ਪੱਟੀ ਦੇ ਗਾਂਧੀ ਸੱਥ ਚੌਂਕ ’ਚ ਟਰੈਫਿਕ ਵਿਵਸਥਾ ਦਾ ਬੁਰਾ ਹਾਲ, ਲੋਕ ਹੋ ਰਹੇ ਖੱਜਲ-ਖੁਆਰ ਪੱਟੀ ਦੇ ਗਾਂਧੀ ਸੱਥ ਚੌਂਕ ’ਚ ਟਰੈਫਿਕ ਵਿਵਸਥਾ ਦਾ ਬੁਰਾ ਹਾਲ, ਲੋਕ ਹੋ ਰਹੇ ਖੱਜਲ-ਖੁਆਰ
Publish Date: Sat, 31 Oct 2026 05:47 PM (IST)
Updated Date: Sat, 31 Oct 2026 05:50 PM (IST)
ਵਾਹਨਾਂ ਦੀਆਂ ਲੱਗਦੀਆਂ ਲੰਮੀਆਂ ਕਤਾਰਾਂ, ਦਿਨ ਭਰ ਲੱਗੇ ਰਹਿੰਦੇ ਜਾਮ, ਟ੍ਰੈਫ਼ਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਲੋਕਾਂ ਨੇ ਪ੍ਰਸ਼ਾਸਨ ਤੋਂ ਕੀਤੀ ਮੰਗ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪੱਟੀ ਸ਼ਹਿਰ ਦੇ ਗਾਂਧੀ ਸੱਥ ਚੌਕ ’ਚ ਟ੍ਰੈਫ਼ਿਕ ਵਿਵਸਥਾ ਦਾ ਬੁਰਾ ਹਾਲ ਹੋਣ ਕਾਰਨ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੌਕ ’ਚ ਅਕਸਰ ਲੱਗਣ ਵਾਲੇ ਜਾਮ ਕਾਰਨ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਹਾਲਾਤ ਇਹ ਹਨ ਕਿ ਰੁਝੇਵਿਆਂ ਵਾਲੇ ਸਮੇਂ ਦੌਰਾਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਲੋਕਾਂ ਨੂੰ ਕੁਝ ਮਿੰਟਾਂ ਦਾ ਸਫ਼ਰ ਤੈਅ ਕਰਨ ਲਈ ਕਾਫ਼ੀ ਸਮਾਂ ਲੱਗ ਜਾਂਦਾ ਹੈ। ਗਾਂਧੀ ਸੱਥ ਚੌਕ ਸ਼ਹਿਰ ਦਾ ਅਹਿਮ ਆਵਾਜਾਈ ਕੇਂਦਰ ਹੈ, ਜਿੱਥੋਂ ਰੋਜ਼ਾਨਾ ਵੱਡੀ ਗਿਣਤੀ ’ਚ ਦੋਪਹੀਆ, ਚਾਰਪਹੀਆ ਵਾਹਨਾਂ ਤੋਂ ਇਲਾਵਾ ਹੋਰ ਸਵਾਰੀਆਂ ਵਾਲੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਇਸ ਦੇ ਬਾਵਜੂਦ ਇਥੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਢੁਕਵੇਂ ਪ੍ਰਬੰਧਾਂ ਦੀ ਘਾਟ ਦਿਖਾਈ ਦਿੰਦੀ ਹੈ। ਕਈ ਵਾਰ ਵਾਹਨ ਚਾਲਕਾਂ ਵੱਲੋਂ ਆਪਣੀ ਮਨਮਰਜ਼ੀ ਨਾਲ ਵਾਹਨ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਕਾਰਨ ਸੜਕ ’ਤੇ ਹੋਰ ਵੀ ਭੀੜ ਵਧ ਜਾਂਦੀ ਹੈ। ਚੌਕ ’ਚ ਜਾਮ ਲੱਗਣ ਕਾਰਨ ਸਕੂਲ ਜਾਣ ਵਾਲੇ ਬੱਚਿਆਂ, ਕੰਮਕਾਜ ਲਈ ਜਾਣ ਵਾਲੇ ਲੋਕਾਂ, ਦੁਕਾਨਦਾਰਾਂ ਅਤੇ ਬਜ਼ੁਰਗਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਐਮਰਜੈਂਸੀ ’ਚ ਜਾਣ ਵਾਲੇ ਵਾਹਨਾਂ ਨੂੰ ਵੀ ਰਸਤਾ ਮਿਲਣਾ ਔਖਾ ਹੋ ਜਾਂਦਾ ਹੈ। ਟ੍ਰੈਫ਼ਿਕ ਦੀ ਅਜਿਹੀ ਸਥਿਤੀ ਕਾਰਨ ਹਾਦਸੇ ਵਾਪਰਨ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਇਸ ਮੌਕੇ ਰਾਜਵਿੰਦਰ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਹਰਮਨ, ਪ੍ਰਗਟ, ਸੁਖਬੀਰ ਸਿੰਘ ਅਤੇ ਰਜਿੰਦਰ ਕੁਮਾਰ ਸੋਨਾ ਦਾ ਕਹਿਣਾ ਹੈ ਕਿ ਪੱਟੀ ’ਚ ਆਵਾਜਾਈ ਦਾ ਦਬਾਅ ਲਗਾਤਾਰ ਵਧ ਰਿਹਾ ਹੈ, ਪਰ ਇਸ ਦੇ ਮੁਕਾਬਲੇ ਟ੍ਰੈਫ਼ਿਕ ਪ੍ਰਬੰਧਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਾਂਧੀ ਸੱਥ ਚੌਕ ਵਿਚ ਟ੍ਰੈਫ਼ਿਕ ਮੁਲਾਜ਼ਮਾਂ ਦੀ ਪੱਕੀ ਤਾਇਨਾਤੀ ਕੀਤੀ ਜਾਵੇ, ਨਾਜਾਇਜ਼ ਪਾਰਕਿੰਗ ’ਤੇ ਰੋਕ ਲਗਾਈ ਜਾਵੇ ਅਤੇ ਆਵਾਜਾਈ ’ਚ ਰੁਕਾਵਟ ਬਣਨ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ।