ਪੱਟੀ ’ਚ ਸੁਹਾਗਣਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਕਰਵਾਚੌਥ ਦਾ ਤਿਉਹਾਰ ਪੱਟੀ ’ਚ ਸੁਹਾਗਣਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਕਰਵਾ ਚੌਥ ਦਾ ਤਿਉਹਾਰ
Publish Date: Thu, 29 Oct 2026 05:30 PM (IST)
Updated Date: Thu, 29 Oct 2026 05:31 PM (IST)
ਮੰਦਰਾਂ ’ਚ ਸੁਣੀ ਕਰਵੇ ਦੀ ਕਥਾ, ਪਤੀ ਦੀ ਲੰਮੀ ਉਮਰ ਤੇ ਖ਼ੁਸ਼ਹਾਲ ਵਿਆਹੁਤਾ ਜੀਵਨ ਦੀ ਕੀਤੀ ਕਾਮਨਾ ਬੱਲੂ ਮਹਿਤਾ, ਪੰਜਾਬੀ ਜਾਗਰਣ ਪੱਟੀ : ਪੱਟੀ ਸ਼ਹਿਰ ’ਚ ਵੀਰਵਾਰ ਨੂੰ ਕਰਵਾਚੌਥ ਦਾ ਤਿਉਹਾਰ ਸੁਹਾਗਣਾਂ ਵੱਲੋਂ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵਿਆਹੁਤਾ ਔਰਤਾਂ ਨੇ ਆਪਣੇ ਪਤੀਆਂ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਖ਼ੁਸ਼ਹਾਲੀ ਦੀ ਕਾਮਨਾ ਕਰਦਿਆਂ ਵਰਤ ਰੱਖਿਆ। ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ’ਚ ਵੀ ਖ਼ਾਸ ਰੌਣਕ ਦੇਖਣ ਨੂੰ ਮਿਲੀ। ਔਰਤਾਂ ਨੇ ਤਿਉਹਾਰ ਦੀਆਂ ਤਿਆਰੀਆਂ ਲਈ ਖ਼ਰੀਦਦਾਰੀ ਕੀਤੀ ਅਤੇ ਸ਼ਾਮ ਵੇਲੇ ਮੰਦਰਾਂ ’ਚ ਇਕੱਠੀਆਂ ਹੋ ਕੇ ਕਰਵੇ ਦੀ ਕਥਾ ਸੁਣੀ। ਘਾਟੀ ਬਾਜ਼ਾਰ ’ਚ ਮਹਿੰਦੀ ਲਗਾਉਣ ਵਾਲਿਆਂ, ਸੁੰਦਰਤਾ ਕੇਂਦਰਾਂ ਅਤੇ ਹਾਰ-ਸ਼ਿੰਗਾਰ ਦੀਆਂ ਦੁਕਾਨਾਂ ’ਤੇ ਸੁਹਾਗਣਾਂ ਅਤੇ ਵਰਤ ਰੱਖਣ ਵਾਲੀਆਂ ਮੁਟਿਆਰਾਂ ਦੀ ਭੀੜ ਲੱਗੀ ਰਹੀ। ਰੰਗ-ਬਿਰੰਗੀਆਂ ਚੂੜੀਆਂ, ਮਹਿੰਦੀ ਅਤੇ ਸ਼ਿੰਗਾਰ ਦੇ ਸਾਮਾਨ ਦੀ ਖ਼ਰੀਦਦਾਰੀ ਲਈ ਔਰਤਾਂ ’ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਦੇਰ ਸ਼ਾਮ ਤਕ ਮਹਿੰਦੀ ਲਗਵਾਉਣ ਲਈ ਦੁਕਾਨਾਂ ਦੇ ਬਾਹਰ ਭੀੜ ਲੱਗੀ ਰਹੀ। ਕੱਪੜਿਆਂ, ਗਹਿਣਿਆਂ, ਮਠਿਆਈਆਂ ਅਤੇ ਪੂਜਾ ਸਮੱਗਰੀ ਦੀਆਂ ਦੁਕਾਨਾਂ ’ਤੇ ਵੀ ਚਹਿਲ-ਪਹਿਲ ਬਣੀ ਰਹੀ। ਔਰਤਾਂ ਨੇ ਦੱਸਿਆ ਕਿ ਸਨਾਤਨ ਧਰਮ ’ਚ ਹਰ ਤਿਉਹਾਰ ਦਾ ਆਪਣਾ ਵਿਸ਼ੇਸ਼ ਮਹੱਤਵ ਹੈ, ਪਰ ਕਰਵਾ ਚੌਥ ਵਿਆਹੁਤਾ ਔਰਤਾਂ ਲਈ ਖ਼ਾਸ ਮਹੱਤਵ ਰੱਖਦਾ ਹੈ। ਇਹ ਤਿਉਹਾਰ ਪਤੀ-ਪਤਨੀ ਦੇ ਪਿਆਰ, ਆਪਸੀ ਵਿਸ਼ਵਾਸ ਅਤੇ ਖ਼ੁਸ਼ਹਾਲ ਵਿਆਹੁਤਾ ਜੀਵਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਸੁਹਾਗਣਾਂ ਪੂਰੀ ਸ਼ਰਧਾ ਨਾਲ ਵਰਤ ਰੱਖਦੀਆਂ ਹਨ ਅਤੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕਰਦੀਆਂ ਹਨ। ----------- ਬਾਕਸ - ਮੰਦਰਾਂ ’ਚ ਇਕੱਠੀਆਂ ਹੋ ਕੇ ਸੁਣੀ ਕਰਵੇ ਦੀ ਕਥਾ ਸ਼ਾਮ ਵੇਲੇ ਮਾਤਾ ਕੁਤਲੂਈ ਮੰਦਰ, ਮਾਤਾ ਚਿੰਤਪੁਰਨੀ ਮੰਦਰ, ਤੋਤਾ ਗਿਰੀ ਮੰਦਰ, ਸਤਿਸੰਗ ਕੁਟੀਆ ਜੋਸ਼ੀਆਂ ਮੁਹੱਲਾ, ਲਕਸ਼ਮੀ ਨਰਾਇਣ ਮੰਦਰ ਵੱਡੀ ਮੰਡੀ, ਗੀਤਾ ਮੰਦਰ, ਮਾਤਾ ਵੈਸ਼ਨੋ ਦੇਵੀ ਮੰਦਰ, ਮਾਤਾ ਮਹਿੰਦਰੋ ਦੇਵੀ ਮੰਦਰ ਤੇ ਮਾਂ ਬਗਲਾ ਮੁਖੀ ਧਾਮ ਸਮੇਤ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਸੁਹਾਗਣਾਂ ਨੇ ਇਕੱਠੀਆਂ ਹੋ ਕੇ ਕਰਵੇ ਦੀ ਕਥਾ ਸੁਣੀ ਅਤੇ ਰਵਾਇਤੀ ਰਸਮਾਂ ਅਨੁਸਾਰ ਕਰਵਾ ਵਟਾਇਆ। ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਕੇ ਅਰਘ ਭੇਟ ਕਰਨ ਉਪਰੰਤ ਔਰਤਾਂ ਨੇ ਆਪਣਾ ਵਰਤ ਖੋਲ੍ਹਿਆ। ਇਸ ਮੌਕੇ ਚੰਚਲ ਰਾਣੀ, ਗੀਤਾ ਰਾਣੀ, ਅੰਜਲੀ ਮਹਿਤਾ, ਸ਼ਿਵਾਨੀ ਮਹਿਤਾ, ਰੇਣੂਕਾ, ਸਾਕਸ਼ੀ, ਆਰਤੀ, ਸਰਬਜੀਤ ਕੌਰ, ਰੀਤੂ ਬਾਲਾ, ਬਾਵਾ, ਮੋਨਿਕਾ, ਪਰਮਜੀਤ ਕੌਰ, ਮਨਜਿੰਦਰ ਕੌਰ, ਹਰਜਿੰਦਰ ਕੌਰ, ਪ੍ਰਿਯੰਕਾ, ਸੰਦੀਪ ਕੌਰ, ਸੀਤਾ ਰਾਣੀ, ਗੀਤਾ, ਰੇਨੂੰ ਬਾਲਾ, ਚਾਂਦਨੀ, ਵੀਨਾ, ਸੀਮਾ ਮਹਿਤਾ, ਹਰਜੀਤ ਕੌਰ, ਦਿਵਿਆ ਅਤੇ ਪਲਵੀ ਸਮੇਤ ਵੱਡੀ ਗਿਣਤੀ ’ਚ ਔਰਤਾਂ ਹਾਜ਼ਰ ਸਨ।