ਫਤਿਆਬਾਦ ਦੇ ਸ਼ਮਸ਼ਾਨਘਾਟ ਨੇੜੇ ਮਰੇ ਪਸ਼ੂ ਸੁੱਟਣ ਕਾਰਨ ਲੋਕ ਪਰੇਸ਼ਾਨ ਫਤਿਆਬਾਦ ਦੇ ਸ਼ਮਸ਼ਾਨਘਾਟ ਨੇੜੇ ਮਰੇ ਪਸ਼ੂ ਸੁੱਟਣ ਕਾਰਨ ਲੋਕ ਪ੍ਰੇਸ਼ਾਨ
Publish Date: Tue, 27 Oct 2026 05:49 PM (IST)
Updated Date: Wed, 28 Oct 2026 04:04 AM (IST)
ਬਦਬੂ ਤੇ ਗੰਦਗੀ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਖੁੰਖਾਰ ਕੁੱਤਿਆਂ ਤੋਂ ਰਾਹਗੀਰਾਂ ਤੇ ਸਕੂਲੀ ਬੱਚਿਆਂ ਨੂੰ ਖ਼ਤਰਾ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਕਸਬਾ ਫਤਿਆਬਾਦ ਦੇ ਸ਼ਮਸ਼ਾਨਘਾਟ ਨੇੜੇ ਮਰੇ ਪਸ਼ੂ ਸੁੱਟੇ ਜਾਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹਨ। ਮਰੇ ਪਸ਼ੂਆਂ ਤੋਂ ਉੱਠ ਰਹੀ ਬਦਬੂ ਅਤੇ ਫੈਲ ਰਹੀ ਗੰਦਗੀ ਕਾਰਨ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਖਦਸ਼ਾ ਸਤਾ ਰਿਹਾ ਹੈ। ਮਰੇ ਪਸ਼ੂਆਂ ਦੇ ਆਲੇ-ਦੁਆਲੇ ਘੁੰਮਦੇ ਖੁੰਖਾਰ ਕੁੱਤੇ ਸ਼ਮਸ਼ਾਨਘਾਟ ਪਹੁੰਚਣ ਵਾਲਿਆਂ ਦੇ ਨਾਲ ਨਾਲ ਰਾਹਗੀਰਾਂ ਅਤੇ ਨਾਮਵਰ ਸਕੂਲ ਨੂੰ ਰਸਤਾ ਜਾਂਦਾ ਹੋਣ ਕਾਰਨ ਸਕੂਲੀ ਵਿਦਿਆਰਥੀਆਂ ਲਈ ਖ਼ਤਰਾ ਬਣੇ ਹੋਏ ਹਨ। ਇਸ ਸਬੰਧੀ ਸ਼ਮਸ਼ਾਨਘਾਟ ਕਮੇਟੀ ਖੇਲਾ ਰੋਡ ਦੇ ਪ੍ਰਬੰਧਕ ਆਗੂਆਂ ਜਗਜੀਤ ਸਿੰਘ, ਜਸਬੀਰ ਸਿੰਘ ਸਾਬੀ ਮੈਂਬਰ, ਠਾਣੇਦਾਰ ਦਲਬੀਰ ਸਿੰਘ, ਨੰਬਰਦਾਰ ਸੰਤੋਖ ਸਿੰਘ, ਸਰਬਜੀਤ ਸਿੰਘ ਬੱਬ, ਇੰਸਪੈਕਟਰ ਸਤਨਾਮ ਸਿੰਘ ਆਦਿ ਤੋਂ ਇਲਾਵਾ ਬਾਬਾ ਲੱਭਾ, ਅਕਾਸ਼ਦੀਪ, ਰੋਬਿਨ ਸਿੰਘ, ਲਵ ਸਿੰਘ, ਰਾਹਗੀਰਾਂ ਨੇ ਦੋਸ਼ ਲਗਾਇਆ ਕਿ ਸੜਕ ਅਤੇ ਅਬਾਦੀ ਨੇੜੇ ਮਰੇ ਪਸ਼ੂ ਸੁੱਟੇ ਜਾਣ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਰਿਹਾ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਦੂਸਰੇ ਪਿੰਡਾਂ ਤੋਂ ਵੀ ਮਰੇ ਪਸ਼ੂ ਲਿਆ ਕੇ ਇਥੇ ਸੁੱਟੇ ਜਾ ਰਹੇ ਹਨ, ਜਿਸ ਕਾਰਨ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਕਮੇਟੀ ਮੈਂਬਰਾਂ ਅਤੇ ਆਗੂਆਂ ਦਾ ਕਹਿਣਾ ਹੈ ਕਿ ਮਰੇ ਪਸ਼ੂਆਂ ਕਾਰਨ ਇਕੱਠੇ ਹੋਣ ਵਾਲੇ ਕੁੱਤਿਆਂ ਤੋਂ ਰਾਹਗੀਰਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਸ਼ਮਸ਼ਾਨਘਾਟ ਨੇੜੇ ਹੱਡਾਰੋੜੀ ਵਰਗੀ ਸਥਿਤੀ ਬਣਨ ਕਾਰਨ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਮਸ਼ਾਨਘਾਟ ਨੇੜੇ ਮਰੇ ਪਸ਼ੂ ਸੁੱਟਣ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਮਰੇ ਪਸ਼ੂਆਂ ਦੇ ਨਿਪਟਾਰੇ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਦੂਜੇ ਪਿੰਡਾਂ ਤੋਂ ਪਸ਼ੂ ਲਿਆ ਕੇ ਸੁੱਟਣ ਵਾਲਿਆਂ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਲਾਕੇ ਦੀ ਸਫ਼ਾਈ ਕਰਵਾਉਣ ਦੇ ਨਾਲ-ਨਾਲ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ, ਤਾਂ ਜੋ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਸਬੰਧੀ ਪਿੰਡ ਫਤਿਆਬਾਦ ਦੇ ਸਰਪੰਚ ਡਾ. ਜਗਵਿੰਦਰ ਸਿੰਘ ਨੇ ਕਿਹਾ ਕਿ ਸ਼ਮਸ਼ਾਨਘਾਟ ਨੇੜੇ ਰਸਤੇ ਲਾਗੇ ਮਰੇ ਪਸ਼ੂਆ ਦਾ ਸੁੱਟਿਆ ਜਾਣਾ ਨਿੰਦਣਯੋਗ ਹੈ। ਜਿਸ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ’ਤੇ ਗੰਦਗੀ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਚੇਤਾਵਨੀ ਬੋਰਡ ਵੀ ਲਗਵਾਇਆ ਜਾਵੇਗਾ, ਤਾਂ ਕਿ ਲੋਕ ਇਸ ਜਗ੍ਹਾ ਗੰਦਗੀ ਨਾ ਫੈਲਾਉਣ।