- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਆਫ਼ ਐਮੀਨੈਂਸ ਪੱਟੀ ’ਚ ਪੋਕਸੋ ਐਕਟ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਜੱਜ ਮਾਨਿਕ ਕੌੜਾ ਅਤੇ ਜੱਜ ਸ਼ਨੀ ਸੰਧੂ ਨੇ ਵਿਦਿਆਰਥੀਆਂ ਨੂੰ ਬੱਚਿਆਂ ਦੇ ਕਾਨੂੰਨੀ ਅਧਿਕਾਰਾਂ ਅਤੇ ਸੁਰੱਖਿਆ ਬਾਰੇ ਕੀਤਾ ਜਾਗਰੂਕ
ਬੱਲੂ ਮਹਿਤਾ, •ਪੰਜਾਬੀ ਜਾਗਰਣ
ਪੱਟੀ : ਸਕੂਲ ਆਫ਼ ਐਮੀਨੈਂਸ ਪੱਟੀ ’ਚ ਵਿਦਿਆਰਥੀਆਂ ਨੂੰ ਬੱਚਿਆਂ ਦੀ ਸੁਰੱਖਿਆ ਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਪੋਕਸੋ ਐਕਟ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਜੱਜ ਮਾਨਿਕ ਕੌੜਾ ਅਤੇ ਜੱਜ ਸ਼ਨੀ ਸੰਧੂ, ਜੂਨੀਅਰ ਡਵੀਜ਼ਨ, ਸਬ-ਡਵੀਜ਼ਨ ਪੱਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਮੋਨਿਕਾ ਤ੍ਰੇਹਨ ਤੇ ਸਮੂਹ ਸਟਾਫ਼ ਵੱਲੋਂ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਪੋਕਸੋ ਐਕਟ ਦੀ ਮਹੱਤਤਾ, ਬੱਚਿਆਂ ਦੇ ਕਾਨੂੰਨੀ ਅਧਿਕਾਰਾਂ ਤੇ ਜਿਨਸੀ ਸ਼ੋਸ਼ਣ ਤੋਂ ਸੁਰੱਖਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੱਜ ਮਾਨਿਕ ਕੌੜਾ ਨੇ ਦੱਸਿਆ ਕਿ ਪੋਕਸੋ ਐਕਟ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਬਣਾਇਆ ਗਿਆ ਵਿਸ਼ੇਸ਼ ਕਾਨੂੰਨ ਹੈ। ਇਸ ਕਾਨੂੰਨ ਤਹਿਤ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਵਿਰੁੱਧ ਹੋਣ ਵਾਲੇ ਜਿਨਸੀ ਅਪਰਾਧਾਂ ਦੇ ਮਾਮਲਿਆਂ ’ਚ ਕਾਨੂੰਨੀ ਕਾਰਵਾਈ ਦੀ ਵਿਵਸਥਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਗ਼ਲਤ ਹਰਕਤ ਦਾ ਵਿਰੋਧ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਨਾਲ ਗ਼ਲਤ ਵਿਵਹਾਰ ਕਰਦਾ ਹੈ ਜਾਂ ਉਨ੍ਹਾਂ ਨੂੰ ਕਿਸੇ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਚੁੱਪ ਰਹਿਣ ਦੀ ਬਜਾਏ ਆਪਣੇ ਮਾਪਿਆਂ, ਅਧਿਆਪਕਾਂ ਜਾਂ ਕਿਸੇ ਭਰੋਸੇਯੋਗ ਵਿਅਕਤੀ ਨੂੰ ਇਸ ਬਾਰੇ ਜਾਣਕਾਰੀ ਦੇਣ।
ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ। ਅਜਿਹੇ ਜਾਗਰੂਕਤਾ ਸੈਮੀਨਾਰ ਵਿਦਿਆਰਥੀਆਂ ਨੂੰ ਕਾਨੂੰਨੀ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ’ਚ ਆਤਮ-ਵਿਸ਼ਵਾਸ ਵੀ ਪੈਦਾ ਕਰਦੇ ਹਨ, ਤਾਂ ਜੋ ਉਹ ਕਿਸੇ ਵੀ ਮੁਸ਼ਕਿਲ ਸਥਿਤੀ ’ਚ ਆਪਣੇ ਅਧਿਕਾਰਾਂ ਦੀ ਰਾਖੀ ਲਈ ਸਹੀ ਕਦਮ ਚੁੱਕ ਸਕਣ।
ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਮੋਨਿਕਾ ਤ੍ਰੇਹਨ ਅਤੇ ਸਕੂਲ ਦੇ ਸਮੂਹ ਸਟਾਫ਼ ਵੱਲੋਂ ਜੱਜ ਮਾਨਿਕ ਕੌੜਾ ਅਤੇ ਜੱਜ ਸ਼ਨੀ ਸੰਧੂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸਕੂਲ ਦੇ ਵਿਹੜੇ ’ਚ ਯਾਦਗਾਰੀ ਪੌਦਾ ਵੀ ਲਗਾਇਆ। ਇਸ ਉਪਰਾਲੇ ਰਾਹੀਂ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ ਗਿਆ। ਪੌਦੇ ਲਗਾਉਣ ਨਾਲ ਸਕੂਲ ਦੇ ਵਿਹੜੇ ਨੂੰ ਹਰਿਆ-ਭਰਿਆ ਬਣਾਉਣ ਅਤੇ ਵਿਦਿਆਰਥੀਆਂ ਨੂੰ ਕੁਦਰਤ ਦੀ ਛਾਂ ਪ੍ਰਦਾਨ ਕਰਨ ਦਾ ਉਪਰਾਲਾ ਕੀਤਾ ਗਿਆ।
ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਮੋਨਿਕਾ ਤ੍ਰੇਹਨ, ਵੋਕੇਸ਼ਨਲ ਮਾਸਟਰ ਓਂਕਾਰ ਸਿੰਘ, ਕਲਰਕ ਗੁਰਵਿੰਦਰ ਸਿੰਘ ਸਿੱਧੂ, ਐੱਨਸੀਸੀ ਇੰਚਾਰਜ ਬਿਕਰਮਜੀਤ ਸਿੰਘ ਵਾਲੀਆ, ਹਿੰਦੀ ਮਾਸਟਰ ਮਨਦੀਪ ਸਿੰਘ, ਹਰਪ੍ਰੀਤ ਕੌਰ, ਜਸਵੰਤ ਰਾਣੀ, ਮੋਹਿਤ ਕੁਮਾਰ, ਅਮਰਦੀਪ ਸਿੰਘ, ਰਿਧੀ ਭਸੀਨ, ਅਰਪਣਾ ਸੈਣੀ, ਕਰਮਜੀਤ ਕੌਰ, ਏਐੱਸਆਈ ਸਰੂਪ ਸਿੰਘ, ਕਿਸ਼ਨ ਸਮੇਤ ਹੋਰ ਹਾਜ਼ਰ ਸਨ।