ਚੈਕਿੰਗ ਦੌਰਾਨ ਹਰੀਕੇ ਪੁਲਿਸ ਨੇ ਬਰਾਮਦ ਕੀਤੀ 4 ਕਿਲੋ 29 ਗ੍ਰਾਮ ਹੈਰੋਇਨ ਚੈਕਿੰਗ ਦੌਰਾਨ ਹਰੀਕੇ ਪੁਲਿਸ ਨੇ ਬਰਾਮਦ ਕੀਤੀ 4 ਕਿਲੋ 29 ਗ੍ਰਾਮ ਹੈਰੋਇਨ
Publish Date: Thu, 29 Oct 2026 06:48 PM (IST)
Updated Date: Thu, 29 Oct 2026 06:49 PM (IST)
- ਮੋਟਰਸਾਈਕਲ ਸਵਾਰ ਦੋ ਕਾਬੂ, ਦੋ ਮੋਬਾਈਲ ਤੇ 700 ਰੁਪਏ ਨਕਦੀ ਵੀ ਮਿਲੀ - ਪੁੱਛਗਿੱਛ ਉਪਰੰਤ ਪਿਆਦਿਆਂ ਦੇ ਆਕਾਵਾਂ ਤਕ ਪਹੁੰਚੇਗੀ ਪੁਲਿਸ : ਐੱਸਐੱਸਪੀ ਲਾਂਬਾ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਹਰੀਕੇ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਕੋਲੋਂ 4 ਕਿਲੋ 29 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਤਲਾਸ਼ੀ ਦੌਰਾਨ ਪੁਲਿਸ ਨੂੰ ਦੋ ਮੋਬਾਈਲ ਫੋਨ ਅਤੇ 700 ਰੁਪਏ ਦੀ ਨਕਦੀ ਵੀ ਮਿਲੀ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪ੍ਰੈੱਸ ਵਾਰਤਾ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇ ਨਜ਼ਰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਡੀਐੱਸਪੀ ਪੱਟੀ ਰਵੀ ਸ਼ੇਰ ਸਿੰਘ ਦੀ ਅਗਵਾਈ ਹੇਠ ਥਾਣਾ ਹਰੀਕੇ ਦੇ ਮੁੱਖ ਅਫ਼ਸਰ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਵੱਲੋਂ ਪੁਲ ਬੂਹ ਨਾਕੇ ’ਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ। ਇਸੇ ਦੌਰਾਨ ਪਿੰਡ ਜੋਣੇਕੇ ਵੱਲੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੇ ਬੈਗਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਦੋਵਾਂ ਕੋਲੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਕੁੱਲ ਵਜ਼ਨ 4 ਕਿਲੋ 29 ਗ੍ਰਾਮ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਦੋ ਮੋਬਾਈਲ ਫੋਨ ਅਤੇ 700 ਰੁਪਏ ਦੀ ਨਕਦੀ ਵੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਦੇਵ ਪੁੱਤਰ ਦੀਪਕ ਵਾਸੀ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਦੋ ਬਲੋਚਨ ਜ਼ਿਲ੍ਹਾ ਫ਼ਰੀਦਕੋਟ ਵਜੋ ਹੋਈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਜਿਥੇ ਮਾਣਯੋਗ ਅਦਾਲਤ ਨੇ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਅਤੇ ਮੁਲਜ਼ਮਾਂ ਨੂੰ 2 ਨਵੰਬਰ ਨੂੰ ਮੁੜ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਪੁਲਿਸ ਨਸ਼ਾ ਸਪਲਾਈ ਕਰਨ ਵਾਲੇ ਉਨ੍ਹਾਂ ਦੇ ਆਕਾਵਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਨਸ਼ੇ ਦੀ ਸਪਲਾਈ ਲਾਈਨ ਅਤੇ ਵਿਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।