ਕਿਸਾਨਾਂ ਨੇ 30 ਨੂੰ ਖੰਡ ਮਿੱਲ ਸ਼ੇਰੋਂ ’ਚ ਵੱਡਾ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ: ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਨੇ 30 ਨੂੰ ਖੰਡ ਮਿੱਲ ਸ਼ੇਰੋਂ ’ਚ ਵੱਡਾ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ: ਸੰਯੁਕਤ ਕਿਸਾਨ ਮੋਰਚਾ
Publish Date: Wed, 28 Oct 2026 06:01 PM (IST)
Updated Date: Wed, 28 Oct 2026 06:01 PM (IST)
ਮਿੱਲ ਦੀ ਮਾਲਕੀ ਤਬਦੀਲ ਕਰਨ ਵਿਰੁੱਧ ਸੰਘਰਸ਼ ਨਵੇਂ ਪੜਾਅ ਵਿਚ : ਕਿਸਾਨ ਆਗੂ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ’ਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਇਕ ਜ਼ਰੂਰੀ ਮੀਟਿੰਗ ਸਹਿਕਾਰੀ ਖੰਡ ਮਿੱਲ ਸ਼ੇਰੋਂ ’ਚ ਮੋਰਚੇ ਵਾਲੀ ਜਗ੍ਹਾ ’ਚ 30 ਅਕਤੂਬਰ ਦੇ ਐਕਸ਼ਨ ਦੀ ਤਿਆਰੀ ਲਈ ਕੀਤੀ ਗਈ। ਇਸ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਟਾਂਡਾ ਸੂਬਾਈ ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਕੀਤੀ। ਇਸ ਮੀਟਿੰਗ ’ਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਮਨਜੀਤ ਸਿੰਘ ਬੱਗੂ ਜਮਹੂਰੀ ਕਿਸਾਨ ਸਭਾ, ਤਰਸੇਮ ਸਿੰਘ ਲੁਹਾਰ ਕੌਮੀ ਕਿਸਾਨ ਯੂਨੀਅਨ, ਨਛੱਤਰ ਸਿੰਘ ਪੰਨੂ ਕਿਰਤੀ ਕਿਸਾਨ ਯੂਨੀਅਨ, ਗੁਰਪ੍ਰੀਤ ਸਿੰਘ ਗੰਡੀਵਿੰਡ ਕੁਲ ਹਿੰਦ ਕਿਸਾਨ ਸਭਾ, ਗੁਰ ਸਾਹਿਬ ਸਿੰਘ ਡਲ ਬੀਕੇਯੂ ਕਾਦੀਆਂ ਅਤੇ ਡਾ. ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਸਰਕਾਰੀ ਖੰਡ ਮਿਲ ਸ਼ੇਰੋਂ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੱਗਾ ਮੋਰਚਾ ਪੰਜ ਮਹੀਨੇ ਤੋਂ ਉੱਪਰ ਸਮੇਂ ਤੋਂ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਬਿਲਕੁਲ ਇਸ ਗੱਲ ਤੋਂ ਬੇਖਬਰ ਹੈ ਕਿ ਉਸ ਨੇ ਇਨ੍ਹਾਂ ਸੰਘਰਸ਼ਸ਼ੀਲ ਕਿਸਾਨਾਂ ਦੀ ਕੋਈ ਗੱਲ ਸੁਣਨੀ ਹੈ ਅਤੇ ਪੰਜਾਬ ਸਰਕਾਰ ਨਾਲ ਇਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਚਰਚਾ ਕਰਨੀ ਹੈ। ਨੇਤਾਵਾਂ ਨੇ ਦੱਸਿਆ ਕਿ ਨਵੰਬਰ 2025 ’ਚ ਪੰਜਾਬ ਸਰਕਾਰ ਨੇ ਇਹ ਖੰਡ ਮਿੱਲ ਨੂੰ ਅੱਗੇ ਕਈ ਹਿੱਸਿਆਂ ’ਚ ਮਾਲਕੀ ਤਬਦੀਲ ਕਰ ਦਿੱਤੀ ਸੀ ਜਿਹੜੀ ਕਿ ਸਰਕਾਰ ਕੋਲ ਕੋਈ ਵੀ ਕਾਨੂੰਨੀ ਅਖਤਿਆਰ ਨਹੀਂ ਹੈ। ਕਿਉਂਕਿ ਇਸ ਮਿੱਲ ਵਿਚ ਕਿਸਾਨਾਂ ਦੇ 60 ਫੀਸਦੀ ਸ਼ੇਅਰ ਹਨ। ਇਸ ਲੰਬੇ ਮੋਰਚੇ ਦੌਰਾਨ ਵੱਖ-ਵੱਖ ਵਿਧਾਇਕਾਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ, ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਲੋਕਾਂ ਦੇ ਮਸਲਿਆਂ ਨੂੰ ਅਣਗੌਲਿਆਂ ਕਰ ਰਹੀ ਹੈ। ਇਹ ਮਿੱਲ ਜਿਹੜੀ ਤਰਨਤਾਰਨ ਜ਼ਿਲ੍ਹੇ ’ਚ ਇਕਲੋਤੀ ਖੰਡ ਮਿੱਲ ਹੈ ਅਤੇ ਇਹ ਵੱਡੀ ਪੱਧਰ ’ਤੇ ਜਿਥੇ ਰੁਜ਼ਗਾਰ ਪੈਦਾ ਕਰਦੀ ਹੈ, ਉਥੇ ਹੀ ਇਹ ਕਿਸਾਨਾਂ ਨੂੰ ਬਦਲਵੀਂ ਖੇਤੀ ਭਾਵ ਝੋਨੇ ਦੀ ਫ਼ਸਲ ਤੋਂ ਬਦਲ ਪੇਸ਼ ਕਰਦੀ ਹੈ। ਜਿਸ ਨਾਲ ਇਸ ਇਲਾਕੇ ’ਚ ਆਉਣ ਵਾਲੀ ਹੜ੍ਹਾਂ ਦੀ ਸਮੱਸਿਆ ਨਾਲ ਵੀ ਲੜਨ ਦੀ ਨਿਜਾਤ ਮਿਲਦੀ ਹੈ। ਪੰਜ ਮਹੀਨੇ ਤੋਂ ਲਗਾਤਾਰ ਮੋਰਚਾ ਚਲਾ ਰਹੇ ਆਗੂਆਂ ਨੇ ਤਿੱਖੇ ਸ਼ਬਦਾਂ ’ਚ ਕਿਹਾ ਕਿ ਹੁਣ ਪ੍ਰਦਰਸ਼ਨਕਾਰੀਆਂ ਵੱਲੋਂ ਆਪਣੇ ਪ੍ਰਦਰਸ਼ਨ ਨੂੰ ਤਿੱਖਾ ਕੀਤਾ ਜਾਏਗਾ ਤੇ ਇਸਦੇ ਜੋ ਵੀ ਸਿੱਟੇ ਨਿਕਲਣਗੇ, ਉਹ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਬਿਲਕੁਲ ਹੀ ਅਵੇਸਲਾ ਹੋ ਕੇ ਬੈਠਾ ਹੋਇਆ ਹੈ ਤੇ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਕਰ ਰਿਹਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਬੇਨਤੀ ਕੀਤੀ ਗਈ ਕਿ ਉਹ 30 ਅਕਤੂਬਰ ਵਾਲੇ ਦਿਨ ਵੱਡੀ ਗਿਣਤੀ ’ਚ ਸ਼ੂਗਰ ਮਿੱਲ ਸ਼ੇਰੋਂ ’ਚ ਪਹੁੰਚਣ ਅਤੇ ਪੰਜਾਬ ਸਰਕਾਰ ਵਿਰੁੱਧ ਆਪਣਾ ਰੋਹ ਪ੍ਰਗਟ ਕਰਨ ਤਾਂ ਜੋਂ ਆਪਣੀ ਮਿੱਲ ਨੂੰ ਬਚਾਇਆ ਜਾ ਸਕੇ। ਇਸ ਮੌਕੇ ਹੋਰਨਾ ਤੋਂ ਇਲਾਵਾ ਰਤਨ ਸਿੰਘ ਢੰਡ, ਬਾਬਾ ਮਹਿੰਦਰ ਸਿੰਘ ਵੇਂਈਪੂੰਈ, ਜਸਬੀਰ ਸਿੰਘ, ਦਵਿੰਦਰ ਸੋਹਲ, ਸੁਖਬਾਜ ਸਿੰਘ ਸਿੱਧੂ, ਆਦਿ ਆਗੂ ਹਾਜ਼ਰ ਸਨ।