ਨਸ਼ਿਆਂ ਦੇ ਹੌਟਸਪੌਟ ਬਣੇ ਕਸਬਾ ਹਰੀਕੇ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਪੱਬਾਂ ਭਾਰ ਨਸ਼ਿਆਂ ਦੇ ਹੌਟਸਪੌਟ ਬਣੇ ਕਸਬਾ ਹਰੀਕੇ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਪੱਬਾਂ ਭਾਰ
Publish Date: Sat, 31 Oct 2026 07:21 PM (IST)
Updated Date: Sat, 31 Oct 2026 07:23 PM (IST)
ਐੱਸਐੱਸਪੀ ਤੇ ਡਿਪਟੀ ਕਮਿਸ਼ਨਰ ਨੇ ਵੀਡੀਸੀ ਤੇ ਆਮ ਲੋਕਾਂ ਨਾਲ ਕੀਤੀ ਮੀਟਿੰਗ, ਨਸ਼ਾ ਤਸਕਰਾਂ ਨੂੰ ਜੇਲ੍ਹ ਤੇ ਨਸ਼ਾ ਛੱਡਣ ਵਾਲਿਆਂ ਦੀ ਮਦਦ ਦਾ ਐਲਾਨ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਨਸ਼ਿਆਂ ਦੇ ਮਾਮਲੇ ’ਚ ਹੌਟਸਪੌਟ ਵਜੋਂ ਉੱਭਰ ਰਹੇ ਕਸਬਾ ਹਰੀਕੇ ਨੂੰ ਨਸ਼ਾ ਮੁਕਤ ਕਰਨ ਲਈ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਸਾਂਝੇ ਤੌਰ ’ਤੇ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸੇ ਕੜੀ ਤਹਿਤ ਕਸਬੇ ਦੇ ਨਹਿਰੀ ਵਿਸ਼ਰਾਮ ਘਰ ’ਚ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਤੇ ਡਿਪਟੀ ਕਮਿਸ਼ਨਰ ਰਾਹੁਲ ਦੀ ਅਗਵਾਈ ਹੇਠ ਵਿਲੇਜ ਡਿਫੈਂਸ ਕਮੇਟੀ ਵੀਡੀਸੀ ਦੇ ਮੈਂਬਰਾਂ ਤੇ ਆਮ ਲੋਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਮਕਸਦ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਸਫਲ ਬਣਾਉਣ ਲਈ ਲੋਕਾਂ ਦਾ ਸਹਿਯੋਗ ਲੈਣਾ ਤੇ ਨਸ਼ਾ ਤਸਕਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਂਝੀ ਰਣਨੀਤੀ ਤਿਆਰ ਕਰਨਾ ਸੀ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਦੇ ਨਿਯਮਾਂ ਅਧੀਨ 1 ਮਾਰਚ 2025 ਤੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲ੍ਹੇ ’ਚ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ 1 ਹਜ਼ਾਰ 350 ਮੁਕੱਦਮੇ ਦਰਜ ਕੀਤੇ ਗਏ ਹਨ ਤੇ 1 ਹਜ਼ਾਰ 900 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ’ਚ ਭੇਜਿਆ ਗਿਆ ਹੈ। ਵਿਸ਼ੇਸ਼ ਮੁਹਿੰਮ ਚਲਾ ਕੇ ਜ਼ਿਲ੍ਹੇ ਦੇ 20 ਪਿੰਡਾਂ ਨੂੰ ਨਸ਼ਿਆਂ ਦੇ ਹੌਟਸਪੌਟ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਇਨ੍ਹਾਂ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਐੱਸਪੀ ਤੇ ਡੀਐੱਸਪੀ ਰੈਂਕ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਜੋ ਸਿੱਧੇ ਤੌਰ ’ਤੇ ਪਿੰਡਾਂ ਦੇ ਲੋਕਾਂ ਤੇ ਵੀਡੀਸੀ ਮੈਂਬਰਾਂ ਨਾਲ ਸੰਪਰਕ ਕਰਕੇ ਮੁਹਿੰਮ ਦੀ ਨਿਗਰਾਨੀ ਕਰਨਗੇ। ਐੱਸਐੱਸਪੀ ਨੇ ਸਪੱਸ਼ਟ ਕੀਤਾ ਕਿ ਨਸ਼ਾ ਤਸਕਰੀ ’ਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਦਕਿ ਨਸ਼ੇ ਦੀ ਦਲਦਲ ’ਚ ਫਸੇ ਤੇ ਨਸ਼ਾ ਛੱਡ ਕੇ ਸਮਾਜ ਦੀ ਮੁੱਖ ਧਾਰਾ ’ਚ ਪਰਤਣ ਦੇ ਇੱਛੁਕ ਨੌਜਵਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਨੇ ਕਿਹਾ ਕਿ ਨਸ਼ਾ ਮੁਕਤੀ ਲਈ ਪੁਲਿਸ ਦੇ ਨਾਲ-ਨਾਲ ਸਿਵਲ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦੀ ਸਰਗਰਮ ਭੂਮਿਕਾ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਖੰਡਰ ਬਣੀਆਂ ਇਮਾਰਤਾਂ, ਜਿਥੇ ਨਸ਼ੇੜੀਆਂ ਵੱਲੋਂ ਨਸ਼ਾ ਕਰਨ ਦੀਆਂ ਗਤੀਵਿਧੀਆਂ ਚਲਾਈਆਂ ਜਾਂਦੀਆਂ ਹਨ, ਨੂੰ ਕਾਬੂ ’ਚ ਲਿਆਉਣ ਦੇ ਨਾਲ-ਨਾਲ ਪੰਚਾਇਤਾਂ ਦੇ ਸਹਿਯੋਗ ਨਾਲ ਇਨ੍ਹਾਂ ਇਮਾਰਤਾਂ ਨੂੰ ਮੁੜ ਲੋਕ ਭਲਾਈ ਦੇ ਕੰਮਾਂ ਲਈ ਵਰਤੋਂ ’ਚ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਹਰੀਕੇ ’ਚ ਸਟਰੀਟ ਲਾਈਟਾਂ ਲਗਾਉਣ ਤੇ ਵੱਖ-ਵੱਖ ਥਾਵਾਂ ’ਤੇ ਸੀਸੀਟੀਵੀ ਕੈਮਰੇ ਸਥਾਪਿਤ ਕਰਨ ਦੀ ਤਜਵੀਜ਼ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਨਸ਼ਾ ਮੁਕਤੀ ਮੋਰਚੇ ਦੀ ਟੀਮ ਵੀ ਪੁਲਿਸ ਨਾਲ ਤਾਲਮੇਲ ਕਰਕੇ ਆਪਣੀ ਭੂਮਿਕਾ ਨਿਭਾਅ ਰਹੀ ਹੈ ਤੇ ਆਉਣ ਵਾਲੇ ਸਮੇਂ ’ਚ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ। ਇਸ ਉਪਰੰਤ ਅਧਿਕਾਰੀਆਂ ਨੇ ਵੀਡੀਸੀ ਮੈਂਬਰਾਂ ਤੇ ਹਾਜ਼ਰ ਲੋਕਾਂ ਤੋਂ ਨਸ਼ਾ ਮੁਕਤੀ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੁਝਾਅ ਵੀ ਲਏ। ਇਸ ਮੌਕੇ ਪਿੰਡ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਨਸ਼ਿਆਂ ਵਿਰੁੱਧ ਇਸ ਮੁਹਿੰਮ ’ਚ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਬਣਾਉਣ ਤੇ ਸਮਾਜ ’ਚ ਸੁਖਾਵਾਂ ਮਾਹੌਲ ਸਿਰਜਣ ਲਈ ਨਸ਼ਿਆਂ ਵਿਰੁੱਧ ਇਕਜੁੱਟ ਹੋਣਾ ਸਾਰਿਆਂ ਦਾ ਨੈਤਿਕ ਫਰਜ਼ ਹੈ। ਇਸ ਮੌਕੇ ਐੱਸਪੀ ਸੁਖਨਿੰਦਰ ਸਿੰਘ, ਡੀਐੱਸਪੀ ਰਵੀਸ਼ੇਰ ਸਿੰਘ, ਡੀਐੱਸਪੀ ਸ਼ਿਵਦਰਸ਼ਨ ਸਿੰਘ ਅਤੇ ਥਾਣਾ ਮੁਖੀ ਰੁਪਿੰਦਰ ਪਾਲ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ। ਪਬਲਿਕ ਵਿਚ ਰੌਸ਼ਨ ਲਾਲ ਧਵਨ, ਸਾਂਵਰਦਾਸ ਗੋਇਲ, ਬਲਵੀਰ ਸਿੰਘ ਵਿਜੀਲੈਂਸ ਵਾਲੇ, ਨਿਸ਼ਾਨ ਸਿੰਘ ਬੁੱਟਰ, ਅੰਗਰੇਜ਼ ਸਿੰਘ ਗਿੱਲ, ਗੁਰਜੰਟ ਸਿੰਘ, ਅਮਰੀਕ ਸਿੰਘ ਸੋਨੂੰ, ਬਲਵੀਰ ਸਿੰਘ ਸ਼ਾਹ, ਪਰਮਜੀਤ ਸਿੰਘ ਕਰੀਰ, ਕੁਲਵੰਤ ਸਿੰਘ, ਬਲਰਾਜ ਕੁਮਾਰ ਸੋਨੀ, ਰੇਸ਼ਮ ਸਿੰਘ ਪੰਚ, ਜਸਬੀਰ ਕੌਰ ਮੈਂਬਰ, ਸੁਖਦੇਵ ਸਿੰਘ ਸੰਧੂ, ਪਰਮਜੀਤ ਸਿੰਘ ਬਾਈ, ਸੁਖਜਿੰਦਰ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਬੱਗਾ, ਸੁਰਿੰਦਰ ਕੁਮਾਰ ਚੌਧਰੀ, ਸੁਖਚੈਨ ਸਿੰਘ ਰੱਖਰਾ ਅਤੇ ਕੁਲਦੀਪ ਸਿੰਘ ਜੀਓਜੀ ਆਦਿ ਦੇ ਨਾਲ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।