ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਿੱਤਰਿਆ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਿੱਤਰਿਆ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ
Publish Date: Tue, 27 Oct 2026 07:23 PM (IST)
Updated Date: Wed, 28 Oct 2026 04:07 AM (IST)
ਸਮੂਹ ਐੱਸਡੀਐੱਮ ਨੇ ਟੀਮਾਂ ਸਮੇਤ ਵੱਖ-ਵੱਖ ਪਿੰਡਾਂ ’ਚ ਕੀਤੀ ਪੈਟਰੋਲਿੰਗ ਮੌਕੇ ’ਤੇ ਪਹੁੰਚ ਕੇ ਬੁਝਾਈ ਅੱਗ ਤੇ ਕਿਸਾਨਾਂ ਨੂੰ ਸੁਚੱਜੇ ਪ੍ਰਬੰਧਨ ਲਈ ਕੀਤਾ ਪ੍ਰੇਰਿਤ ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਰਾਹੁਲ ਦੀਆਂ ਹਦਾਇਤਾਂ ਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਫੀਲਡ ’ਚ ਨਿੱਤਰਿਆ ਹੋਇਆ ਹੈ। ਉਪ ਮੰਡਲ ਮੈਜਿਸਟ੍ਰੇਟ ਤਰਨਤਾਰਨ ਡਾ. ਕਰਨਵੀਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਖਡੂਰ ਸਾਹਿਬ ਸੰਜੀਵ ਸ਼ਰਮਾ, ਉਪ ਮੰਡਲ ਮੈਜਿਸਟ੍ਰੇਟ ਪੱਟੀ ਅਮਨਦੀਪ ਅਤੇ ਉਪ ਮੰਡਲ ਮੈਜਿਸਟ੍ਰੇਟ ਭਿੱਖੀਵਿੰਡ ਜਗਦੀਪ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਦੀ ਪੈਟਰੋਲਿੰਗ ਕੀਤੀ ਗਈ। ਇਸ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਾਰਵਾਈ ਕੀਤੀ ਗਈ ਅਤੇ ਮੌਕੇ ’ਤੇ ਲੱਗੀ ਅੱਗ ਨੂੰ ਬੁਝਾਇਆ ਗਿਆ। ਇਸ ਦੌਰਾਨ ਟੀਮਾਂ ਵੱਲੋਂ ਤੂਤ, ਗਜ਼ਲ, ਨਦੋਹਰ, ਪੱਟੀ, ਪਨਗੋਟਾ, ਰੱਤਾ ਗੁੱਦਾ, ਹਰੀਕੇ, ਭੰਗਾਲਾ, ਰਾਧਲਕੇ, ਰਸੂਲਪੁਰ, ਵਲਟੋਹਾ, ਮੁੱਠੀਆਂਵਾਲਾ ਕੋਟ ਦਾਤਾ ਝਿੰਗੜੀ, ਨਬੀਪੁਰ, ਮਹਿਦੀਪੁਰ, ਸੁਰ ਸਿੰਘ, ਡੱਲ, ਉਸਮਾ, ਨੌਸ਼ਹਿਰਾ ਪੰਨੂਆਂ, ਠੱਠੀਆਂ ਮਹੰਤਾਂ, ਚੋਹਲਾ ਸਾਹਿਬ, ਰੱਤੋਕੇ, ਮਾਛੀਕੇ, ਭੂਰਾ, ਕਰੀਮਪੁਰਾ ਆਦਿ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਦੇ ਨਾਲ-ਨਾਲ ਸਖ਼ਤੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸੰਭਾਲ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਇਸ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਮਿੱਟੀ ’ਚ ਮੌਜੂਦ ਮਿੱਤਰ ਕੀੜੇ ਤੇ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ। ਇਸ ਨਾਲ ਮਿੱਟੀ ਦੀ ਸਿਹਤ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਖੇਤਾਂ ’ਚ ਹੀ ਪ੍ਰਬੰਧਨ ਕਰਨ ਜਾਂ ਬੇਲਰ ਵਰਗੀ ਖੇਤੀ ਮਸ਼ੀਨਰੀ ਰਾਹੀਂ ਗੰਢਾਂ ਬਣਵਾ ਕੇ ਇਸ ਦੀ ਸੁਚੱਜੀ ਵਰਤੋਂ ਕਰਨ।