ਪੰਜਾਬ ਭਰ 'ਚ 40 ਥਾਣਿਆਂ ਅੱਗੇ ਗਰਜੇ ਬੀਕੇਯੂ ਉਗਰਾਹਾਂ ਦੇ ਕਿਸਾਨ : ਸਿੱਧਵਾਂ, ਪੱਟੀ ਪੰਜਾਬ ਭਰ 'ਚ 40 ਥਾਣਿਆਂ ਅੱਗੇ ਗਰਜੇ ਬੀਕੇਯੂ ਉਗਰਾਹਾਂ ਦੇ ਕਿਸਾਨ : ਸਿੱਧਵਾਂ, ਪੱਟੀ
Publish Date: Thu, 29 Oct 2026 07:44 PM (IST)
Updated Date: Thu, 29 Oct 2026 07:46 PM (IST)
ਸਰਬਜੀਤ ਸਿੰਘ ਛੀਨਾ•ਪੰਜਾਬੀ ਜਾਗਰਣ ਖਾਲੜਾ : ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾਂ ਤੋਂ ਤਰਨਤਾਰਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ, ਭੁਪਿੰਦਰ ਸਿੰਘ ਠੱਠੀਆਂ, ਦਲੇਰ ਸਿੰਘ ਰਾਜੋਕੇ, ਹਰਦੀਪ ਸਿੰਘ ਜੋੜਾਂ, ਸੁਖਵੰਤ ਸਿੰਘ ਵਲਟੋਹਾ, ਸੁਖਬੀਰ ਸਿੰਘ ਗੱਗੂਬੂਆ, ਜਥੇਦਾਰ ਸੁਲੱਖਣ ਸਿੰਘ ਮੰਡਾਲਾ ਅਤੇ ਜਥੇਦਾਰ ਸੰਤੋਖ ਸਿੰਘ ਪੱਟੀ ਵੱਲੋਂ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾਈ ਹੈੱਡਕੁਆਰਟਰ ਤੇ ਪੁੱਜੀਆਂ ਰਿਪੋਰਟਾਂ ਅਨੁਸਾਰ 13 ਜ਼ਿਲ੍ਹਿਆਂ ਅੰਦਰ 40 ਪੁਲਿਸ ਥਾਣਿਆਂ ਅੱਗੇ ਤਿੱਖਾ ਲੋਕ ਰੋਹ ਜ਼ਾਹਿਰ ਹੋਇਆ। ਜਿਸ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਦੋ ਵੱਡੇ ਥਾਣੇ ਥਾਣਾ ਝਬਾਲ ਅਤੇ ਥਾਣਾ ਖਾਲੜਾ ਅੱਗੇ ਧਰਨਾ ਪ੍ਰਦਰਸ਼ਨ ਜ਼ਿਲ੍ਹਾ ਜਨਰਲ ਸਕੱਤਰ ਭੁਪਿੰਦਰ ਸਿੰਘ ਠੱਠੀਆਂ, ਬਾਬਾ ਕਾਲਾ ਸਿੰਘ ਝਬਾਲ, ਇੰਦਰਜੀਤ ਸਿੰਘ ਮਾੜੀਮੇਘਾ ਅਤੇ ਬਲਵਿੰਦਰ ਸਿੰਘ ਲਾਡੀ ਮਾੜੀਮੇਘਾ ਦੀ ਅਗਵਾਈ ਹੇਠ ਕੀਤਾ ਗਿਆ। ਜਦਕਿ ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਜਥੇ ਨੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਅਗਵਾਈ ’ਚ ਮਾਨਸਾ ਧਰਨੇ ਵੱਲ ਕੂਚ ਕੀਤਾ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨ ਦੇ ਇਸ ਕੀਤੇ ਗਏ ਇਕੱਠਾਂ ਨੂੰ ਜਥੇਬੰਦੀ ਦੇ ਵੱਖ-ਵੱਖ ਪੱਧਰਾਂ ਦੇ ਆਗੂਆਂ ਵਲੋਂ ਸੰਬੋਧਨ ਕਰਦਿਆਂ ਮਾਨਸਾ ਵਿਖੇ ਲੋਕਾਂ ਦੇ ਇਕੱਠ ਚੋਂ ਪੁਲਿਸ ਵੱਲੋਂ ਖੋਹੀ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਫੌਰੀ ਮਾਪਿਆਂ ਨੂੰ ਸੌਂਪਣ ਦੀ ਮੰਗ ਕੀਤੀ ਅਤੇ ਮਾਨਸਾ ਧਰਨੇ ਤੋਂ ਜਾਬਰ ਹੱਥ ਪਰ੍ਹੇ ਰੱਖਣ ਦੀ ਜ਼ੋਰਦਾਰ ਸੁਣਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਝੋਨੇ ਦੀ ਵਢਾਈ ਦੇ ਜ਼ੋਰਦਾਰ ਕੰਮ ਰੁਝੇਵਿਆਂ ਦੇ ਬਾਵਜੂਦ ਵੀ ਪੰਜਾਬ ਭਰ ’ਚ ਹਜ਼ਾਰਾਂ ਕਿਸਾਨ, ਔਰਤਾਂ ਇਨ੍ਹਾਂ ਧਰਨਿਆਂ ’ਚ ਸ਼ਾਮਿਲ ਹੋਏ ਹਨ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਮਾਨਸਾ ਧਰਨੇ ਚੋਂ ਗ੍ਰਿਫਤਾਰ ਕੀਤੇ ਗਏ ਦਰਜਨ ਭਰ ਵਿਅਕਤੀਆਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਸਲੇ ਤੇ ਇਨਸਾਫ਼ ਦਿੱਤਾ ਜਾਵੇ ਅਤੇ ਨਸ਼ਿਆਂ ਦੀ ਮਾਰ ਰੋਕਣ ਲਈ ਅਹਿਮ ਫੈਸਲਾਕੁੰਨ ਕਦਮ ਚੁੱਕੇ ਜਾਣ। ਇਸ ਮੌਕੇ ਸਿਧਵਾਂ ਵਲੋਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਮਾਰ ਨੂੰ ਰੋਕਣ ਦੇ ਠੋਸ ਕਦਮ ਲੈਣ ਦੀ ਥਾਂ ਸਿਰਫ ਨਸ਼ਿਆਂ ਵਿਰੁੱਧ ਯੁੱਧ ਨਾਂ ਦੀ ਦਿਖਾਵੇਬਾਜ਼ੀ ਕਰ ਰਹੀ ਹੈ ਅਤੇ ਨਸ਼ਿਆਂ ਦੇ ਹੱਲੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਕਾਰਕੁੰਨਾਂ ਨੂੰ ਹੀ ਜਬਰ ਦਾ ਨਿਸ਼ਾਨਾ ਬਣਾ ਰਹੀ ਹੈ। ਇਥੋਂ ਤਕ ਕਿ ਪੁਲਿਸ ਮਾਪਿਆਂ ਤੋਂ ਲਾਸ਼ਾਂ ਖੋਹ ਕੇ ਜਬਰੀ ਸੰਸਕਾਰ ਕਰਨ ਦੀ ਸਿਰੇ ਦੀ ਧੱਕੜ ਰਵਾਇਤ ਕਾਇਮ ਕਰ ਰਹੀ ਹੈ। ਪੰਜਾਬ ਸਰਕਾਰ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਇਨੇਂ ਦਿਨ ਬੀਤ ਜਾਣ ਮਗਰੋਂ ਵੀ ਨਸ਼ਾ ਤਸਕਰਾਂ, ਸਿਆਸਤਦਾਨਾਂ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਗੱਠਜੋੜ ਖਿਲਾਫ ਇਕ ਵੀ ਕਦਮ ਨਹੀਂ ਲਿਆ ਹੈ। ਰੋਜ਼ ਦਿਹਾੜੇ ਨੌਜਵਾਨਾਂ ਦੇ ਨਸ਼ਿਆਂ ਕਾਰਨ ਮਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਉਲਟਾ ਪੰਜਾਬ ਸਰਕਾਰ ਲੋਕਾਂ ਅੰਦਰ ਫੈਲ ਰਹੇ ਰੋਹ ਨੂੰ ਜਬਰ ਦੇ ਜ਼ੋਰ ਕੁਚਲਣ ਦੇ ਰਾਹ ਪੈ ਰਹੀ ਹੈ। ਸਮੱਸਿਆਵਾਂ ਦੇ ਨਿਪਟਾਰੇ ਦੀ ਥਾਂ ਸਾਰਾ ਦਾਰੋਮਦਾਰ ਪੁਲਿਸ ਜਬਰ ਤੇ ਹੈ। ਪੁਲਿਸ ਜਬਰ ਦੇ ਜ਼ੋਰ ਤੇ ਲੋਕਾਂ ਦਾ ਸੰਘਰਸ਼ ਕਰਨ ਦਾ ਹੱਕ ਖੋਹਿਆ ਜਾ ਰਿਹਾ ਹੈ। ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਦੀਆਂ ਸਾਰੀਆਂ ਲੋਕ ਪੱਖੀ ਜਨਤਕ ਤੇ ਜ਼ਮਹੂਰੀ ਸ਼ਕਤੀ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪੰਜਾਬ ਸਰਕਾਰ ਦੇ ਇਸ ਜਾਬਰ ਰਵੱਈਏ ਖਿਲਾਫ ਡਟਣ ’ਤੇ ਸੰਘਰਸ਼ ਕਰਨ ਦੇ ਹੱਕ ਨੂੰ ਬੁਲੰਦ ਕਰਨ। ਅਖੀਰ ’ਚ ਗੁਰਬਾਜ ਸਿੰਘ ਸਿੱਧਵਾਂ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਿਰੋਧ ’ਚ ਪੰਜਾਬ ਅੰਦਰ ਵੱਖ-ਵੱਖ ਕੀਤੇ ਗਏ ਧਰਨੇ ਪ੍ਰਦਰਸ਼ਨਾਂ ਨੂੰ ਸੋਹਣ ਸਿੰਘ ਸਭਰਾਂ, ਕਰਮਜੀਤ ਸਿੰਘ ਸਭਰਾਂ, ਧਿਆਨ ਸਿੰਘ ਫੌਜੀ, ਮਲਕੀਤ ਸਿੰਘ ਬਗਰਾੜੀ, ਜਸਵੰਤ ਸਿੰਘ ਸੋਹਲ, ਪ੍ਰਧਾਨ ਸਤਨਾਮ ਸਿੰਘ ਸਭਰਾ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ ਹੈ।