‘ਆਪ’ ਨੇ ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ ਤੇ ਖੇਮਕਰਨ ਤੋਂ ਸਰਵਣ ਸਿੰਘ ਧੁੰਨ ’ਤੇ ਮੁੜ ਜਤਾਇਆ ਭਰੋਸਾ ‘ਆਪ’ ਨੇ ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ ਤੇ ਖੇਮਕਰਨ ਤੋਂ ਸਰਵਣ ਸਿੰਘ ਧੁੰਨ ’ਤੇ ਮੁੜ ਜਤਾਇਆ ਭਰੋਸਾ
Publish Date: Sat, 31 Oct 2026 07:34 PM (IST)
Updated Date: Sat, 31 Oct 2026 07:35 PM (IST)
ਸੰਧੂ ਜ਼ਿਮਨੀ ਚੋਣ ਦੌਰਾਨ ਬਣੇ ਸਨ ‘ਆਪ’ ਦੇ ਵਿਧਾਇਕ, ਧੁੰਨ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਦਰਜ ਕੀਤੀ ਸੀ ਜਿੱਤ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਆਮ ਆਦਮੀ ਪਾਰਟੀ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਦੋ ਅਹਿਮ ਵਿਧਾਨ ਸਭਾ ਹਲਕਿਆਂ ਤਰਨਤਾਰਨ ਅਤੇ ਖੇਮਕਰਨ ਤੋਂ ਹਰਮੀਤ ਸਿੰਘ ਸੰਧੂ ਅਤੇ ਸਰਵਣ ਸਿੰਘ ਧੁੰਨ ’ਤੇ ਮੁੜ ਭਰੋਸਾ ਜਤਾਇਆ ਗਿਆ ਹੈ। ਦੋਵਾਂ ਆਗੂਆਂ ਨੂੰ ਮੁੜ ਮੌਕਾ ਮਿਲਣ ਨਾਲ ਜਿਥੇ ਉਨ੍ਹਾਂ ਦੇ ਸਮਰਥਕਾਂ ’ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਜ਼ਿਲ੍ਹੇ ਦੀ ਸਿਆਸਤ ਵਿਚ ਵੀ ਇਨ੍ਹਾਂ ਨਾਵਾਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਹਰਮੀਤ ਸਿੰਘ ਸੰਧੂ ਦਾ ਸਿਆਸੀ ਸਫ਼ਰ ਕਾਫ਼ੀ ਪੁਰਾਣਾ ਹੈ। ਉਹ ਸਾਲ 2002, 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਲਗਾਤਾਰ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੌਰਾਨ ਇਕ ਵਾਰ ਆਜ਼ਾਦ ਉਮੀਦਵਾਰ ਵਜੋਂ ਅਤੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਜਿੱਤ ਕੇ ਵਿਧਾਨ ਸਭਾ ’ਚ ਪਹੁੰਚਣ ਦਾ ਮਾਣ ਹਾਸਿਲ ਕੀਤਾ। ਇਸ ਤਰ੍ਹਾਂ ਉਹ ਪਹਿਲਾਂ ਹੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸਨ। ਸਾਲ 2025 ’ਚ ਹਰਮੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ। ਇਸ ਤੋਂ ਬਾਅਦ ਤਰਨਤਾਰਨ ਵਿਧਾਨ ਸਭਾ ਹਲਕੇ ’ਚ ਹੋਈ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਅਤੇ ਉਨ੍ਹਾਂ ਨੇ ਜਿੱਤ ਦਰਜ ਕਰਕੇ ਚੌਥੀ ਵਾਰ ਵਿਧਾਇਕ ਬਣਨ ਦਾ ਮਾਣ ਹਾਸਿਲ ਕੀਤਾ। ਹੁਣ ਪਾਰਟੀ ਵੱਲੋਂ ਉਨ੍ਹਾਂ ’ਤੇ ਮੁੜ ਭਰੋਸਾ ਜਤਾਉਣਾ ਉਨ੍ਹਾਂ ਦੀ ਸਿਆਸੀ ਸਰਗਰਮੀ ਅਤੇ ਹਲਕੇ ’ਚ ਪਕੜ ਨੂੰ ਅਹਿਮੀਅਤ ਦੇਣ ਵਜੋਂ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਖੇਮਕਰਨ ਵਿਧਾਨ ਸਭਾ ਹਲਕੇ ਤੋਂ ਸਰਵਣ ਸਿੰਘ ਧੁੰਨ ਵੀ ਸਿਆਸੀ ਤਜ਼ਰਬੇ ਵਾਲੇ ਆਗੂ ਹਨ। ਉਹ ਆਪਣੇ ਸਿਆਸੀ ਸਫ਼ਰ ਦੌਰਾਨ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਪੰਜਾਬ ਪੀਪਲਜ਼ ਪਾਰਟੀ ਨਾਲ ਵੀ ਜੁੜੇ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਵਿਧਾਇਕ ਬਣਨ ਦਾ ਮੌਕਾ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਤੋਂ ਬਾਅਦ ਮਿਲਿਆ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੇ ਖੇਮਕਰਨ ਹਲਕੇ ਤੋਂ ਜਿੱਤ ਦਰਜ ਕਰਕੇ ਪਹਿਲੀ ਵਾਰ ਵਿਧਾਨ ਸਭਾ ’ਚ ਪਹੁੰਚਣ ਦਾ ਰਾਹ ਪੱਧਰਾ ਕੀਤਾ ਸੀ। ਦੋਵਾਂ ਆਗੂਆਂ ਦੇ ਸਿਆਸੀ ਪਿਛੋਕੜ ’ਤੇ ਨਜ਼ਰ ਮਾਰੀ ਜਾਵੇ, ਤਾਂ ਹਰਮੀਤ ਸਿੰਘ ਸੰਧੂ ਪਹਿਲਾਂ ਤਿੰਨ ਵਾਰ ਵਿਧਾਇਕ ਰਹਿਣ ਤੋਂ ਬਾਅਦ ‘ਆਪ’ ’ਚ ਸ਼ਾਮਿਲ ਹੋ ਕੇ ਮੁੜ ਚੋਣ ਜਿੱਤੇ, ਜਦਕਿ ਸਰਵਣ ਸਿੰਘ ਧੁੰਨ ਨੇ ਵੱਖ-ਵੱਖ ਸਿਆਸੀ ਪਾਰਟੀਆਂ ’ਚ ਰਹਿਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਚ ਤੋਂ ਵਿਧਾਇਕ ਬਣਨ ’ਚ ਸਫ਼ਲਤਾ ਹਾਸਿਲ ਕੀਤੀ। ਇਸ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਦੋਵਾਂ ਹਲਕਿਆਂ ’ਚ ਇਨ੍ਹਾਂ ਆਗੂਆਂ ਨੂੰ ਮੁੜ ਮੌਕਾ ਮਿਲਣਾ ਆਉਣ ਵਾਲੇ ਸਮੇਂ ਵਿਚ ਜ਼ਿਲ੍ਹੇ ਦੀ ਸਿਆਸਤ ਲਈ ਅਹਿਮ ਰਹੇਗਾ। ਹੁਣ ਦੋਵਾਂ ਆਗੂਆਂ ਦੇ ਸਾਹਮਣੇ ਆਪਣੇ ਹਲਕਿਆਂ ਵਿਚ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਅਤੇ ਵਿਕਾਸ ਕਾਰਜਾਂ ਨੂੰ ਹੋਰ ਅੱਗੇ ਵਧਾਉਣ ਦੀ ਚੁਣੌਤੀ ਹੋਵੇਗੀ।