ਲੋਕਤੰਤਰ ਨਾਲ ਖਿਲਵਾੜ ਨਹੀਂ ਕੀਤਾ ਜਾਵੇਗਾ ਬਰਦਾਸ਼ਤ : ਭੁੱਲਰ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਮਕਸਦ ਹਰ ਯੋਗ ਨਾਗਰਿਕ ਦੀ ਵੋਟ ਦੀ ਰੱਖਿਆ ਕਰਨਾ - ਰਾਜਬੀਰ ਭੁੱਲਰ
Publish Date: Tue, 27 Oct 2026 07:20 PM (IST)
Updated Date: Wed, 28 Oct 2026 04:07 AM (IST)
ਕਿਹਾ- ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਮਕਸਦ ਹਰ ਯੋਗ ਨਾਗਰਿਕ ਦੀ ਵੋਟ ਦੀ ਰੱਖਿਆ ਕਰਨਾ ਵੋਟਰ ਸੂਚੀਆਂ ਦੀ ਪਾਰਦਰਸ਼ਤਾ, ਐੱਸਆਈਆਰ ਅਭਿਆਨ ਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਉਠਾਏ ਸਵਾਲ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਲੋਕਤੰਤਰ ਦੀ ਮਜ਼ਬੂਤੀ ਲਈ ਹਰ ਯੋਗ ਨਾਗਰਿਕ ਦੀ ਵੋਟ ਸੁਰੱਖਿਅਤ ਹੋਣੀ ਅਤੇ ਚੋਣ ਪ੍ਰਕਿਰਿਆ ਦਾ ਪਾਰਦਰਸ਼ੀ ਤੇ ਨਿਰਪੱਖ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਲੋਕਤੰਤਰਿਕ ਦੇਸ਼ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ‘ਵੋਟ ਚੋਰੀ’ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਭਵਨ ਤਰਨਤਾਰਨ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦੇਸ਼ ਭਰ ’ਚ ਆਰੰਭੀ ਗਈ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਮਕਸਦ ਹਰ ਯੋਗ ਨਾਗਰਿਕ ਦੀ ਵੋਟ ਦੀ ਰੱਖਿਆ ਕਰਨਾ ਅਤੇ ਲੋਕਤੰਤਰ ਤੇ ਚੋਣ ਪ੍ਰਣਾਲੀ ਵਿਚ ਲੋਕਾਂ ਦਾ ਭਰੋਸਾ ਮਜ਼ਬੂਤ ਕਰਨਾ ਹੈ। ਇਸ ਤਹਿਤ ਲੋਕਾਂ ਨੂੰ ਵੋਟਰ ਸੂਚੀਆਂ ’ਚ ਕਥਿਤ ਬੇਨਿਯਮੀਆਂ, ਵਿਸ਼ੇਸ਼ ਗਹਿਰੀ ਸਮੀਖਿਆ ਐੱਸਆਈਆਰ ਅਭਿਆਨ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਈਵੀਐੱਮ ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਬਚਾਅ ਕਰਨਾ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਹੈ ਤਾਂ ਮੋਦੀ ਸਰਕਾਰ ਵੋਟਰ ਸੂਚੀਆਂ ’ਚ ਕਥਿਤ ਬੇਨਿਯਮੀਆਂ ਦੀ ਸੁਤੰਤਰ ਜਾਂਚ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਨੂੰ ਚੋਣ ਪ੍ਰਣਾਲੀ ’ਚ ਕਥਿਤ ਬੇਨਿਯਮੀਆਂ ਤੋਂ ਸਿਆਸੀ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਨਾਲ ਸਬੰਧਿਤ ਬੇਨਿਯਮੀਆਂ ਦਾ ਮਾਮਲਾ ਸਿਰਫ਼ ਮੌਜੂਦਾ ਐੱਸਆਈਆਰ ਅਭਿਆਨ ਤਕ ਸੀਮਤ ਨਹੀਂ ਹੈ। ਸਗੋਂ ਪਾਰਟੀ ਵੱਲੋਂ ਲੰਮੇ ਸਮੇਂ ਤੋਂ ਵੋਟਰ ਸੂਚੀਆਂ ’ਚ ਨਾਮ ਜੋੜਨ ਅਤੇ ਕੱਟਣ ਦੀ ਪ੍ਰਕਿਰਿਆ, ਡੁਪਲੀਕੇਟ ਰਜਿਸਟ੍ਰੇਸ਼ਨਾਂ, ਚੋਣਾਂ ਨਾਲ ਸਬੰਧਿਤ ਅੰਕੜਿਆਂ ਦੀ ਪਾਰਦਰਸ਼ਤਾ ਅਤੇ ਈਵੀਐੱਮ ਤੇ ਵੀਵੀਪੈਟ ਪ੍ਰਣਾਲੀ ਦੇ ਕੰਮਕਾਜ ਬਾਰੇ ਸਵਾਲ ਉਠਾਏ ਜਾਂਦੇ ਰਹੇ ਹਨ। ਇਨ੍ਹਾਂ ਸਵਾਲਾਂ ਦਾ ਤੱਥਾਂ ਦੇ ਆਧਾਰ ’ਤੇ ਜਵਾਬ ਮਿਲਣਾ ਚਾਹੀਦਾ ਹੈ, ਤਾਂ ਜੋ ਲੋਕਾਂ ਦਾ ਚੋਣ ਪ੍ਰਣਾਲੀ ’ਚ ਭਰੋਸਾ ਕਾਇਮ ਰਹੇ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਵੋਟ ਸਿਰਫ਼ ਚੋਣ ਨਿਸ਼ਾਨ ’ਤੇ ਮੋਹਰ ਲਗਾਉਣ ਦਾ ਸਾਧਨ ਨਹੀਂ, ਸਗੋਂ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ। ਇਸ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਕੋਈ ਵੀ ਯੋਗ ਵੋਟਰ ਆਪਣੇ ਅਧਿਕਾਰ ਤੋਂ ਵਾਂਝਾ ਨਾ ਰਹੇ ਅਤੇ ਵੋਟਰ ਸੂਚੀਆਂ ’ਚ ਦਰਜ ਵੇਰਵੇ ਸਹੀ ਹੋਣ। ਭੁੱਲਰ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਕਾਰਗੁਜ਼ਾਰੀ ਅਤੇ ਫ਼ੈਸਲਿਆਂ ਕਾਰਨ ਚੋਣ ਕਮਿਸ਼ਨ ਦੀ ਸੁਤੰਤਰਤਾ ਤੇ ਨਿਰਪੱਖਤਾ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ, ਐੱਸਆਈਆਰ ਅਭਿਆਨ ਨੂੰ ਮੁਅੱਤਲ ਕਰਨ, ਕਥਿਤ ਤੌਰ ’ਤੇ ਵੋਟਰ ਸੂਚੀਆਂ ਵਿਚੋਂ ਹਟਾਏ ਗਏ 13.3 ਕਰੋੜ ਨਾਵਾਂ ਦੀ ਬਹਾਲੀ ਅਤੇ ਚੋਣਾਂ ਨਾਲ ਸਬੰਧਿਤ ਗੰਭੀਰ ਬੇਨਿਯਮੀਆਂ ਦੀ ਸੁਤੰਤਰ ਤੇ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਅਜਿਹੀ ਸੰਵਿਧਾਨਕ ਸੰਸਥਾ ਹੋਣੀ ਚਾਹੀਦੀ ਹੈ, ਜੋ ਕਿਸੇ ਵੀ ਸੱਤਾਧਾਰੀ ਪਾਰਟੀ ਦੇ ਪ੍ਰਭਾਵ ਤੋਂ ਮੁਕਤ ਰਹਿ ਕੇ ਕੰਮ ਕਰੇ ਅਤੇ ਸਾਰੇ ਸਿਆਸੀ ਦਲਾਂ ’ਚ ਭਰੋਸਾ ਪੈਦਾ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਸਿੰਘ ਬਲਾਕ ਪ੍ਰਧਾਨ ਤਰਨਤਾਰਨ, ਨੌਨਿਹਾਲ ਸਿੰਘ ਬਲਾਕ ਪ੍ਰਧਾਨ ਗੰਡੀਵਿੰਡ, ਵਿਜੇ ਸ਼ਰਮਾ ਸ਼ਹਿਰੀ ਪ੍ਰਧਾਨ ਪੱਟੀ, ਦਲਬੀਰ ਸਿੰਘ ਸੇਖੋਂ ਸ਼ਹਿਰੀ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਸੰਧੂ ਪੱਟੀ, ਗੁਰਪਾਲ ਸਿੰਘ ਮੀਤ ਪ੍ਰਧਾਨ, ਸਿਮਰਜੀਤ ਸਿੰਘ ਲੱਕੀ ਭੁੱਲਰ, ਭੋਲਾ ਜੋਹਲ, ਪਰਗਟ ਸਿੰਘ, ਸੁਖਜੀਤ ਸਿੰਘ, ਨਵਰੂਪ ਸਿੰਘ ਡਾਲੇਕੇ, ਹੀਰਾ ਸਿੰਘ ਮੱਲ੍ਹੀ, ਅੰਗਰੇਜ਼ ਸਿੰਘ ਖੱਬੇ ਏਬੀਟੀਸੀ ਟਰਾਂਸਪੋਰਟ ਵਾਲੇ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਹੈਪੀ ਸਰਪੰਚ ਬਾਲੇਚੱਕ, ਯਸ਼ ਸ਼ਰਮਾ, ਸੁਖਵਿੰਦਰ ਸਿੰਘ ਸੰਗਵਾਂ, ਭੁਪਿੰਦਰ ਸਿੰਘ ਕੰਗ ਸਰਪੰਚ ਗੋਹਲਵੜ, ਸਾਬ ਸਿੰਘ ਮੁਰਾਦਪੁਰਾ, ਗੌਰਵ ਵਰਮਾ, ਡਾ. ਪ੍ਰਦੀਪ ਕੁਮਾਰ ਲਿਟਲ, ਤਰਸੇਮ ਕੁਮਾਰ, ਸੁਖਜੀਤ ਸਿੰਘ ਕਸੇਲ, ਸੁਖਜੀਤ ਸਿੰਘ, ਦਿਲਬਾਗ ਸਿੰਘ ਜੋਹਲ, ਰੋਬਿਨ, ਰਣਬੀਰ ਸਿੰਘ ਆਦਿ ਹਾਜ਼ਰ ਸਨ।