ਭਾਈ ਗੁਰਦਾਸ ਅਕੈਡਮੀ ’ਚ ਵਿਜੀਲੈਂਸ ਅਵੇਅਰਨੈਸ ਸੈਮੀਨਾਰ ਕਰਵਾਇਆ ਗਿਆ ਭਾਈ ਗੁਰਦਾਸ ਅਕੈਡਮੀ ’ਚ ਵਿਜੀਲੈਂਸ ਅਵੇਅਰਨੈਸ ਸੈਮੀਨਾਰ ਕਰਵਾਇਆ ਗਿਆ
Publish Date: Thu, 29 Oct 2026 04:49 PM (IST)
Updated Date: Thu, 29 Oct 2026 04:52 PM (IST)
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ ਝਬਾਲ : ਭਾਈ ਗੁਰਦਾਸ ਅਕੈਡਮੀ ’ਚ ਵਿਜੀਲੈਂਸ ਅਵੇਅਰਨੈਸ ਸੈਮੀਨਾਰ ਤਹਿਤ ਸਾਈਬਰ ਅਪਰਾਧਾਂ ਤੋਂ ਬਚਾਅ ਤੇ ਸੁਰੱਖਿਅਤ ਆਨਲਾਈਨ ਵਿੱਤੀ ਲੈਣ-ਦੇਣ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਤੇ ਆਮ ਲੋਕਾਂ ਨੂੰ ਡਿਜ਼ੀਟਲ ਧੋਖਾਧੜੀ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਸੁਚੇਤ ਕਰਨਾ ਸੀ। ਇਸ ਮੌਕੇ ਆਈਡੀਬੀਆਈ ਬੈਂਕ ਤੋਂ ਚਰਨਜੀਤ ਸਿੰਘ ਸੇਠੀ, ਏਜੀਐੱਮ ਵਿਜੀਲੈਂਸਤੇ ਸਤਬੀਰ ਸਿੰਘ, ਬ੍ਰਾਂਚ ਹੈੱਡ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਸਾਈਬਰ ਸੁਰੱਖਿਆ ਤੇ ਸੁਰੱਖਿਅਤ ਵਿੱਤੀ ਲੈਣ-ਦੇਣ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਦੇ ਡਿਜ਼ੀਟਲ ਯੁੱਗ ’ਚ ਯੀਪੀਆਈ, ਜੀਪੇਅ, ਇੰਟਰਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਇਨ੍ਹਾਂ ਸਹੂਲਤਾਂ ਨੇ ਵਿੱਤੀ ਲੈਣ-ਦੇਣ ਨੂੰ ਆਸਾਨ ਬਣਾਇਆ ਹੈ ਪਰ ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਸੇ ਵੀ ਵਿਅਕਤੀ ਨਾਲ ਆਪਣਾ ਓਟੀਪੀ, ਏਟੀਐੱਮ ਪਿੰਨ, ਸੀਵੀਵੀ ਜਾਂ ਬੈਂਕ ਖਾਤੇ ਦੀ ਗੁਪਤ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ। ਅਣਜਾਣ ਲਿੰਕ ਖੋਲ੍ਹਣ, ਸ਼ੱਕੀ ਕਿਊ ਆਰ ਕੋਡ ਸਕੈਨ ਕਰਨ ਤੇ ਫ਼ਰਜ਼ੀ ਵੈੱਬਸਾਈਟਾਂ ਤੇ ਨਿੱਜੀ ਜਾਣਕਾਰੀ ਭਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੈਸੇ ਪ੍ਰਾਪਤ ਕਰਨ ਲਈ ਆਮ ਤੌਰ ਤੇ ਯੂਪੀਆਈ ਪਿੰਨ ਦਰਜ ਕਰਨ ਦੀ ਲੋੜ ਨਹੀਂ ਹੁੰਦੀ। ਇਸ ਲਈ ਕਿਸੇ ਵੀ ਆਨਲਾਈਨ ਲੈਣ-ਦੇਣ ਤੋਂ ਪਹਿਲਾਂ ਪ੍ਰਾਪਤਕਰਤਾ ਦੇ ਵੇਰਵਿਆਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਲਾਟਰੀ ਜਿੱਤਣ, ਇਨਾਮ ਮਿਲਣ ਤੇ ਆਕਰਸ਼ਕ ਆਫ਼ਰਾਂ ਦੇ ਨਾਂ ਤੇ ਆਉਣ ਵਾਲੀਆਂ ਫ਼ਰਜ਼ੀ ਕਾਲਾਂ ਅਤੇ ਸੁਨੇਹਿਆਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਧੋਖੇਬਾਜ਼ ਏਆਈ ਤਕਨੀਕ ਦੀ ਵਰਤੋਂ ਕਰਕੇ ਕਿਸੇ ਜਾਣਕਾਰ ਵਿਅਕਤੀ ਦੀ ਨਕਲੀ ਆਵਾਜ਼ ਜਾਂ ਵੀਡੀਓ ਬਣਾ ਕੇ ਪੈਸੇ ਮੰਗ ਸਕਦੇ ਹਨ। ਇਸ ਲਈ ਪੈਸੇ ਭੇਜਣ ਤੋਂ ਪਹਿਲਾਂ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਬੈਂਕ ਅਧਿਕਾਰੀ ਬਣ ਕੇ ਗੁਪਤ ਜਾਣਕਾਰੀ ਮੰਗਣ ਵਾਲੇ ਵਿਅਕਤੀਆਂ ਅਤੇ ਸ਼ੱਕੀ ਫ਼ੋਨ ਕਾਲਾਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਮੌਕੇ ਅਕੈਡਮੀ ਦੀ ਪ੍ਰਿੰਸੀਪਲ ਵਰਦੀਪ ਕੌਰ ਨੇ ਇਸ ਜਾਗਰੂਕਤਾ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ’ਚ ਹਰ ਵਿਅਕਤੀ ਲਈ ਸਾਈਬਰ ਸੁਰੱਖਿਆ ਅਤੇ ਵਿਜੀਲੈਂਸ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਮਾਨਦਾਰੀ, ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਅਪਣਾਉਣ ਦੇ ਨਾਲ-ਨਾਲ ਆਨਲਾਈਨ ਸਹੂਲਤਾਂ ਦੀ ਸੁਰੱਖਿਅਤ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਅੰਤ ’ਚ ਸਾਰਿਆਂ ਨੂੰ ਡਿਜ਼ੀਟਲ ਸਹੂਲਤਾਂ ਦੀ ਸਹੀ ਤੇ ਸੁਰੱਖਿਅਤ ਵਰਤੋਂ ਕਰਨ, ਸਾਈਬਰ ਅਪਰਾਧਾਂ ਤੋਂ ਬਚਣ ਅਤੇ ਆਪਣੇ ਪਰਿਵਾਰਾਂ ਤੇ ਸਮਾਜ ’ਚ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਵਿਜੀਲੈਂਸ ਅਵੇਅਰਨੈਸ ਸੈਮੀਨਾਰ ਨੇ ਸਾਈਬਰ ਸੁਰੱਖਿਆ, ਨਿੱਜੀ ਜਾਣਕਾਰੀ ਦੀ ਰੱਖਿਆ ਤੇ ਇਮਾਨਦਾਰੀ ਤੇ ਪਾਰਦਰਸ਼ਤਾ ਦੀ ਮਹੱਤਤਾ ਨੂੰ ਉਜਾਗਰ ਕੀਤਾ।