ਪੱਟੀ ’ਚ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਤੇਜ਼ : ਬ੍ਰਹਮਪੁਰਾ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਪਿੰਡ ਸਭਰਾ ’ਚ ਯੂਥ ਮੀਟਿੰਗ
Publish Date: Tue, 27 Oct 2026 06:25 PM (IST)
Updated Date: Wed, 28 Oct 2026 04:05 AM (IST)
ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਪਿੰਡ ਸਭਰਾ ’ਚ ਯੂਥ ਮੀਟਿੰਗ ਮਿਸ਼ਨ 2027 ਸਬੰਧੀ ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ, ਘਰਿਆਲਾ : ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਹਲਕਾ ਪੱਟੀ ਦੇ ਪਿੰਡ ਸਭਰਾ ਵਿਖੇ ਮੈਂਬਰ ਪੰਚਾਇਤ ਲਵਪ੍ਰੀਤ ਸਿੰਘ ਦੇ ਸਹਿਯੋਗ ਨਾਲ ਉਨ੍ਹਾਂ ਦੇ ਘਰ ਨੌਜਵਾਨਾਂ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੀਆਂ ਜਥੇਬੰਦਕ ਸਰਗਰਮੀਆਂ ਨੂੰ ਮਜ਼ਬੂਤ ਕਰਨ, ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪਾਰਟੀ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਭਲਾਈ ਦੇ ਕਾਰਜਾਂ ਨਾਲ ਜੋੜਨ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਸਮਾਜ ਅਤੇ ਦੇਸ਼ ਦਾ ਅਹਿਮ ਸਰਮਾਇਆ ਹੁੰਦੇ ਹਨ। ਉਨ੍ਹਾਂ ਦੀ ਊਰਜਾ, ਸੋਚ ਅਤੇ ਮਿਹਨਤ ਨਾਲ ਸਮਾਜ ’ਚ ਸਕਾਰਾਤਮਕ ਤਬਦੀਲੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਿਸ਼ਨ 2027 ਨੂੰ ਧਿਆਨ ’ਚ ਰੱਖਦਿਆਂ ਹਲਕਾ ਪੱਟੀ ਦੇ ਪਿੰਡਾਂ ’ਚ ਨੌਜਵਾਨਾਂ ਨਾਲ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਨਾਲ ਜੋੜਿਆ ਜਾ ਸਕੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇ। ਬ੍ਰਹਮਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਪਾਰਟੀ ਦੀ ਰਾਜਨੀਤਿਕ ਦਿਸ਼ਾ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਵਰਕਰਾਂ ਅਤੇ ਨੌਜਵਾਨਾਂ ਦੀ ਇਕਜੁੱਟਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਜੁੜੇ ਰਹਿਣ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਅਤੇ ਲੋਕ-ਭਲਾਈ ਦੇ ਕੰਮਾਂ ’ਚ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਅੱਗੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਜਥੇਬੰਦਕ ਤਿਆਰੀਆਂ ਕਰਨਾ ਸਮੇਂ ਦੀ ਲੋੜ ਹੈ। ਪਿੰਡ ਪੱਧਰ ’ਤੇ ਮੀਟਿੰਗਾਂ ਰਾਹੀਂ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨਾ, ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਦੇਣਾ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕਰਨਾ ਇਸ ਮੁਹਿੰਮ ਦੇ ਅਹਿਮ ਹਿੱਸੇ ਹਨ। ਹਲਕਾ ਪੱਟੀ ’ਚ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਵਰਕਰਾਂ ਨੂੰ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਨੌਜਵਾਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਲਾਕੇ ਦੀਆਂ ਸਮੱਸਿਆਵਾਂ ਤੇ ਵਿਕਾਸ ਨਾਲ ਸਬੰਧਿਤ ਮੁੱਦਿਆਂ ਬਾਰੇ ਚਰਚਾ ਕੀਤੀ। ਮੀਟਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ’ਚ ਵਧੇਰੇ ਸਰਗਰਮ ਕਰਨਾ ਅਤੇ ਮਿਸ਼ਨ 2027 ਲਈ ਜ਼ਮੀਨੀ ਪੱਧਰ ’ਤੇ ਪਾਰਟੀ ਦੀਆਂ ਤਿਆਰੀਆਂ ਨੂੰ ਅੱਗੇ ਵਧਾਉਣਾ ਰਿਹਾ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਲੋਕਾਂ ਦਾ ਭਰੋਸਾ ਜਿੱਤਣ ਲਈ ਲਗਾਤਾਰ ਲੋਕਾਂ ’ਚ ਰਹਿਣਾ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਤਰਜੀਹ ਦੇਣਾ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਹਲਕਾ ਪੱਟੀ ਅਤੇ ਪੰਜਾਬ ਦੀ ਬਿਹਤਰੀ ਲਈ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਗੁਰਪਰਿੰਦਰ ਸਿੰਘ ਉੱਪਲ, ਸਰਪੰਚ ਖਦੇਵ ਸਿੰਘ ਜੌੜਾ, ਪਰਮਿੰਦਰ ਸਿੰਘ ਕੈਰੋਂ ਬਲਾਕ ਸੰਮਤੀ ਮੈਂਬਰ, ਜਤਿੰਦਰ ਸਿੰਘ ਕੈਰੋਂ, ਪਰਗਟ ਸਿੰਘ ਜਵੰਦਾ ਚੇਅਰਮੈਨ, ਕਿਸਾਨ ਵਿੰਗ ਪੱਟੀ ਦੇ ਬਲਾਕ ਪ੍ਰਧਾਨ ਰਜਵੰਤ ਸਿੰਘ, ਹਰਪਾਲ ਸਿੰਘ ਕੈਰੋਂ, ਸਰਜਬੀਤ ਸਿੰਘ ਪੱਟੀ, ਪਾਰਟੀ ਦੇ ਪੁਰਾਣੇ ਸਾਥੀ ਲਵਪ੍ਰੀਤ ਸਿੰਘ ਮੈਂਬਰ ਪੰਚਾਇਤ ਸਭਰਾ, ਚੈਅਰਮੇਨ ਟਰੇਡ ਕਮਿਸ਼ਨ ਰਮਨ ਸਹਿਗਲ ਮੈਂਬਰ ਪੰਚਾਇਤ, ਬਲਜੀਤ ਸਿੰਘ ਫੌਜੀ ਪ੍ਰਧਾਨ, ਯੂਥ ਕਲੱਬ ਸਭਰਾ ਰਣਜੀਤ ਸਿੰਘ ਰਾਣਾ ਅਤੇ ਹੋਰ ਸ਼ਾਮਿਲ ਸਨ।