ਪਰਾਲੀ ਪ੍ਰਬੰਧਨ ਦੀ ਮਿਸਾਲ ਬਣਿਆ ਪਿੰਡ ਸਭਰਾ ਦਾ ਕਿਸਾਨ ਰਛਪਾਲ ਸਿੰਘ ਪਰਾਲੀ ਪ੍ਰਬੰਧਨ ਦੀ ਮਿਸਾਲ ਬਣਿਆ ਪਿੰਡ ਸਭਰਾ ਦਾ ਕਿਸਾਨ ਰਛਪਾਲ ਸਿੰਘ
Publish Date: Sat, 31 Oct 2026 06:37 PM (IST)
Updated Date: Sat, 31 Oct 2026 06:37 PM (IST)
8 ਏਕੜ ਦੀ ਪਰਾਲੀ ਇਕੱਠੀ ਕਰਕੇ ਪਸ਼ੂਆਂ ਦੇ ਵਿਛਾਉਣ ਤੇ ਖ਼ੁਰਾਕ ਲਈ ਕਰਦੇ ਵਰਤੋਂ ਸਤਿਨਾਮ ਸਿੰਘ ਚੀਮਾ•, ਪੰਜਾਬੀ ਜਾਗਰਣ ਘਰਿਆਲਾ : ਜਿਹੜੇ ਕਿਸਾਨ ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵਿਭਿੰਨਤਾ ਦੀ ਮਹੱਤਤਾ ਨੂੰ ਸਮਝਦੇ ਹਨ, ਉਹ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵੱਖ-ਵੱਖ ਰਵਾਇਤੀ ਅਤੇ ਨਵੇਂ ਤਰੀਕੇ ਅਪਣਾ ਰਹੇ ਹਨ। ਇਸ ਦੀ ਇਕ ਸ਼ਾਨਦਾਰ ਮਿਸਾਲ ਪਿੰਡ ਸਭਰਾ ਦੇ ਅਗਾਂਹ ਵਧੂ ਕਿਸਾਨ ਰਛਪਾਲ ਸਿੰਘ ਹੈ, ਜੋ ਪਿਛਲੇ ਕੁਝ ਸਾਲਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਖੇਤ ਮਜ਼ਦੂਰਾਂ ਦੇ ਸਹਿਯੋਗ ਨਾਲ ਲਗਭਗ 8 ਏਕੜ ਰਕਬੇ ਦੀ ਪਰਾਲੀ ਇਕੱਠੀ ਕਰ ਰਿਹਾ ਹੈ। ਉਹ ਇਸ ਇਕੱਠੀ ਕੀਤੀ ਪਰਾਲੀ ਦੀ ਵਰਤੋਂ ਪਸ਼ੂਆਂ ਦੇ ਵਿਛਾਉਣ ਤੇ ਖੁਰਾਕ ਵਜੋਂ ਕਰਦਾ ਹੈ। ਉਸ ਦੇ ਤਜ਼ਰਬੇ ਅਨੁਸਾਰ ਪਰਾਲੀ ਦੀ ਇਸ ਤਰ੍ਹਾਂ ਸੁਚੱਜੀ ਵਰਤੋਂ ਕਰਨ ਨਾਲ ਜਿਥੇ ਵਾਤਾਵਰਨ ਦੀ ਸੰਭਾਲ ’ਚ ਯੋਗਦਾਨ ਪਾਇਆ ਜਾਂਦਾ ਹੈ, ਉਥੇ ਹੀ ਖੇਤੀਬਾੜੀ ਅਤੇ ਪਸ਼ੂ ਪਾਲਣ ਦੋਵਾਂ ਨੂੰ ਲਾਭ ਮਿਲਦਾ ਹੈ। ਇਸ ਨਾਲ ਪਸ਼ੂਆਂ ਲਈ ਵਿਛਾਉਣ ਵਾਸਤੇ ਸਮੱਗਰੀ ਅਤੇ ਖ਼ੁਰਾਕ ਲਈ ਵੀ ਲਾਹੇਵੰਦ ਸਰੋਤ ਉਪਲੱਬਧ ਹੋ ਜਾਂਦਾ ਹੈ। ਰਛਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਚਰਨ ਸਿੰਘ, ਜਸਪਾਲ ਸਿੰਘ, ਸੁਰਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਦਾ ਮੰਨਣਾ ਹੈ ਕਿ ਪਰਾਲੀ ਕੋਈ ਬੇਕਾਰ ਰਹਿੰਦ-ਖੂੰਹਦ ਨਹੀਂ, ਸਗੋਂ ਸਹੀ ਪ੍ਰਬੰਧਨ ਰਾਹੀਂ ਇਸ ਨੂੰ ਕਿਸਾਨਾਂ ਲਈ ਲਾਹੇਵੰਦ ਸਰੋਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੀ ਇਹ ਪਹਿਲ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾ ਸਰੋਤ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸੁਚੱਜੀ ਵਰਤੋਂ ਕਰਕੇ ਖੇਤੀਬਾੜੀ, ਪਸ਼ੂ ਪਾਲਣ ਅਤੇ ਵਾਤਾਵਰਨ ਦੀ ਸੰਭਾਲ ਵਿਚ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਨੇ ਕਿਸਾਨ ਰਛਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਇਲਾਕੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵਿਭਿੰਨਤਾ ਦੀ ਸੰਭਾਲ ਲਈ ਆਪਣੀ ਸਹੂਲਤ ਅਤੇ ਖੇਤੀ ਹਾਲਾਤਾਂ ਅਨੁਸਾਰ ਪਰਾਲੀ ਪ੍ਰਬੰਧਨ ਦਾ ਕੋਈ ਨਾ ਕੋਈ ਢੁੱਕਵਾਂ ਤਰੀਕਾ ਜ਼ਰੂਰ ਅਪਣਾਉਣ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।