ਮਾਝਾ ਕਾਲਜ ਫਾਰ ਵੂਮੈਨ ’ਚ ਅਰਦਾਸ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਮਾਝਾ ਕਾਲਜ ਫਾਰ ਵੂਮੈਨ ’ਚ ਅਰਦਾਸ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Sat, 31 Oct 2026 04:22 PM (IST)
Updated Date: Sat, 31 Oct 2026 04:23 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਕਾਲਜ ਫਾਰ ਵੂਮੈਨ, ਤਰਨਤਾਰਨ ਵਿਖੇ ਅਰਦਾਸ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਹਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਇਲਾਹੀ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਵਿਦਿਆਰਥਣਾਂ ਅਤੇ ਸਮੂਹ ਅਧਿਆਪਕਾਂ ਵੱਲੋਂ ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਤਿਆਰ ਕਰਕੇ ਸੰਗਤਾਂ ’ਚ ਵਰਤਾਇਆ ਗਿਆ। ਇਸ ਮੌਕੇ ਉਘੇ ਸਿੱਖ ਚਿੰਤਕ ਡਾ. ਇੰਦਰਜੀਤ ਸਿੰਘ ਗੋਗੋਆਣੀ ਡੀਨ ਅਤੇ ਮੁਖੀ, ਧਰਮ ਅਧਿਐਨ ਵਿਭਾਗ, ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਨਤਮਸਤਕ ਹੋਣ ਉਪਰੰਤ ਵਿਦਿਆਰਥਣਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਿੱਤੇ ਸੰਦੇਸ਼ਾਂ, ਸਿੱਖ ਧਰਮ ਅਤੇ ਸਿੱਖੀ ਸਿਧਾਂਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਸੇ ਸ਼ਬਦ ਰਾਹੀਂ ਮਨੁੱਖੀ ਮਾਨਸਿਕਤਾ ਰੂਹਾਨੀ ਉੱਚਤਾ ਗ੍ਰਹਿਣ ਕਰਦੀ ਹੈ। ਮਨੁੱਖੀ ਮਨ ’ਚ ਪੈਦਾ ਹੋਣ ਵਾਲੀ ਹਉਮੈ ਸਾਰੀਆਂ ਚੰਗਿਆਈਆਂ ਦਾ ਨਾਸ਼ ਕਰ ਦਿੰਦੀ ਹੈ, ਜਦਕਿ ਗੁਰੂ ਦੀ ਸੰਗਤ ਅਤੇ ਪੰਗਤ ਮਨੁੱਖ ਅੰਦਰ ਨਿਮਰਤਾ ਦਾ ਭਾਵ ਪੈਦਾ ਕਰਦੀ ਹੈ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਤੇ ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉਪ-ਕੁਲਪਤੀ ਮਹਿਲ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਗੁਰਮਤਿ ਦੇ ਸਿਧਾਂਤਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਜ਼ਿੰਦਗੀ ਵਿਚ ਹਮੇਸ਼ਾ ਆਸ਼ਾਵਾਦੀ ਵਤੀਰਾ ਅਪਣਾਉਣਾ ਚਾਹੀਦਾ ਹੈ। ਸਿੱਖੀ ਦਾ ਚੜ੍ਹਦੀ ਕਲਾ ਦਾ ਸਿਧਾਂਤ ਸਾਡੀ ਜ਼ਿੰਦਗੀ ਲਈ ਚਾਨਣ-ਮੁਨਾਰਾ ਸਾਬਿਤ ਹੋ ਸਕਦਾ ਹੈ। ਇਸ ਧਾਰਮਿਕ ਸਮਾਗਮ ’ਚ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਸੁਖਬੀਰ ਸਿੰਘ ਸੰਧਾਵਾਲੀਆ ਅਤੇ ਸਕੱਤਰ ਰਾਜਬੀਰ ਸਿੰਘ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਏ। ਅੰਤ ’ਚ ਕਾਲਜ ਦੀ ਪ੍ਰਿੰਸੀਪਲ ਪ੍ਰੋਫੈਸਰ ਹਰਮਿੰਦਰ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਨਤਮਸਤਕ ਹੋਣ ਲਈ ਪਹੁੰਚੇ ਸਮੂਹ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅਰਦਾਸ ਕੀਤੀ ਕਿ ਸ੍ਰੀ ਗੁਰੂ ਸਾਹਿਬ ਜੀ ਦੀ ਮਿਹਰ ਅਤੇ ਅਸੀਸ ਇਸ ਵਿਦਿਅਕ ਸੰਸਥਾ ਉੱਤੇ ਇਸੇ ਤਰ੍ਹਾਂ ਬਣੀ ਰਹੇ।