- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਨਤਾਰਨ ’ਚ 5.94 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਅੰਬੇਡਕਰ ਭਵਨ ਅੰਤਿਮ ਪੜਾਅ ‘ਤੇ : ਡਾ. ਬਲਜੀਤ ਕੌਰ

ਬਾਬਾ ਸਾਹਿਬ ਦੇ ਸਮਾਜਿਕ ਨਿਆਂ, ਬਰਾਬਰੀ ਤੇ ਸਿੱਖਿਆ ਦੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਦਾ ਬਣੇਗਾ ਮਜ਼ਬੂਤ ਕੇਂਦਰ
- ਇਕ ਏਕੜ ’ਚ ਫ਼ੈਲਿਆ ਤਿੰਨ ਮੰਜ਼ਿਲਾਂ ਭਵਨ ਹੁਨਰ ਵਿਕਾਸ
- ਸਿਖਲਾਈ, ਲਾਇਬ੍ਰੇਰੀ ਤੇ ਸਮਾਜਿਕ ਗਤੀਵਿਧੀਆਂ ਨੂੰ ਦੇਵੇਗਾ ਨਵਾਂ ਆਧਾਰ
ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜਿਕ ਬਰਾਬਰੀ, ਸਮਾਜਿਕ ਨਿਆਂ ਅਤੇ ਵਾਂਝੇ ਵਰਗਾਂ ਦੇ ਸਸ਼ਕਤੀਕਰਨ ਲਈ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਤਰਨਤਾਰਨ ਵਿਖੇ ਕਰੀਬ 5.94 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਅੰਬੇਡਕਰ ਭਵਨ ਹੁਣ ਉਸਾਰੀ ਦੇ ਅੰਤਿਮ ਪੜਾਅ ’ਚ ਪਹੁੰਚ ਗਿਆ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਕਰੀਬ ਇਕ ਏਕੜ ਰਕਬੇ ’ਚ ਬਣ ਰਿਹਾ ਇਹ ਤਿੰਨ ਮੰਜ਼ਿਲਾਂ ਅੰਬੇਡਕਰ ਭਵਨ ਲਗਭਗ 23 ਹਜ਼ਾਰ 120 ਵਰਗ ਫੁੱਟ ਕਵਰਡ ਏਰੀਏ ’ਚ ਫ਼ੈਲਿਆ ਹੋਇਆ ਹੈ। ਭਵਨ ਦੇ ਗਰਾਊਂਡ ਫਲੋਰ 'ਤੇ ਵੋਕੇਸ਼ਨਲ ਟ੍ਰੇਨਿੰਗ ਰੂਮ, ਟੀਚਰ ਰੂਮ, ਜ਼ਿਲ੍ਹਾ ਅਤੇ ਤਹਿਸੀਲ ਸਮਾਜਿਕ ਨਿਆਂ, ਅਧਿਕਾਰਤਾ ਅਫ਼ਸਰ ਦਾ ਦਫ਼ਤਰ ਅਤੇ ਵਿਸ਼ਾਲ ਮਲਟੀਪਰਪਜ਼ ਹਾਲ ਬਣਾਇਆ ਗਿਆ ਹੈ।
ਪਹਿਲੀ ਮੰਜ਼ਿਲ 'ਤੇ ਕਾਨਫਰੰਸ ਹਾਲ, ਜ਼ਿਲ੍ਹਾ ਅਤੇ ਤਹਿਸੀਲ ਸਮਾਜਿਕ ਨਿਆਂ, ਅਧਿਕਾਰਤਾ ਅਫ਼ਸਰ ਦੇ ਦਫ਼ਤਰਾਂ ਸਮੇਤ ਸਟਾਫ਼ ਰੂਮ, ਪੈਂਟਰੀ ਅਤੇ ਸਟੋਰ ਰੂਮ ਹਨ, ਜਦਕਿ ਦੂਜੀ ਮੰਜ਼ਿਲ 'ਤੇ ਲਾਇਬ੍ਰੇਰੀ, ਰਿਕਾਰਡ ਰੂਮ, ਗੈਸਟ ਰੂਮ ਅਤੇ ਜ਼ਿਲ੍ਹਾ ਅਤੇ ਤਹਿਸੀਲ ਸਮਾਜਿਕ ਨਿਆਂ, ਅਧਿਕਾਰਤਾ ਅਫ਼ਸਰ ਦਾ ਦਫ਼ਤਰ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਭਵਨ ਦੀ ਉਸਾਰੀ ਦਾ ਕਰੀਬ 95 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਜਲਦ ਹੀ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਭਵਨ ਲੋਕਾਂ ਨੂੰ ਸਮਰਪਿਤ ਹੋਣ ਤੋਂ ਬਾਅਦ ਸਿਖਲਾਈ, ਹੁਨਰ ਵਿਕਾਸ, ਸੈਮੀਨਾਰਾਂ, ਸਮਾਜਿਕ ਜਾਗਰੂਕਤਾ ਪ੍ਰੋਗਰਾਮਾਂ, ਪੁਸਤਕ ਅਧਿਐਨ ਅਤੇ ਭਾਈਚਾਰਕ ਗਤੀਵਿਧੀਆਂ ਦਾ ਇਕ ਮਹੱਤਵਪੂਰਨ ਕੇਂਦਰ ਬਣੇਗਾ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਭਵਨ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਸਮਾਜਿਕ ਨਿਆਂ, ਬਰਾਬਰੀ, ਸਿੱਖਿਆ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣ ਦਾ ਇਕ ਸਸ਼ਕਤ ਕੇਂਦਰ ਸਾਬਿਤ ਹੋਵੇਗਾ। ਇਸ ਨਾਲ ਸਮਾਜਿਕ ਏਕਤਾ, ਜਾਗਰੂਕਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਹੋਰ ਮਜ਼ਬੂਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਲੋਕ-ਭਲਾਈ ਪ੍ਰੋਜੈਕਟਾਂ ਨੂੰ ਪਹਿਲ ਦੇ ਰਹੀ ਹੈ, ਜੋ ਸਮਾਜ ਦੇ ਹਰ ਵਰਗ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਇਕ ਸਮਾਵੇਸ਼ੀ, ਪ੍ਰਗਤੀਸ਼ੀਲ ਅਤੇ ਰੰਗਲੇ ਪੰਜਾਬ ਦੀ ਸਿਰਜਣਾ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਡਾ. ਬਲਜੀਤ ਕੌਰ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰਨ, ਸਮਾਜਿਕ ਨਿਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕ-ਭਲਾਈ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।