ਡੀਸੀ ਤੇ ਐੱਸਐੱਸਪੀ ਨੇ ਪਿੰਡ ਕੋਟ ਧਰਮ ਚੰਦ ਕਲਾਂ ਦੇ ਪਰਾਲੀ ਪ੍ਰਬੰਧਨ ਯੂਨਿਟ ਦਾ ਕੀਤਾ ਦੌਰਾ ਡੀਸੀ ਤੇ ਐੱਸਐੱਸਪੀ ਨੇ ਪਿੰਡ ਕੋਟ ਧਰਮ ਚੰਦ ਕਲਾਂ ਦੇ ਪਰਾਲੀ ਪ੍ਰਬੰਧਨ ਯੂਨਿਟ ਦਾ ਕੀਤਾ ਦੌਰਾ
Publish Date: Sat, 31 Oct 2026 08:05 PM (IST)
Updated Date: Sat, 31 Oct 2026 08:07 PM (IST)
- ਸਾਲਾਨਾ 35 ਹਜ਼ਾਰ ਮੀਟ੍ਰਿਕ ਟਨ ਪਰਾਲੀ ਦੀ ਹੋਵੇਗੀ ਖ਼ਪਤ - ਵਾਤਾਵਰਨ ਦੀ ਸੁਰੱਖਿਆ ਦੇ ਨਾਲ ਕਿਸਾਨਾਂ ਦੀ ਆਮਦਨ ਵਧਾਉਣ ’ਚ ਵੀ ਹੋਵੇਗਾ ਸਹਾਈ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਰਾਹੁਲ ਤੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਸਣੇ ਪਿੰਡ ਕੋਟ ਧਰਮ ਚੰਦ ਕਲਾਂ ’ਚ ਸਥਾਪਿਤ ਕੀਤੇ ਗਏ ਨਵੇਂ ਪਰਾਲੀ ਪ੍ਰਬੰਧਨ ਯੂਨਿਟ ਦਾ ਦੌਰਾ ਕੀਤਾ। ਇਸ ਮੌਕੇ ਅਧਿਕਾਰੀਆਂ ਨੇ ਯੂਨਿਟ ਦੀ ਕਾਰਜਪ੍ਰਣਾਲੀ, ਸਮਰੱਥਾ ਤੇ ਪਰਾਲੀ ਦੀ ਵਰਤੋਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਹ ਯੂਨਿਟ ਸਾਲਾਨਾ ਲਗਭਗ 35 ਹਜ਼ਾਰ ਮੀਟ੍ਰਿਕ ਟਨ ਪਰਾਲੀ ਦੀ ਖਪਤ ਕਰਨ ਦੇ ਸਮਰੱਥ ਹੋਵੇਗਾ। ਇਸ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ’ਚ ਬਚਣ ਵਾਲੀ ਪਰਾਲੀ ਦੇ ਨਿਪਟਾਰੇ ਲਈ ਇਕ ਸੁਚੱਜਾ ਅਤੇ ਪ੍ਰਭਾਵਸ਼ਾਲੀ ਬਦਲ ਉਪਲੱਬਧ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸਹੀ ਢੰਗ ਨਾਲ ਸੰਭਾਲ ਅਤੇ ਵਰਤੋਂ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉਥੇ ਹੀ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਮਿੱਟੀ ਵਿਚ ਮੌਜੂਦ ਲਾਭਦਾਇਕ ਜੀਵਾਣੂਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਸ ਤੋਂ ਇਲਾਵਾ ਧੂੰਏਂ ਕਾਰਨ ਲੋਕਾਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਸੜਕਾਂ ’ਤੇ ਦਿਖਾਈ ਦੇਣ ਦੀ ਸਮਰੱਥਾ ਘਟਣ ਕਾਰਨ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਸਥਾਪਿਤ ਇਹ ਪਰਾਲੀ ਪ੍ਰਬੰਧਨ ਯੂਨਿਟ ਖੇਤੀਬਾੜੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਇਸ ਨਾਲ ਪਰਾਲੀ ਨੂੰ ਖੇਤਾਂ ’ਚ ਸਾੜਨ ਦੀ ਸਮੱਸਿਆ ਘਟਾਉਣ ਦੇ ਨਾਲ-ਨਾਲ ਇਸ ਨੂੰ ਇਕ ਉਪਯੋਗੀ ਸਰੋਤ ਵਜੋਂ ਵਰਤਣ ਦੇ ਮੌਕੇ ਵੀ ਪੈਦਾ ਹੋਣਗੇ। ਅਜਿਹੇ ਉਪਰਾਲੇ ਕਿਸਾਨਾਂ ਲਈ ਆਮਦਨ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿਚ ਸਹਾਈ ਹੋ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਪਰਾਲੀ ਦੇ ਪ੍ਰਬੰਧਨ ਲਈ ਉਪਲਬਧ ਆਧੁਨਿਕ ਤਕਨੀਕਾਂ ਅਤੇ ਸਹੂਲਤਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਹੀ ਨਹੀਂ, ਸਗੋਂ ਸਮਾਜ ਦੇ ਹਰੇਕ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ। ਅੰਤ ’ਚ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ, ਪ੍ਰਸ਼ਾਸਨ ਅਤੇ ਉਦਯੋਗਿਕ ਇਕਾਈਆਂ ਦੇ ਸਾਂਝੇ ਯਤਨਾਂ ਨਾਲ ਹੀ ਪਰਾਲੀ ਸਾੜਨ ਦੀ ਸਮੱਸਿਆ ਦਾ ਸਥਾਈ ਹੱਲ ਸੰਭਵ ਹੈ। ਇਸ ਲਈ ਸਾਰਿਆਂ ਨੂੰ ਮਿਲ ਕੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।