ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਉੱਚ ਅਧਿਕਾਰੀਆਂ ਨੇ ਟੀਮਾਂ ਸਣੇ ਪਿੰਡਾਂ ’ਚ ਪੈਟਰੋਲਿੰਗ ਕੀਤੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਉੱਚ ਅਧਿਕਾਰੀਆਂ ਨੇ ਟੀਮਾਂ ਸਮੇਤ ਪਿੰਡਾਂ 'ਚ ਪੈਟਰੋਲਿੰਗ ਕੀਤੀ
Publish Date: Sat, 31 Oct 2026 07:07 PM (IST)
Updated Date: Sat, 31 Oct 2026 07:07 PM (IST)
ਮੌਕੇ ’ਤੇ ਬੁਝਾਈ ਅੱਗ ਅਤੇ ਕਿਸਾਨਾਂ ਨੂੰ ਸੁਚੱਜੇ ਪਰਾਲੀ ਪ੍ਰਬੰਧਨ ਲਈ ਕੀਤਾ ਪ੍ਰੇਰਿਤ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ’ਚ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਰਾਹੁਲ ਦੀਆਂ ਹਦਾਇਤਾਂ ’ਤੇ ਉੱਚ ਅਧਿਕਾਰੀਆਂ ਵੱਲੋਂ ਟੀਮਾਂ ਸਮੇਤ ਲਗਾਤਾਰ ਵੱਖ-ਵੱਖ ਪਿੰਡਾਂ ਦੀ ਪੈਟਰੋਲਿੰਗ ਜਾਰੀ ਹੈ। ਇਸੇ ਤਹਿਤ ਐੱਸਡੀਐੱਮ ਤਰਨਤਾਰਨ ਡਾ. ਕਰਨਵੀਰ ਸਿੰਘ, ਐੱਸਡੀਐੱਮ ਖਡੂਰ ਸਾਹਿਬ ਸੰਜੀਵ ਸ਼ਰਮਾ, ਐੱਸਡੀਐੱਮ ਪੱਟੀ ਅਮਨਦੀਪ, ਐੱਸਡੀਐੱਮ ਭਿੱਖੀਵਿੰਡ ਜਗਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਤੇਜਬੀਰ ਸਿੰਘ ਭੰਗੂ ਅਤੇ ਹੋਰਨਾਂ ਅਧਿਕਾਰੀਆਂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਦੀ ਪੈਟਰੋਲਿੰਗ ਕੀਤੀ ਗਈ। ਇਸ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਾਰਵਾਈ ਕੀਤੀ ਗਈ ਅਤੇ ਮੌਕੇ ’ਤੇ ਲੱਗੀ ਅੱਗ ਨੂੰ ਬੁਝਾਇਆ ਗਿਆ। ਕੁਝ ਥਾਵਾਂ ’ਤੇ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਮਦਦ ਵੀ ਲਈ ਗਈ। ਇਸ ਦੌਰਾਨ ਟੀਮਾਂ ਵੱਲੋਂ ਸ਼ਹੀਦ, ਬੋਪਾਰਾਏ, ਧਗਾਣਾ, ਘਰਿਆਲਾ, ਮੰਨਣ, ਸਰਹਾਲੀ ਕਲਾਂ, ਸਭਰਾ, ਜੋਤੀਸ਼ਾਹ, ਕੋਟ ਬੁੱਢਾ, ਦੁਬਲੀ, ਢੋਟੀਆਂ, ਰਾਣੀਵਲਾਹ, ਮਾੜੀ ਗੌਰ ਸਿੰਘ, ਡਿੱਬੀਪੁਰਾ, ਸੁਰਵਿੰਡ, ਚੋਹਲਾ ਸਾਹਿਬ ਅਤੇ ਕੱਚਾ ਪੱਕਾ ਆਦਿ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਦੇ ਨਾਲ-ਨਾਲ ਸਖ਼ਤੀ ਵੀ ਕੀਤੀ ਜਾ ਰਹੀ ਹੈ ਤੇ ਵੱਡੀ ਪੱਧਰ ’ਤੇ ਪਰਚੇ ਵੀ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸੰਭਾਲ ਤੇ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਤੇ ਇਸ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਮਾੜਾ ਅਸਰ ਪੈਂਦਾ ਹੈ ਤੇ ਮਿੱਟੀ ’ਚ ਮੌਜੂਦ ਮਿੱਤਰ ਕੀੜੇ ਤੇ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ। ਇਸ ਨਾਲ ਮਿੱਟੀ ਦੀ ਸਿਹਤ ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਖੇਤਾਂ ’ਚ ਹੀ ਪ੍ਰਬੰਧਨ ਕਰਨ ਜਾਂ ਬੇਲਰ ਵਰਗੀ ਖੇਤੀ ਮਸ਼ੀਨਰੀ ਰਾਹੀਂ ਗੰਢਾਂ ਬਣਵਾ ਕੇ ਇਸ ਦੀ ਸੁਚੱਜੀ ਵਰਤੋਂ ਕਰਨ।