪਾਰਾਏ ਸਮੇਤ ਲਗਭਗ 400 ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਉਪਰੰਤ ਡਾ. ਐੱਮਕੇ ਰਾਏ, ਸੁਭਾਸ਼ ਅਤੇ ਜਤਿਨ ਕੁਮਾਰ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬੰਗਲਾ ਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰ ਚੰਦ, ਸਕੱਤਰ ਤਪੋਸ ਲਾਲ ਚੌਧਰੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਸੰਗਤ ਨੂੰ ਸੰਬੋਧਨ ਕਰਦਿਆਂ ਹਰਭਜਨ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੁੱਚੀ ਮਨੁੱਖਤਾ ਲਈ ਸਾਂਝੀਵਾਲਤਾ, ਸੇਵਾ, ਨਾਮ ਸਿਮਰਨ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲਾ ਮਹਾਨ ਪੁਰਬ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਪਾਵਨ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ’ਚ ਵੱਧ-ਚੜ੍ਹ ਕੇ ਸਹਿਯੋਗ ਦੇਣ ਅਤੇ ਆਪਣਾ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ 4 ਦਸੰਬਰ ਨੂੰ ਗੁਰਦੁਆਰਾ ਨਾਨਕਸ਼ਾਹੀ, ਢਾਕਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਵਿਸ਼ੇਸ਼ ਜਥਾ ਬੰਗਲਾ ਦੇਸ਼ ਪਹੁੰਚੇਗਾ, ਜੋ ਉੱਥੋਂ ਦੇ ਸਮੂਹ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ’ਚ ਸ਼ਮੂਲੀਅਤ ਕਰੇਗਾ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਇਹ ਪਹਿਲ ਬੰਗਲਾ ਦੇਸ਼ ’ਚ ਸਿੱਖ ਵਿਰਾਸਤ ਦੀ ਸੰਭਾਲ, ਇਤਿਹਾਸਕ ਗੁਰਧਾਮਾਂ ਦੀ ਸੇਵਾ ਅਤੇ ਗੁਰਮਤਿ ਪ੍ਰਚਾਰ-ਪ੍ਰਸਾਰ ਦੇ ਕਾਰਜਾਂ ਨੂੰ ਨਿਰੰਤਰ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾ ਰਹੀ ਹੈ।