ਜਨਤਾ ’ਚ ਸੁਰੱਖਿਆ ਦੀ ਭਾਵਨਾ ਲਈ ਬਣਾਏ 32 ਨਾਕਾ ਪੁਆਇੰਟ ਜਨਤਾ ’ਚ ਸੁਰੱਖਿਆ ਦੀ ਭਾਵਨਾ ਲਈ ਬਣਾਏ 32 ਨਾਕਾ ਪੁਆਇੰਟ
Publish Date: Tue, 27 Oct 2026 05:19 PM (IST)
Updated Date: Wed, 28 Oct 2026 04:04 AM (IST)
ਨਸ਼ਾ ਤਸਕਰਾਂ ਤੇ ਅਪਰਾਧੀ ਨੁਮਾ ਲੋਕਾਂ ’ਤੇ ਰਹੇਗੀ ਬਾਜ਼ ਅੱਖ : ਐੱਸਐੱਸਪੀ ਲਾਂਬਾ ਜ਼ਿਲ੍ਹੇ ਅੰਦਰ ਹਰ ਰੋਜ਼ ਬਦਲਵੇਂ ਨਾਕਾ ਪੁਆਇੰਟ ਹੋਣਗੇ ਲਾਗੂ ਜਸਪਾਲ ਸਿੰਘ ਜੱਸੀ/ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ, ਤਰਨਤਾਰਨ/ਹਰੀਕੇ ਪੱਤਣ : ਜ਼ਿਲ੍ਹਾ ਤਰਨਤਾਰਨ ’ਚ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਕਰਨ ਅਤੇ ਆਮ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪੁਲਿਸ ਵੱਲੋਂ 32 ਨਵੇਂ ਨਾਕਾ ਪੁਆਇੰਟ ਬਣਾਏ ਗਏ ਹਨ। ਇਨ੍ਹਾਂ ਨਾਕਿਆਂ ਨੂੰ ਹਰ ਰੋਜ਼ ਬਦਲਵੇਂ ਤੌਰ ’ਤੇ ਵੱਖ-ਵੱਖ ਥਾਵਾਂ ’ਤੇ ਲਾਗੂ ਕੀਤਾ ਜਾਵੇਗਾ। ਪੁਲਿਸ ਦਾ ਦਾਅਵਾ ਹੈ ਕਿ ਇਸ ਵਿਵਸਥਾ ਦਾ ਮੁੱਖ ਮਕਸਦ ਅਪਰਾਧੀ ਨੁਮਾ ਵਿਅਕਤੀਆਂ ਅਤੇ ਕਥਿਤ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ’ਤੇ ਨਿਗਰਾਨੀ ਵਧਾਉਣ ਦੇ ਨਾਲ-ਨਾਲ ਨਸ਼ਿਆਂ ਅਤੇ ਹੋਰ ਅਪਰਾਧਾਂ ਨੂੰ ਰੋਕਣਾ ਹੈ। ਜ਼ਿਲ੍ਹਾ ਪੁਲਿਸ ਵੱਲੋਂ ਤਿਆਰ ਕੀਤੀ ਇਸ ਨਵੀਂ ਰਣਨੀਤੀ ਤਹਿਤ 32 ਨਾਕਾ ਪੁਆਇੰਟ ਨਿਰਧਾਰਿਤ ਕੀਤੇ ਗਏ ਹਨ। ਇਨ੍ਹਾਂ ਨਾਕਿਆਂ ’ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਲਈ ਜ਼ਿਲ੍ਹੇ ਦੇ ਗਜ਼ਟਿਡ ਅਫਸਰਾਂ, ਥਾਣਾ ਮੁਖੀਆਂ ਅਤੇ ਪੁਲਿਸ ਚੌਕੀਆਂ ਦੇ ਇੰਚਾਰਜਾਂ ਦੀਆਂ ਡਿਊਟੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪੁਲਿਸ ਮੁਖੀ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਾਕਿਆਂ ਦੀ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਵਾਹਨਾਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਸ਼ੱਕੀ ਵਿਅਕਤੀਆਂ ਅਤੇ ਗਤੀਵਿਧੀਆਂ ’ਤੇ ਵੀ ਨਿਗਰਾਨੀ ਰੱਖਣਗੇ। ਉਨ੍ਹਾਂ ਦੱਸਿਆ ਕਿ ਇਹ ਨਾਕੇ ਦੇਰ ਰਾਤ ਤਕ ਜਾਰੀ ਰਹਿਣਗੇ ਅਤੇ ਅਗਲੇ ਦਿਨ ਨਾਕਿਆਂ ਦੀਆਂ ਥਾਵਾਂ ’ਚ ਤਬਦੀਲੀ ਕੀਤੀ ਜਾਵੇਗੀ। ਇਸ ਤਰ੍ਹਾਂ ਨਾਕਾਬੰਦੀ ਨੂੰ ਇੱਕੋ ਥਾਂ ਤਕ ਸੀਮਤ ਰੱਖਣ ਦੀ ਬਜਾਏ ਜ਼ਿਲ੍ਹੇ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਤਕ ਲਿਜਾਇਆ ਜਾਵੇਗਾ। ਐੱਸਐੱਸਪੀ ਲਾਂਬਾ ਨੇ ਕਿਹਾ ਕਿ ਨਵੀਂ ਵਿਵਸਥਾ ਦਾ ਮੁੱਖ ਉਦੇਸ਼ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਅਪਰਾਧੀ ਨੁਮਾ ਵਿਅਕਤੀਆਂ ’ਤੇ ਪੁਲਿਸ ਦੀ ਬਾਜ਼ ਅੱਖ ਰਹੇਗੀ। ਪੁਲਿਸ ਵੱਲੋਂ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਨ ਲਈ ਵੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਬਾਕਸ- ਡਰੱਗ ਹੌਟਸਪੌਟ ’ਤੇ ਵੱਖਰੀਆਂ ਟੀਮਾਂ ਦੀ ਨਿਗਰਾਨੀ ਐੱਸਐੱਸਪੀ ਨੇ ਦੱਸਿਆ ਕਿ ਨਾਕਾਬੰਦੀ ਦੇ ਨਾਲ-ਨਾਲ ਜ਼ਿਲ੍ਹੇ ਦੇ ਡਰੱਗ ਹੌਟਸਪੌਟ ਮੰਨੇ ਜਾਂਦੇ ਇਲਾਕਿਆਂ ’ਚ ਵਿਸ਼ੇਸ਼ ਤੌਰ ’ਤੇ ਕੰਮ ਕਰਨ ਲਈ ਵੱਖਰੀਆਂ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਨਸ਼ਿਆਂ ਦੀ ਸਪਲਾਈ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਦੀ ਜਾਣਕਾਰੀ ਇਕੱਠੀ ਕਰਨ ਦੇ ਨਾਲ-ਨਾਲ ਲੋੜ ਅਨੁਸਾਰ ਸਰਚ ਆਪ੍ਰੇਸ਼ਨ ਵੀ ਕਰਨਗੀਆਂ। ਪੁਲਿਸ ਦਾ ਧਿਆਨ ਸਿਰਫ਼ ਨਸ਼ਾ ਬਰਾਮਦ ਕਰਨ ਤਕ ਸੀਮਤ ਨਾ ਰਹਿ ਕੇ ਸਪਲਾਈ ਲਾਈਨ ਨਾਲ ਜੁੜੀਆਂ ਕੜੀਆਂ ਤਕ ਪਹੁੰਚਣ ’ਤੇ ਵੀ ਰਹੇਗਾ। ਬਾਕਸ ਗੈਂਗਸਟਰਾਂ ’ਤੇ ਵਾਰ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮਾਂ ਵੀ ਜਾਰੀ ਐੱਸਐੱਸਪੀ ਲਾਂਬਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਚਲਾਈਆਂ ਜਾ ਰਹੀਆਂ ‘ਗੈਂਗਸਟਰਾਂ ’ਤੇ ਵਾਰ’ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮਾਂ ਵੀ ਜ਼ਿਲ੍ਹੇ ’ਚ ਬਰਾਬਰ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਦੋਵਾਂ ਮੁਹਿੰਮਾਂ ਤਹਿਤ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੇ ਨਾਲ-ਨਾਲ ਉਨ੍ਹਾਂ ਦੇ ਨੈੱਟਵਰਕ ਅਤੇ ਸਹਿਯੋਗੀਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਬਦਲਵੇਂ ਨਾਕਿਆਂ ਦਾ ਪ੍ਰਬੰਧ ਅਪਰਾਧੀਆਂ ਲਈ ਪੁਲਿਸ ਦੀ ਮੌਜੂਦਗੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਬਣਾਉਣ ਦੇ ਨਾਲ-ਨਾਲ ਆਮ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ। ਪੁਲਿਸ ਵੱਲੋਂ ਲੋਕਾਂ ਨੂੰ ਵੀ ਸ਼ੱਕੀ ਵਿਅਕਤੀਆਂ ਜਾਂ ਨਸ਼ਿਆਂ ਨਾਲ ਸਬੰਧਿਤ ਕਿਸੇ ਗਤੀਵਿਧੀ ਬਾਰੇ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ। ਐੱਸਐੱਸਪੀ ਲਾਂਬਾ ਨੇ ਕਿਹਾ ਕਿ ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।