ਸਰਵਨ ਸਿੰਘ ਧੁੰਨ ਨੂੰ ਮੁੜ ਟਿਕਟ ਮਿਲਣ ’ਤੇ ਸਰਪੰਚਾਂ ਨੇ ਜਤਾਈ ਖੁਸ਼ੀ, ਲੱਡੂ ਵੰਡ ਕੇ ਕਰਵਾਇਆ ਮੂੰਹ ਮਿੱਠਾ ਸਰਵਨ ਸਿੰਘ ਧੁੰਨ ਨੂੰ ਮੁੜ ਟਿਕਟ ਮਿਲਣ 'ਤੇ ਸਰਪੰਚਾਂ ਨੇ ਜਤਾਈ ਖੁਸ਼ੀ, ਲੱਡੂ ਵੰਡ ਕੇ ਕਰਵਾਇਆ ਮੂੰਹ ਮਿੱਠਾ
Publish Date: Sun, 01 Nov 2026 05:11 PM (IST)
Updated Date: Sun, 01 Nov 2026 05:14 PM (IST)
ਰਾਜਵਿੰਦਰ ਸਿੰਘ ਰਾਜੂ•, ਪੰਜਾਬੀ ਜਾਗਰਣ ਵਲਟੋਹਾ : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਮੌਜੂਦਾ ਵਿਧਾਇਕ ਸਰਵਨ ਸਿੰਘ ਧੁੰਨ ਤੇ ਮੁੜ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੇ ਹਲਕੇ ਦੇ ਵਲੰਟੀਅਰਾਂ ਅਤੇ ਸਰਪੰਚਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਟਿਕਟ ਮਿਲਣ ਦੀ ਖ਼ਬਰ ਮਿਲਦਿਆਂ ਹੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਪਾਰਟੀ ਆਗੂਆਂ ਨੇ ਵਿਧਾਇਕ ਧੁੰਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਗਲੇ ਮਿਲ ਕੇ ਵਿਸ਼ੇਸ਼ ਤੌਰ ਤੇ ਵਧਾਈਆਂ ਦਿੱਤੀਆਂ। ਇਸ ਖੁਸ਼ੀ ਦੇ ਮੌਕੇ ਤੇ ਸਰਪੰਚ ਬਲਦੇਵ ਸਿੰਘ ਘਰਿਆਲਾ, ਸਰਪੰਚ ਸੁਖਦੇਵ ਸਿੰਘ, ਸਰਪੰਚ ਗਗਨਦੀਪ, ਸਰਪੰਚ ਹਰਜੀਤ ਸਿੰਘ ਪੂੰਨੀਆ, ਪ੍ਰੀਤ ਸਿੰਘ ਢਿੱਲੋਂ ਘਰਿਆਲੀ, ਸਰਪੰਚ ਕੁਲਦੀਪ ਸਿੰਘ ਤਲਵੰਡੀ ਸੋਭਾ ਸਿੰਘ, ਸਰਪੰਚ ਗੁਰਜਿੰਦਰ ਸਿੰਘ, ਸਰਪੰਚ ਸਰਬਜੀਤ ਸਿੰਘ, ਮੈਂਬਰ ਬਲਿਹਾਰ ਸਿੰਘ, ਇਕੱਠੇ ਹੋਏ ਸਰਪੰਚਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਕਾਰਗੁਜ਼ਾਰੀ ਦੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪਿਛਲੇ ਸਾਲਾਂ ’ਚ ਬਿਜਲੀ, ਸਿਹਤ, ਸਿੱਖਿਆ ਅਤੇ ਪੇਂਡੂ ਵਿਕਾਸ ਦੇ ਖੇਤਰ ਵਿਚ ਇਤਿਹਾਸਕ ਕੰਮ ਕੀਤੇ ਹਨ। ਸਰਪੰਚਾਂ ਨੇ ਕਿਹਾ ਕਿ ਵਿਧਾਇਕ ਸਰਵਨ ਸਿੰਘ ਧੁੰਨ ਨੇ ਹਲਕਾ ਖੇਮਕਰਨ ’ਚ ਬਿਨ੍ਹਾਂ ਕਿਸੇ ਸਿਆਸੀ ਭੇਦਭਾਵ ਦੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ। ਉਹ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿਚ ਪਰਿਵਾਰਕ ਮੈਂਬਰ ਵਾਂਗ ਨਾਲ ਖੜ੍ਹਦੇ ਹਨ ਅਤੇ ਹਲਕੇ ਦਾ ਹਰ ਆਮ ਨਾਗਰਿਕ ਉਨ੍ਹਾਂ ਤਕ ਆਸਾਨੀ ਨਾਲ ਪਹੁੰਚ ਕਰ ਸਕਦਾ ਹੈ। ਸਰਪੰਚਾਂ ਨੇ ਮਾਣ ਨਾਲ ਦਾਅਵਾ ਕੀਤਾ ਕਿ ਵਿਧਾਇਕ ਧੁੰਨ ਦੀ ਇਸੇ ਦਿਨ-ਰਾਤ ਦੀ ਮਿਹਨਤ ਅਤੇ ਲੋਕ-ਪੱਖੀ ਸੋਚ ਸਦਕਾ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਹਲਕਾ ਖੇਮਕਰਨ ਤੋਂ ਪਹਿਲਾਂ ਨਾਲੋਂ ਵੀ ਭਾਰੀ ਬਹੁਮਤ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਹਾਜ਼ਰ ਸਰਪੰਚਾਂ, ਪੰਚਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਵਿਧਾਇਕ ਸਰਵਨ ਸਿੰਘ ਧੁੰਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤਹਿ ਦਿਲੋਂ ਰਿਣੀ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਸੇਵਾ ਨੂੰ ਪ੍ਰਵਾਨ ਕਰਦਿਆਂ ਮੁੜ ਹਲਕੇ ਦੀ ਨੁਮਾਇੰਦਗੀ ਕਰਨ ਦਾ ਸੁਨਹਿਰੀ ਮੌਕਾ ਬਖਸ਼ਿਆ ਹੈ। ਵਿਧਾਇਕ ਧੁੰਨ ਨੇ ਕਿਹਾ, ਇਹ ਟਿਕਟ ਮੇਰੀ ਇਕੱਲੇ ਦੀ ਨਹੀਂ, ਬਲਕਿ ਹਲਕਾ ਖੇਮਕਰਨ ਦੇ ਹਰ ਉਸ ਵਲੰਟੀਅਰ ਅਤੇ ਵੋਟਰ ਦੀ ਹੈ ਜਿਸਨੇ ਬਦਲਾਅ ਦਾ ਸਾਥ ਦਿੱਤਾ ਹੈ। ਮੈਂ ਹਲਕੇ ਦੇ ਲੋਕਾਂ ਅਤੇ ਮੋਹਤਬਰ ਸਰਪੰਚਾਂ ਵੱਲੋਂ ਮਿਲ ਰਹੇ ਇਸ ਅਥਾਹ ਪਿਆਰ ਦਾ ਹਮੇਸ਼ਾ ਕਰਜ਼ਦਾਰ ਰਹਾਂਗਾ। ਮੇਰਾ ਸੁਪਨਾ ਹਲਕਾ ਖੇਮਕਰਨ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਹਲਕਾ ਬਣਾਉਣਾ ਹੈ, ਅਤੇ ਆਉਣ ਵਾਲੇ ਸਮੇਂ ’ਚ ਵੀ ਮੈਂ ਲੋਕਾਂ ਦੀ ਸੇਵਾ ਲਈ ਦਿਨ-ਰਾਤ ਇਕ ਕਰ ਦੇਵਾਂਗਾ।