ਮਾਨਸਾ ਮੋਰਚੇ ‘ਚ ਆਮਦ ਰੋਕਣ ਲਈ ਹਰੀਕੇ ’ਚ ਥਾਂ-ਥਾਂ ਨਾਕਾਬੰਦੀ ਮਾਨਸਾ ਮੋਰਚੇ ‘ਚ ਆਮਦ ਰੋਕਣ ਲਈ ਹਰੀਕੇ ’ਚ ਥਾਂ-ਥਾਂ ਨਾਕਾਬੰਦੀ
Publish Date: Wed, 28 Oct 2026 04:48 PM (IST)
Updated Date: Wed, 28 Oct 2026 04:49 PM (IST)
ਅੰਤਰ-ਜ਼ਿਲ੍ਹਾ ਨਾਕਿਆਂ ’ਤੇ ਵੀ ਸਖ਼ਤੀ, ਵਾਹਨਾਂ ਦੇ ਕੱਟੇ ਚਲਾਨ, ਅਮਨ-ਕਾਨੂੰਨ ਦੀ ਸਥਿਤੀ ਲਈ ਚੈਕਿੰਗ ਦਾ ਦਾਅਵਾ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਮਾਨਸਾ ’ਚ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਚੱਲ ਰਹੇ ਮੋਰਚੇ ਨੂੰ ਲੈ ਕੇ ਪੁਲਿਸ ਵੱਲੋਂ ਹਰੀਕੇ ਸਮੇਤ ਆਸ-ਪਾਸ ਦੇ ਇਲਾਕਿਆਂ ’ਚ ਸਖ਼ਤੀ ਵਧਾ ਦਿੱਤੀ ਗਈ ਹੈ। ਮਾਨਸਾ ਵੱਲ ਜਾਣ ਵਾਲੇ ਰਸਤਿਆਂ ’ਤੇ ਥਾਂ-ਥਾਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਅੰਤਰ-ਜ਼ਿਲ੍ਹਾ ਨਾਕਿਆਂ ’ਤੇ ਵੀ ਪੁਲਿਸ ਦੀ ਵਿਸ਼ੇਸ਼ ਤਾਇਨਾਤੀ ਰਹੀ ਤੇ ਕਈ ਵਾਹਨਾਂ ਦੇ ਚਲਾਨ ਕੀਤੇ ਗਏ। ਪ੍ਰਤੱਖਦਰਸ਼ੀਆਂ ਮੁਤਾਬਿਕ ਮਾਨਸਾ ਮੋਰਚੇ ’ਚ ਸ਼ਾਮਿਲ ਹੋਣ ਲਈ ਜਾਣ ਵਾਲੇ ਲੋਕਾਂ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਰਸਤੇ ’ਚ ਰੋਕਣ ਲਈ ਪੁਲਿਸ ਵੱਲੋਂ ਚੈਕਿੰਗ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਕਾਰਵਾਈ ਨੂੰ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਅਤੇ ਆਵਾਜਾਈ ਦੀ ਸੁਰੱਖਿਆ ਦੇ ਮੱਦੇ ਨਜ਼ਰ ਕੀਤੀ ਜਾ ਰਹੀ ਆਮ ਚੈਕਿੰਗ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਵਿਖੇ ਚੱਲ ਰਹੇ ਮੋਰਚੇ ਨੂੰ ਲੀਡਰਸ਼ਿਪ ਤੋਂ ਵਾਂਝਾ ਕਰਕੇ ਖਿੰਡਾਉਣ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕੀਤੀ ਗਈ। ਕਈ ਵਿਅਕਤੀਆਂ ਨੂੰ ਪੁਲਿਸ ਹਿਰਾਸਤ ’ਚ ਲਏ ਜਾਣ ਦੀ ਵੀ ਚਰਚਾ ਰਹੀ। ਪਰ ਦੇਰ ਸ਼ਾਮ ਜਦੋਂ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਮੋਰਚੇ ’ਚ ਸਰਗਰਮੀ ਨਾਲ ਕੁੱਦਣ ਦਾ ਐਲਾਨ ਕੀਤਾ ਗਿਆ ਤਾਂ ਪੁਲਿਸ ਦੇ ਰਵੱਈਏ ਵਿਚ ਨਰਮੀ ਆਉਣ ਦੀ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਪੁਲਿਸ ਹਿਰਾਸਤ ਵਿੱਚੋਂ ਬਾਹਰ ਆਏ ਕੁਝ ਵਿਅਕਤੀ ਮੁੜ ਮਾਨਸਾ ਮੋਰਚੇ ’ਚ ਡਟ ਗਏ। ਪਰਵਿੰਦਰ ਸਿੰਘ ਝੋਟਾ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਅਤੇ ਉਸ ਦੀ ਮੌਤ ਤੋਂ ਬਾਅਦ ਇਨਸਾਫ਼ ਦੀ ਮੰਗ ਨੂੰ ਲੈ ਕੇ ਇਹ ਮੋਰਚਾ ਲਗਾਤਾਰ ਚਰਚਾ ’ਚ ਹੈ। ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਵੱਲੋਂ ਸਰਕਾਰ ਤੋਂ ਕਤਲ ਮਾਮਲੇ ’ਚ ਇਨਸਾਫ ਦੇ ਨਾਲ ਮਾਨਸਾ ਐਕਸ਼ਨ ਕਮੇਟੀ ਦੀਆਂ ਬਾਕੀ ਮੰਗਾਂ ਮੰਨਣ ਤਕ ਪ੍ਰਦਰਸ਼ਨ ਜਾਰੀ ਰੱਖਣ ਦੀ ਗੱਲ ਕਹੀ ਜਾ ਰਹੀ ਹੈ। ਇਸੇ ਦੌਰਾਨ ਹਰੀਕੇ ਅਤੇ ਆਸ-ਪਾਸ ਦੇ ਇਲਾਕਿਆਂ ’ਚ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਖ਼ਾਸ ਤੌਰ ’ਤੇ ਕੌਮੀ ਮਾਰਗ-54 ’ਤੇ ਆਉਣ-ਜਾਣ ਵਾਲੇ ਵਾਹਨਾਂ ’ਤੇ ਪੁਲਿਸ ਦੀ ਨਜ਼ਰ ਰਹੀ। ਮਾਨਸਾ ਵੱਲ ਜਾਣ ਵਾਲੇ ਵਾਹਨਾਂ ਨੂੰ ਵੀ ਰੋਕ ਕੇ ਪੁੱਛਗਿੱਛ ਤੇ ਚੈਕਿੰਗ ਕੀਤੀ ਗਈ। ਨਾਕਾ ਟੀਮਾਂ ਦੀ ਦੇਖ ਰੇਖ ਕਰ ਰਹੇ ਡੀਐੱਸਪੀ ਜਸਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਹ ਚੈਕਿੰਗ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਦੇ ਮੱਦੇ ਨਜ਼ਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਕਿਆਂ ’ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।