ਓਟ ਸੈਂਟਰ ਕਿਰਤੋਵਾਲ ਤੋਂ 26 ਹਜ਼ਾਰ 700 ਗੋਲੀਆਂ ਚੋਰੀ ਓਟ ਸੈਂਟਰ ਕਿਰਤੋਵਾਲ ਤੋਂ 26 ਹਜ਼ਾਰ 700 ਗੋਲੀਆਂ ਚੋਰੀ
Publish Date: Sat, 31 Oct 2026 05:16 PM (IST)
Updated Date: Sat, 31 Oct 2026 05:17 PM (IST)
- 14 ਮਹੀਨਿਆਂ ’ਚ ਤੀਜੀ ਵਾਰ ਇਹੀ ਓਟ ਸੈਂਟਰ ਬਣਿਆ ਨਿਸ਼ਾਨਾ - ਚੋਰ ਨਸ਼ੇੜੀ ਹਨ ਜਾਂ ਗੋਲੀ ਵਿਕਰੇਤਾ, ਭੇਦ ਬਰਕਰਾਰ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਪਿੰਡ ਕਿਰਤੋਵਾਲ ’ਚ ਸਥਿਤ ਓਟ ਸੈਂਟਰ ਤੋਂ 26 ਹਜ਼ਾਰ 700 ਗੋਲੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 14 ਮਹੀਨਿਆਂ ਦੌਰਾਨ ਇਹੀ ਓਟ ਸੈਂਟਰ ਤੀਜੀ ਵਾਰ ਚੋਰਾਂ ਦਾ ਨਿਸ਼ਾਨਾ ਬਣਿਆ ਹੈ। ਵਾਰ-ਵਾਰ ਹੋ ਰਹੀਆਂ ਚੋਰੀਆਂ ਨੇ ਜਿਥੇ ਓਟ ਸੈਂਟਰ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਉਥੇ ਇਨ੍ਹੀਂ ਵੱਡੀ ਮਾਤਰਾ ’ਚ ਗੋਲੀਆਂ ਚੋਰੀ ਹੋਣ ਪਿੱਛੇ ਅਸਲ ਮਕਸਦ ਕੀ ਹੈ, ਇਹ ਵੀ ਜਾਂਚ ਦਾ ਵਿਸ਼ਾ ਬਣ ਗਿਆ ਹੈ। ਚੋਰ ਨਸ਼ੇੜੀ ਹਨ ਜਾਂ ਗੋਲੀਆਂ ਨੂੰ ਅੱਗੇ ਵੇਚਣ ਵਾਲੇ, ਇਸ ਦਾ ਭੇਦ ਫਿਲਹਾਲ ਬਰਕਰਾਰ ਹੈ। ਮੈਡੀਕਲ ਅਫ਼ਸਰ ਡਾ. ਕਮਲਦੀਪ ਸਿੰਘ ਸੰਧੂ ਨੇ ਜਿਥੇ ਬਿਜਲਈ ਕਟਰ ਨਾਲ ਤਾਲੇ ਕੱਟ ਕੇ 26 ਹਜ਼ਾਰ 700 ਗੋਲੀ ਚੋਰੀ ਹੋਣ ਦੀ ਗੱਲ ਕੀਤੀ ਉਥੇ ਹੀ ਉਨ੍ਹਾਂ ਕਿਹਾ ਕਿ ਚੋਰ ਇਸ ਤੋਂ ਪਹਿਲਾਂ ਵੀ ਓਟ ਸੈਂਟਰ ’ਚੋਂ 9 ਹਜ਼ਾਰ 369 ਗੋਲੀਆਂ ਚੋਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸੈਂਟਰ ਦੀਆਂ ਪ੍ਰਿੰਟਰ, ਟੂਟੀਆਂ, ਏਸੀ ਤੇ ਪੱਖਿਆਂ ਸਣੇ ਹੋਰ ਸਾਮਾਨ ਨੂੰ ਵੀ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਨੀਅਰ ਮੈਡੀਕਲ ਅਫ਼ਸਰ, ਘਰਿਆਲਾ ਡਾ. ਨੀਤੂ ਚੱਢਾ ਵੱਲੋਂ ਐੱਸਡੀਐੱਮ ਪੱਟੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਪੱਤਰ ਦੀ ਕਾਪੀ ਸਿਹਤ ਮੰਤਰੀ ਪੰਜਾਬ, ਸਿਵਲ ਸਰਜਨ ਤਰਨਤਾਰਨ, ਡਿਪਟੀ ਮੈਡੀਕਲ ਕਮਿਸ਼ਨਰ ਤਰਨਤਾਰਨ ਤੇ ਥਾਣਾ ਹਰੀਕੇ ਨੂੰ ਵੀ ਭੇਜ ਕੇ ਮਾਮਲੇ ਸਬੰਧੀ ਸੂਚਿਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਵਰ੍ਹੇ ਵੀ ਓਟ ਸੈਂਟਰ ਵਿੱਚੋਂ ਗੋਲੀਆਂ ਚੋਰੀ ਹੋਣ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਿਸ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਬਾਵਜੂਦ ਮੁੜ ਇਨ੍ਹੀਂ ਵੱਡੀ ਮਾਤਰਾ ’ਚ ਗੋਲੀਆਂ ਚੋਰੀ ਹੋਣ ਨਾਲ ਜਾਂਚ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਪੈਦਾ ਹੋ ਰਹੇ ਹਨ। ਓਟ ਸੈਂਟਰ ਕਿਰਤੋਵਾਲ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੇ ਕਰੀਬ 650 ਮਰੀਜ਼ ਰਜਿਸਟਰਡ ਹਨ, ਜਿਨ੍ਹਾਂ ’ਚੋਂ ਰੋਜ਼ਾਨਾ ਲਗਭਗ 600 ਤੋਂ 620 ਮਰੀਜ਼ ਦਵਾਈ ਲੈਣ ਲਈ ਸੈਂਟਰ ਪਹੁੰਚਦੇ ਹਨ। ਅਜਿਹੇ ’ਚ ਵੱਡੀ ਮਾਤਰਾ ’ਚ ਦਵਾਈਆਂ ਦੀ ਚੋਰੀ ਨਾਲ ਮਰੀਜ਼ਾਂ ਨੂੰ ਦਵਾਈ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਪ੍ਰਭਾਵਿਤ ਹੋਣ ਦਾ ਖਦਸ਼ਾ ਵੀ ਹੈ। ਹੁਣ ਜਾਂਚ ਦੌਰਾਨ ਇਹ ਪਤਾ ਲਗਾਉਣਾ ਅਹਿਮ ਹੋਵੇਗਾ ਕਿ ਚੋਰੀਆਂ ਪਿੱਛੇ ਕੌਣ ਹਨ ਤੇ ਇਨ੍ਹੀਂ ਵੱਡੀ ਮਾਤਰਾ ’ਚ ਚੋਰੀ ਕੀਤੀਆਂ ਗੋਲੀਆਂ ਆਖ਼ਰ ਕਿਥੇ ਜਾ ਰਹੀਆਂ ਹਨ। ਇਸ ਸਬੰਧੀ ਮਾਮਲੇ ਦੇ ਤਫਤੀਸ਼ੀ ਸਬ ਇੰਸਪੈਕਟਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਨੂੰ ਹਰ ਪਹਿਲੂ ਤੋਂ ਵਾਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਦਾ ਪਤਾ ਲਗਾ ਲਿਆ ਜਾਵੇਗਾ।