ਪਤੀ-ਪਤਨੀ ਦੇ ਪਿਆਰ ਤੇ ਵਿਸ਼ਵਾਸ ਦਾ ਪ੍ਰਤੀਕ ਕਰਵਾ ਚੌਥ, ਪੱਟੀ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ ਪਤੀ-ਪਤਨੀ ਦੇ ਪਿਆਰ ਤੇ ਵਿਸ਼ਵਾਸ ਦਾ ਪ੍ਰਤੀਕ ਕਰਵਾ ਚੌਥ, ਪੱਟੀ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ
Publish Date: Wed, 28 Oct 2026 07:36 PM (IST)
Updated Date: Wed, 28 Oct 2026 07:37 PM (IST)
ਸੁਹਾਗਣਾਂ ਨੇ ਪਤੀਆਂ ਨਾਲ ਕੀਤੀ ਖ਼ਰੀਦਦਾਰੀ, ਮਹਿੰਦੀ ਲਗਵਾਉਣ ਤੇ ਸ਼ਿੰਗਾਰ ਦਾ ਸਾਮਾਨ ਖ਼ਰੀਦਣ ਲਈ ਦੁਕਾਨਾਂ ’ਤੇ ਲੱਗੀਆਂ ਭੀੜਾਂ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਪਤੀ-ਪਤਨੀ ਦੇ ਪਿਆਰ, ਆਪਸੀ ਵਿਸ਼ਵਾਸ ਤੇ ਸਮਰਪਣ ਦਾ ਪ੍ਰਤੀਕ ਕਰਵਾਚੌਥ ਦਾ ਤਿਉਹਾਰ ਮਨਾਉਣ ਲਈ ਸੁਹਾਗਣਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਰਵਾਚੌਥ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਪੱਟੀ ਸ਼ਹਿਰ ਦੇ ਬਾਜ਼ਾਰਾਂ ’ਚ ਖ਼ੂਬ ਰੌਣਕਾਂ ਲੱਗੀਆਂ ਰਹੀਆਂ। ਸੁਹਾਗਣਾਂ ਨੇ ਆਪਣੇ ਪਤੀਆਂ ਨਾਲ ਬਾਜ਼ਾਰਾਂ ’ਚ ਪਹੁੰਚ ਕੇ ਕੱਪੜਿਆਂ, ਗਹਿਣਿਆਂ, ਸ਼ਿੰਗਾਰ ਦੇ ਸਾਮਾਨ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਖ਼ਰੀਦਦਾਰੀ ਕੀਤੀ। ਇਸ ਦੌਰਾਨ ਮਹਿੰਦੀ ਲਗਵਾਉਣ ਲਈ ਵੀ ਔਰਤਾਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਦਿਨ ਭਰ ਚਹਿਲ-ਪਹਿਲ ਬਣੀ ਰਹੀ। ਕਰਵਾਚੌਥ ਦੇ ਤਿਉਹਾਰ ਮੌਕੇ ਸੁਹਾਗਣਾਂ ਵੱਲੋਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਸੁਖੀ ਜੀਵਨ ਦੀ ਕਾਮਨਾ ਲਈ ਵਰਤ ਰੱਖਿਆ ਜਾਂਦਾ ਹੈ। ਇਸ ਤਿਉਹਾਰ ਨੂੰ ਲੈ ਕੇ ਔਰਤਾਂ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ। ਨਵੇਂ ਕੱਪੜੇ, ਰੰਗ-ਬਿਰੰਗੀਆਂ ਚੂੜੀਆਂ, ਗਹਿਣੇ, ਮਹਿੰਦੀ ਤੇ ਸ਼ਿੰਗਾਰ ਦਾ ਸਾਮਾਨ ਖ਼ਰੀਦਣਾ ਇਨ੍ਹਾਂ ਤਿਆਰੀਆਂ ਦਾ ਅਹਿਮ ਹਿੱਸਾ ਹੁੰਦਾ ਹੈ। ਇਸੇ ਤਰ੍ਹਾਂ ਪੱਟੀ ਦੇ ਬਾਜ਼ਾਰਾਂ ’ਚ ਵੀ ਔਰਤਾਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ----------- ਬਾਕਸ- ਮਹਿੰਦੀ ਲਗਵਾਉਣ ਲਈ ਔਰਤਾਂ ’ਚ ਦਿਖਾਈ ਦਿੱਤਾ ਉਤਸ਼ਾਹ ਘਾਟੀ ਬਾਜ਼ਾਰ ’ਚ ਮਹਿੰਦੀ ਲਗਵਾਉਣ ਆਈਆਂ ਹਰਮਨਪ੍ਰੀਤ, ਮਮਤਾ ਅਤੇ ਪ੍ਰਿਆ, ਅੰਜਲੀ, ਪ੍ਰਿਅਕਾਂ ਤੇ ਸੁਮਨ ਨੇ ਦੱਸਿਆ ਕਿ ਕਰਵਾਚੌਥ ਸੁਹਾਗਣਾਂ ਲਈ ਬਹੁਤ ਹੀ ਖ਼ਾਸ ਤਿਉਹਾਰ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਤੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਸ਼ਰਧਾ ਤੇ ਚਾਵਾਂ ਨਾਲ ਵਰਤ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਤਿਉਹਾਰ ਨੂੰ ਲੈ ਕੇ ਔਰਤਾਂ ’ਚ ਕਈ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਮਹਿੰਦੀ ਲਗਵਾਉਣਾ ਵੀ ਇਨ੍ਹਾਂ ਤਿਆਰੀਆਂ ਦਾ ਅਹਿਮ ਹਿੱਸਾ ਹੈ, ਜਿਸ ਨੂੰ ਸੁਹਾਗਣਾਂ ਸ਼ਗਨ ਅਤੇ ਸੁਹਾਗ ਦੀ ਨਿਸ਼ਾਨੀ ਵਜੋਂ ਦੇਖਦੀਆਂ ਹਨ। ਉਨ੍ਹਾਂ ਦੱਸਿਆ ਕਿ ਕਰਵਾਚੌਥ ਵਾਲੇ ਦਿਨ ਔਰਤਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਰਗੀ ਖਾਂਦੀਆਂ ਹਨ ਤੇ ਇਸ ਤੋਂ ਬਾਅਦ ਵਰਤ ਸ਼ੁਰੂ ਕਰਦੀਆਂ ਹਨ। ਦਿਨ ਭਰ ਵਰਤ ਰੱਖਣ ਉਪਰੰਤ ਸ਼ਾਮ ਨੂੰ ਕਰਵੇ ਦੀ ਪੂਜਾ ਕੀਤੀ ਜਾਂਦੀ ਹੈ। ਰਾਤ ਸਮੇਂ ਚੰਦਰਮਾ ਦੇ ਦਰਸ਼ਨ ਕਰਨ, ਰਵਾਇਤੀ ਰਸਮਾਂ ਨਿਭਾਉਣ ਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਨ ਤੋਂ ਬਾਅਦ ਵਰਤ ਖੋਲ੍ਹਿਆ ਜਾਂਦਾ ਹੈ। ----------- ਬਾਕਸ- ਸ਼ਿੰਗਾਰ ਦੀਆਂ ਦੁਕਾਨਾਂ ਤੇ ਬਿਊਟੀ ਪਾਰਲਰਾਂ ’ਤੇ ਲੱਗੀਆਂ ਭੀੜਾਂ ਕਰਵਾਚੌਥ ਦੀਆਂ ਤਿਆਰੀਆਂ ਕਾਰਨ ਸ਼ਹਿਰ ਦੀਆਂ ਸ਼ਿੰਗਾਰ ਦੀਆਂ ਦੁਕਾਨਾਂ ਤੇ ਬਿਊਟੀ ਪਾਰਲਰਾਂ ’ਚ ਵੀ ਕਾਫ਼ੀ ਭੀੜ ਰਹੀ। ਔਰਤਾਂ ਨੇ ਚੂੜੀਆਂ, ਨੈਕਲਸ, ਬਿੰਦੀਆਂ, ਮੇਕਅਪ ਦਾ ਸਾਮਾਨ ਅਤੇ ਹੋਰ ਸ਼ਿੰਗਾਰ ਦੀਆਂ ਵਸਤਾਂ ਖ਼ਰੀਦੀਆਂ। ਕਈ ਔਰਤਾਂ ਆਪਣੇ ਪਤੀ ਨਾਲ ਖ਼ਰੀਦਦਾਰੀ ਕਰਨ ਪਹੁੰਚੀਆਂ, ਜਦਕਿ ਮੁਟਿਆਰਾਂ ਵੀ ਮਹਿੰਦੀ ਲਗਵਾਉਣ ਅਤੇ ਤਿਉਹਾਰ ਮੌਕੇ ਤਿਆਰ ਹੋਣ ਲਈ ਉਤਸ਼ਾਹਿਤ ਦਿਖਾਈ ਦਿੱਤੀਆਂ। ਮਹਿਤਾ ਬਿਊਟੀ ਪਾਰਲਰ ਵਿਖੇ ਮਹਿੰਦੀ ਲਗਾਉਣ ਵਾਲਿਆਂ ਨੇ ਦੱਸਿਆ ਕਿ ਕਰਵਾਚੌਥ ਦੇ ਮੌਕੇ ’ਤੇ ਮਹਿੰਦੀ ਲਗਵਾਉਣ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਔਰਤਾਂ ਆਪਣੀ ਪਸੰਦ ਅਨੁਸਾਰ ਹੱਥਾਂ ’ਤੇ ਵੱਖ-ਵੱਖ ਡਿਜ਼ਾਈਨਾਂ ਦੀ ਮਹਿੰਦੀ ਲਗਵਾਉਂਦੀਆਂ ਹਨ। ਤਿਉਹਾਰ ਨੇੜੇ ਆਉਣ ਕਾਰਨ ਮਹਿੰਦੀ ਲਗਵਾਉਣ ਲਈ ਔਰਤਾਂ ਦੀ ਆਮਦ ’ਚ ਵਾਧਾ ਹੋਇਆ ਹੈ ਅਤੇ ਕਈ ਥਾਵਾਂ ’ਤੇ ਔਰਤਾਂ ਆਪਣੀ ਵਾਰੀ ਦੀ ਉਡੀਕ ਕਰਦੀਆਂ ਵੀ ਦਿਖਾਈ ਦਿੱਤੀਆਂ। --------- ਬਾਕਸ- ਫਲਾਂ, ਮੱਠੀਆਂ ਤੇ ਫੈਨੀਆਂ ਦੀ ਖ਼ਰੀਦਦਾਰੀ ਵੀ ਵਧੀ ਕਰਵਾਚੌਥ ਦੇ ਤਿਉਹਾਰ ਮੌਕੇ ਫਲਾਂ, ਮੱਠੀਆਂ ਅਤੇ ਫੈਨੀਆਂ ਦੀ ਖ਼ਰੀਦਦਾਰੀ ਵੀ ਕੀਤੀ ਜਾਂਦੀ ਹੈ। ਫ਼ਲ ਵਿਕਰੇਤਾ ਪਵਨ ਕੁਮਾਰ ਅਤੇ ਰਾਜਿੰਦਰ ਕੁਮਾਰ ਸੋਨਾ ਨੇ ਦੱਸਿਆ ਕਿ ਤਿਉਹਾਰ ਕਾਰਨ ਸੇਬ, ਕੇਲੇ, ਮੌਸਮੀ, ਨਾਰੀਅਲ, ਸੰਤਰੇ, ਨਾਸ਼ਪਾਤੀ ਅਤੇ ਅਨਾਰ ਵਰਗੇ ਫਲਾਂ ਦੀ ਮੰਗ ਰਹਿੰਦੀ ਹੈ। ਔਰਤਾਂ ਆਪਣੀ ਲੋੜ ਅਤੇ ਪਸੰਦ ਅਨੁਸਾਰ ਫਲ ਖ਼ਰੀਦ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਗਾਹਕ ਤਾਂ ਪਹੁੰਚ ਰਹੇ ਹਨ, ਪਰ ਕਈ ਲੋਕ ਆਪਣੀ ਲੋੜ ਅਨੁਸਾਰ ਹੀ ਖ਼ਰੀਦਦਾਰੀ ਨੂੰ ਤਰਜੀਹ ਦੇ ਰਹੇ ਹਨ। ਮਹਿੰਗਾਈ ਦਾ ਅਸਰ ਖ਼ਰੀਦਦਾਰੀ ’ਤੇ ਦਿਖਾਈ ਦਿੰਦਾ ਹੈ, ਫਿਰ ਵੀ ਤਿਉਹਾਰ ਪ੍ਰਤੀ ਲੋਕਾਂ ਦੇ ਉਤਸ਼ਾਹ ’ਚ ਕੋਈ ਖ਼ਾਸ ਕਮੀ ਨਜ਼ਰ ਨਹੀਂ ਆ ਰਹੀ। ਫਲਾਂ ਤੋਂ ਇਲਾਵਾ ਮੱਠੀਆਂ, ਫੈਨੀਆਂ ਅਤੇ ਹੋਰ ਪੂਜਾ ਸਮੱਗਰੀ ਦੀਆਂ ਦੁਕਾਨਾਂ ’ਤੇ ਵੀ ਗਾਹਕਾਂ ਦੀ ਆਵਾਜਾਈ ਬਣੀ ਰਹੀ। ਬਾਜ਼ਾਰ ’ਚ ਖ਼ਰੀਦਦਾਰੀ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਮਹਿੰਗਾਈ ਕਾਰਨ ਘਰੇਲੂ ਬਜਟ ’ਤੇ ਅਸਰ ਪੈਂਦਾ ਹੈ, ਪਰ ਤਿਉਹਾਰਾਂ ਦੀ ਆਪਣੀ ਮਹੱਤਤਾ ਹੁੰਦੀ ਹੈ। ਕਰਵਾਚੌਥ ਉਨ੍ਹਾਂ ਲਈ ਸਿਰਫ਼ ਵਰਤ ਰੱਖਣ ਦਾ ਦਿਨ ਨਹੀਂ, ਸਗੋਂ ਆਪਣੇ ਜੀਵਨ ਸਾਥੀ ਪ੍ਰਤੀ ਪਿਆਰ, ਸਤਿਕਾਰ ਅਤੇ ਸਮਰਪਣ ਦਾ ਪ੍ਰਗਟਾਵਾ ਕਰਨ ਦਾ ਮੌਕਾ ਵੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਮਨ ਨੂੰ ਖ਼ੁਸ਼ੀ, ਸੰਤੁਸ਼ਟੀ ਅਤੇ ਸਕੂਨ ਦਿੰਦੇ ਹਨ, ਇਸ ਲਈ ਇਨ੍ਹਾਂ ਨੂੰ ਪਰਿਵਾਰ ਨਾਲ ਮਿਲ ਕੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। --------- ਬਾਕਸ - ਪਹਿਲੀ ਵਾਰ ਵਰਤ ਰੱਖੇਗੀ ਸੋਨੀਆ ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਨਵ-ਵਿਆਹੀਆਂ ’ਚ ਵੀ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਸੋਨੀਆ ਅਤੇ ਪੂਜਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖੇਗੀ। ਇਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹੈ ਅਤੇ ਆਪਣੇ ਪਤੀ ਦੀ ਲੰਬੀ ਉਮਰ ਤੇ ਸੁਖੀ ਜੀਵਨ ਦੀ ਕਾਮਨਾ ਕਰੇਗੀ। ਉਸ ਨੇ ਕਿਹਾ ਕਿ ਪਹਿਲੀ ਵਾਰ ਵਰਤ ਰੱਖਣ ਕਾਰਨ ਇਹ ਤਿਉਹਾਰ ਉਸ ਲਈ ਹੋਰ ਵੀ ਯਾਦਗਾਰੀ ਹੈ। ਪਰਿਵਾਰ ਵਿਚ ਵੀ ਇਸ ਦਿਨ ਨੂੰ ਲੈ ਕੇ ਖ਼ੁਸ਼ੀ ਦਾ ਮਾਹੌਲ ਹੈ। ------------- ਬਾਕਸ - ਪੱਟੀ ਦੇ ਪ੍ਰਮੁੱਖ ਬਾਜ਼ਾਰਾਂ ’ਚ ਰਹੀ ਰੌਣਕ ਕਰਵਾਚੌਥ ਦੀ ਪੂਰਵ ਸੰਧਿਆ ’ਤੇ ਪੱਟੀ ਦੇ ਘਾਟੀ ਬਾਜ਼ਾਰ, ਪੁਰਾਣਾ ਬਾਜ਼ਾਰ, ਬੱਸ ਅੱਡਾ, ਵੱਡੀ ਮੰਡੀ ਤੇ ਮੁੱਖ ਬਾਜ਼ਾਰ ਸਮੇਤ ਵੱਖ-ਵੱਖ ਇਲਾਕਿਆਂ ’ਚ ਕਾਫ਼ੀ ਭੀੜ ਦੇਖਣ ਨੂੰ ਮਿਲੀ। ਦੁਕਾਨਾਂ ’ਤੇ ਰੰਗ-ਬਿਰੰਗੀਆਂ ਚੂੜੀਆਂ, ਕੱਪੜੇ, ਸ਼ਿੰਗਾਰ ਦਾ ਸਾਮਾਨ ਅਤੇ ਤਿਉਹਾਰ ਨਾਲ ਸਬੰਧਿਤ ਵਸਤਾਂ ਸਜੀਆਂ ਹੋਈਆਂ ਸਨ। ਔਰਤਾਂ ਦੀ ਆਵਾਜਾਈ ਕਾਰਨ ਬਾਜ਼ਾਰਾਂ ’ਚ ਦਿਨ ਭਰ ਰੌਣਕ ਬਣੀ ਰਹੀ। ਕਰਵਾਚੌਥ ਦੇ ਤਿਉਹਾਰ ਨੇ ਇਕ ਵਾਰ ਫਿਰ ਪੱਟੀ ਦੇ ਬਾਜ਼ਾਰਾਂ ’ਚ ਖ਼ੁਸ਼ੀਆਂ ਅਤੇ ਉਤਸ਼ਾਹ ਦਾ ਮਾਹੌਲ ਪੈਦਾ ਕਰ ਦਿੱਤਾ। ਹੁਣ ਸੁਹਾਗਣਾਂ ਨੂੰ ਚੰਦਰਮਾ ਦੇ ਦਰਸ਼ਨਾਂ ਅਤੇ ਪੂਜਾ ਦੀ ਉਡੀਕ ਹੈ, ਜਿਸ ਤੋਂ ਬਾਅਦ ਉਹ ਆਪਣੇ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲ੍ਹਣਗੀਆਂ ਅਤੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਅਰਦਾਸ ਕਰਨਗੀਆਂ।