- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਬਾਹਰ ਬੇਸਮੈਂਟ ਦੇ ਪਹਿਲੇ ਹਿੱਸੇ ’ਤੇ ਪਾਇਆ ਲੈਂਟਰ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਰੱਖਿਆ ਸੀ ਬੇਸਮੈਂਟ ਤੇ ਆਧੁਨਿਕ ਜੋੜਾ ਘਰ ਦੀ ਸੇਵਾ ਦਾ ਨੀਂਹ ਪੱਥਰ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ
ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਦੀ ਮੁੱਖ ਦਰਸ਼ਨੀ ਡਿਓਢੀ ਦੇ ਅੱਗੇ ਦੋ ਪਹੀਆਂ ਵਾਹਨ ਪਾਰਕਿੰਗ ਲਈ ਤਿਆਰ ਕੀਤੀ ਗਈ ਬੇਸਮੈਂਟ ’ਤੇ ਬੁੱਧਵਾਰ ਸਵੇਰੇ ਪਹਿਲੇ ਹਿੱਸੇ ਉੱਪਰ ਲੈਂਟਰ ਪਾਉਣ ਦੀ ਸੇਵਾ ਆਰੰਭ ਹੋ ਗਈ ਹੈ। ਇਸ ਮੌਕੇ ਕਾਰ ਸੇਵਾ ਡੇਰਾ ਤਰਨਤਾਰਨ ਦੇ ਬਾਬਾ ਜਗਤਾਰ ਸਿੰਘ, ਬਾਬਾ ਮਹਿੰਦਰ ਸਿੰਘ ਅਤੇ ਬਾਬਾ ਅਵਤਾਰ ਸਿੰਘ ਤੋਂ ਇਲਾਵਾ ਹੋਰ ਕਈ ਧਾਰਮਿਕ ਸ਼ਖਸੀਅਤਾਂ ਮੌਜੂਦ ਰਹੀਆਂ। ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਅਰਦਾਸ ਕੀਤੀ ਗਈ, ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਕੇ ਸੰਗਤ ਨੇ ਜੈਕਾਰਿਆਂ ਦੀ ਗੂੰਝ ਨਾਲ ਕਾਰ ਸੇਵਾ ਦੀ ਆਰੰਭਤਾ ਕੀਤੀ।
ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਮੁੱਖ ਦਰਸ਼ਨੀ ਡਿਓਢੀ ਸ਼ਹਿਰ ਦੇ ਤੰਗ ਬਾਜ਼ਾਰ ਵਿਚ ਹੈ। ਇਸ ਰਸਤੇ ਵੱਡੀ ਗਿਣਤੀ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਦੋ ਪਹੀਆਂ ਵਾਹਨਾਂ ਦੀ ਪਾਰਕਿੰਗ ਸਮੱਸਿਆ ਦੇ ਚੱਲਦਿਆਂ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਆ ਰਹੀ ਸੀ। ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਰ ਸੇਵਾ ਤਰਨਤਾਰਨ ਦੇ ਬਾਬਾ ਜਗਤਾਰ ਸਿੰਘ ਹੋਰਾਂ ਨੂੰ ਇਹ ਸੇਵਾ ਸੌਂਪੀ ਗਈ ਅਤੇ ਕੁਝ ਮਹੀਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸੇਵਾ ਦਾ ਨੀਂਹ ਪੱਥਰ ਵੀ ਮਹਾਂਪੁਰਸ਼ਾਂ ਦੀ ਹਾਜ਼ਰੀ ਵਿਚ ਰੱਖਿਆ। ਜਿਸ ਤੋਂ ਬਾਅਦ ਕਾਰ ਸੇਵਕਾਂ ਵਲੋਂ ਬੇਸਮੈਂਟ ਦੀ ਖੁਦਾਈ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਕਾਰਜ ’ਚ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ ਤਾਂ ਜੋ ਬੇਸਮੈਂਟ ਦੇ ਨਾਲ ਪੁਰਾਣੇ ਤੇ ਤੰਗ ਬਾਜ਼ਾਰਾਂ ਨੂੰ ਨੁਕਸਾਨ ਨਾ ਪੁੱਜੇ।
ਉਪਰੰਤ ਦਰਸ਼ਨੀ ਡਿਓਢੀ ਦੇ ਲੇਵਲ ਮੁਤਾਬਿਕ ਬੁੱਧਵਾਰ ਨੂੰ ਡਿਓਢੀ ਦੇ ਸਾਹਮਣੇ ਬੇਸਮੈਂਟ ਦੇ ਇਕ ਹਿੱਸੇ ਦੇ ਲੈਂਟਰ ਪਾਉਣ ਦੀ ਸੇਵਾ ਆਰੰਭ ਕਰ ਦਿੱਤੀ ਗਈ। ਇਸ ਸੇਵਾ ’ਚ ਹਿੱਸਾ ਲੈਣ ਲਈ ਆਸ ਪਾਸ ਦੇ ਪਿੰਡਾਂ ਤੇ ਤਰਨਤਾਰਨ ਸ਼ਹਿਰ ਦੀਆਂ ਸੰਗਤਾਂ ਹੁੰਮ ਹੁੰਮਾ ਕੇ ਪੁੱਜੀਆਂ ਅਤੇ ਕੁਝ ਘੰਟਿਆਂ ’ਚ ਲੈਂਟਰ ਪਾਉਣ ਦੀ ਸੇਵਾ ਮੁਕੰਮਲ ਕਰ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਬਹੁਤ ਅਕਾਰੀ ਬੇਸਮੈਂਟ ਦੇ ਬਾਕੀ ਸਾਰੇ ਹਿੱਸਿਆਂ ਦੇ ਲੈਂਟਰ ਪੈਣ ਉਪਰੰਤ ਉਪਰ ਅਧੁਨਿਕ ਜੋੜਾ ਘਰ ਤੇ ਗੱਠੜੀ ਘਰ ਦੀ ਉਸਾਰੀ ਕਰਵਾਈ ਜਾਵੇਗੀ। ਜਦੋਂਕਿ ਬੇਸਮੈਂਟ ’ਚ ਸੈਂਕੜੇ ਦੋ ਪਹੀਆਂ ਵਾਹਨ ਖੜ੍ਹੇ ਕਰਨ ਦੀ ਵਿਵਸਥਾ ਹੋਵੇਗੀ।